ਨਾਭਾ ਜੇਲ੍ਹ ਕਾਂਡ : 4 ਸਾਲਾਂ ਬਾਅਦ ਵੀ 'ਅੱਤਵਾਦੀ ਕਸ਼ਮੀਰਾ ਸਿੰਘ' ਗ੍ਰਿਫ਼ਤ ਤੋਂ ਬਾਹਰ, 4 ਖ਼ਤਰਨਾਕ ਗੈਂਗਸਟਰਾਂ ਦੀ ਮੌਤ
Thursday, Dec 17, 2020 - 10:25 AM (IST)
ਨਾਭਾ (ਜੈਨ) : ਸਥਾਨਕ ਮੈਕਸੀਮਮ ਸਕਿਓਰਿਟੀ ਜ਼ਿਲ੍ਹਾ ਜੇਲ੍ਹ 'ਚ 27 ਨਵੰਬਰ, 2016 ਨੂੰ ਫਿਲਮੀ ਸਟਾਈਲ 'ਚ ਦਿਨ-ਦਿਹਾੜੇ ਅੰਨ੍ਹੇਵਾਹ ਫਾਇਰਿੰਗ ਕਰ ਕੇ ਪੁਲਸ ਵਰਦੀਆਂ 'ਚ ਆਏ ਅਨੇਕ ਹਮਲਾਵਰਾਂ ਨੇ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ-ਇਨ-ਚੀਫ ਹਰਮਿੰਦਰ ਸਿੰਘ ਮਿੰਟੂ ਸਮੇਤ 6 ਗੈਂਗਸਟਰਾਂ ਨੂੰ ਜੇਲ੍ਹ 'ਚੋਂ ਆਜ਼ਾਦ ਕਰਵਾਇਆ ਸੀ ਪਰ ਇਸ ਜੇਲ੍ਹ ਬ੍ਰੇਕ ਕਾਂਡ ਦੇ 4 ਸਾਲ ਬਾਅਦ ਵੀ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਗਲਵੱਢੀ ਅਜੇ ਤੱਕ ਪੁਲਸ ਦੀ ਪਕੜ ਤੋਂ ਦੂਰ ਹੈ, ਜੋ ਪੰਜਾਬ ਪੁਲਸ ਤੇ ਖੁਫ਼ੀਆ ਏਜੰਸੀਆਂ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਨਾਲ ਜੁੜੀ ਇਕ ਹੋਰ ਦੁਖ਼ਦ ਖ਼ਬਰ, ਦਿੱਲੀ ਜਾ ਰਹੇ ਮੁੰਡੇ ਦੀ ਸੜਕ ਹਾਦਸੇ ਦੌਰਾਨ ਮੌਤ
ਹਰਮਿੰਦਰ ਸਿੰਘ ਮਿੰਟੂ ਨੂੰ 24 ਘੰਟਿਆਂ 'ਚ ਦਿੱਲੀ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਕੁੱਝ ਸਮੇਂ ਬਾਅਦ ਉਸ ਦੀ ਸੈਂਟਰਲ ਜੇਲ੍ਹ ਪਟਿਆਲਾ 'ਚ ਮੌਤ ਹੋ ਗਈ ਸੀ, ਜਦੋਂ ਕਿ ਫਰਾਰ ਖ਼ਤਰਨਾਕ ਗੈਂਗਸਟਰ ਵਿੱਕੀ ਗੌਂਡਰ ਆਪਣੇ ਸਾਥੀ ਪ੍ਰੇਮਾ ਲਾਹੌਰੀਆ ਸਮੇਤ ਪੁਲਸ ਮੁਕਾਬਲੇ 'ਚ ਮਾਰਿਆ ਗਿਆ ਸੀ। ਇਸ ਜੇਲ੍ਹ ਬ੍ਰੇਕ ਸਾਜ਼ਿਸ਼ 'ਚ ਦੋਸ਼ੀ ਗੈਂਗਸਟਰ ਗੋਪੀ ਘਣਸ਼ਾਮਪੁਰੀਆ ਵੀ ਪੁਲਸ ਦੇ ਕਾਬੂ ਨਹੀਂ ਆਇਆ ਸੀ ਪਰ ਉਸ ਦੀ ਪਿਛਲੇ ਸਾਲ ਯੂ. ਪੀ. 'ਚ ਮੌਤ ਹੋ ਗਈ ਸੀ, ਜਿਸ ਦੀ ਪਰਿਵਾਰਕ ਮੈਂਬਰਾਂ ਅਤੇ ਜੇਲ੍ਹ ਬ੍ਰੇਕ ਜਾਂਚ ਟੀਮ ਦੇ ਸੀਨੀਅਰ ਮੈਂਬਰ ਤੇ ਆਈ. ਪੀ. ਐਸ. ਅਫਸਰ ਗੁਰਮੀਤ ਸਿੰਘ ਚੌਹਾਨ ਨੇ ਪੁਸ਼ਟੀ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ 'ਠੰਡ' ਨੇ ਤੋੜਿਆ 5 ਸਾਲਾਂ ਦਾ ਰਿਕਾਰਡ, ਮੰਗਲਵਾਰ ਰਹੀ ਸੀਜ਼ਨ ਦੀ ਸਭ ਤੋਂ ਠੰਡੀ ਰਾਤ
ਨਾਭਾ ਜੇਲ੍ਹ ਬ੍ਰੇਕ ਕਾਂਡ਼ ਦੇ ਮੁੱਖ ਸਾਜਿਸ਼ਕਰਤਾ ਤੇ ਖ਼ਤਰਨਾਕ ਗੈਂਗਸਟਰ ਰਮਨਜੀਤ ਸਿੰਘ ਉਰਫ ਰੋਮੀ ਨੂੰ 17 ਫਰਵਰੀ, 2018 ਨੂੰ ਹਾਂਗਕਾਂਗ ਪੁਲਸ ਨੇ ਇਕ ਡਕੈਤੀ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਸੀ। ਰੋਮੀ ਖ਼ਿਲਾਫ਼ ਨਾਭਾ ਕੋਤਵਾਲੀ 'ਚ ਮਾਮਲੇ ਦਰਜ ਹਨ ਅਤੇ ਜੇਲ੍ਹ ਤੋਂ ਜਮਾਨਤ ’ਤੇ ਰਿਹਾਈ ਤੋਂ ਬਾਅਦ ਉਹ ਭਗੌੜਾ ਹੋ ਗਿਆ ਸੀ। ਪੰਜਾਬ ਪੁਲਸ ਵਲੋਂ ਹਾਂਗਕਾਂਗ ਤੋਂ ਭਾਰਤ ਲਿਆਉਣ ਲਈ ਯਤਨ ਜਾਰੀ ਹਨ ਪਰ ਗ੍ਰਿਫ਼ਤਾਰੀ ਦੇ ਦੋ ਸਾਲ 10 ਮਹੀਨਿਆਂ ਬਾਅਦ ਵੀ ਰੋਮੀ ਨੂੰ ਹਾਂਗਕਾਂਗ ਤੋਂ ਪੰਜਾਬ ਨਹੀਂ ਲਿਆਂਦਾ ਜਾ ਸਕਿਆ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪੰਜਾਬ 'ਚ ਨਵੇਂ ਸਾਲ ਤੋਂ ਲੱਗੇਗੀ 'ਕੋਰੋਨਾ ਵੈਕਸੀਨ', ਸਿਹਤ ਮੰਤਰੀ ਨੇ ਦਿੱਤੀ ਜਾਣਕਾਰੀ
ਪੁਲਸ ਅਧਿਕਾਰੀ ਚੌਹਾਨ ਅਨੁਸਾਰ ਜੇਲ੍ਹ ਬ੍ਰੇਕ ਸਾਜਿਸ਼ 'ਚ ਸ਼ਾਮਲ ਸੁਖਜੀਤ ਸਿੰਘ ਤੇ ਹੈਰੀ ਚੱਠਾ ਬਾਰੇ ਵੀ ਕੋਈ ਸੁਰਾਗ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਰੋਮੀ ਹਾਂਗਕਾਂਗ ਹਿੰਦੂ ਟਾਰਗੇਟ ਕਿਲਿੰਗਜ਼ ਮਾਮਲਿਆਂ 'ਚ ਵੀ ਪੰਜਾਬ ਪੁਲਸ ਨੂੰ ਵਾਂਟੇਡ ਹੈ। ਜੇਲ੍ਹ ਬ੍ਰੇਕ ਕਾਂਡ 'ਚ ਕੁੱਲ 30 ਦੋਸ਼ੀਆਂ ਦੇ ਚਲਾਨ ਪੇਸ਼ ਹੋ ਚੁੱਕੇ ਹਨ। ਸਮਝਿਆ ਜਾਂਦਾ ਹੈ ਕਿ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਵਿਦੇਸ਼ ਚਲਾ ਗਿਆ ਹੋਵੇ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ।
ਨੋਟ : ਨਾਭਾ ਜੇਲ ਬ੍ਰੇਕ ਕਾਂਡ ਦੇ 4 ਸਾਲਾਂ ਬਾਅਦ ਵੀ ਅੱਤਵਾਦੀ ਕਸ਼ਮੀਰਾ ਸਿੰਘ ਦੇ ਨਾ ਫੜ੍ਹੇ ਜਾਣ ਸਬੰਧੀ ਦਿਓ ਰਾਏ