ਨਾਭਾ ਜੇਲ 'ਚ ਪਿਛਲੇ 28 ਸਾਲ ਦੌਰਾਨ ਵਾਪਰੀਆਂ 14 ਵੱਡੀਆਂ ਘਟਨਾਵਾਂ, ਨਹੀਂ ਲਿਆ ਸਬਕ

11/04/2019 2:58:03 PM

ਨਾਭਾ (ਜੈਨ)—ਸਥਾਨਕ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਵਿਚ ਸਤੰਬਰ 1923 ਵਿਚ ਪੰਡਤ ਜਵਾਹਰ ਲਾਲ ਨਹਿਰੂ ਨੂੰ ਗਿਡਵਾਨੀ ਅਤੇ ਕੇ. ਸੰਤਾਨਮ ਸਮੇਤ ਜੈਤੋ ਮੋਰਚਾ ਦੌਰਾਨ ਨਜ਼ਰਬੰਦ ਕੀਤਾ ਗਿਆ ਸੀ। ਇਸ ਦਾ ਜ਼ਿਕਰ ਪੰਡਤ ਨਹਿਰੂ ਨੇ ਆਪਣੀ ਕਿਤਾਬ ਵਿਚ ਕੀਤਾ ਸੀ। ਉਨ੍ਹਾਂ ਨਾਭਾ ਜੇਲ ਨੂੰ ਚੂਹਿਆਂ ਵਾਲੀ ਜੇਲ ਦੱਸਿਆ ਸੀ। ਐਮਰਜੈਂਸੀ ਦੌਰਾਨ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਨੂੰ ਇਸ ਹਾਈ ਪ੍ਰੋਫਾਈਲ ਜੇਲ ਵਿਚ ਨਜ਼ਰਬੰਦ ਕੀਤਾ ਗਿਆ। 40 ਸਾਲ ਪਹਿਲਾਂ ਜੇਲ ਨੂੰ 'ਸੁਧਾਰ' ਘਰ ਦਾ ਨਾਂ ਦਿੱਤਾ ਗਿਆ। ਅੱਤਵਾਦ ਦੌਰਾਨ ਜੇਲ ਨੂੰ ਮੈਕਸੀਮਮ ਸਕਿਓਰਿਟੀ ਜ਼ਿਲਾ ਜੇਲ ਬਣਾ ਕੇ ਬੀ. ਐੱਸ. ਐੱਫ. ਤਾਇਨਾਤ ਕੀਤੀ ਗਈ। 28 ਸਾਲ ਪਹਿਲਾਂ ਇਹ ਜੇਲ ਉਸ ਸਮੇਂ ਸੁਰਖੀਆਂ ਵਿਚ ਆਈ ਜਦੋਂ ਜੇਲ ਬਰੇਕ ਕਰਨ ਦਾ ਯਤਨ ਕਰ ਰਹੇ 2 ਅੱਤਵਾਦੀਆਂ ਨੂੰ ਜੇਲ ਵਿਚ ਤਾਇਨਾਤ ਬੀ. ਐੱਸ. ਐੱਫ. ਜਵਾਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਇਸ ਤੋਂ ਬਾਅਦ ਇਹ ਜੇਲ ਲਗਾਤਾਰ ਸੁਰਖੀਆਂ ਵਿਚ ਰਹੀ ਹੈ।

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ 20 ਅਗਸਤ 1985 ਨੂੰ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਦੇ ਕਾਤਲਾਂ ਨੂੰ ਇਸ ਜੇਲ ਵਿਚ ਰੱਖਿਆ ਗਿਆ। ਕਤਲਕਾਂਡ ਵਿਚ ਗ੍ਰਿਫ਼ਤਾਰ ਗਿਆਨ ਸਿੰਘ ਨੂੰ ਫਾਂਸੀ ਦੇਣ ਦੀ ਸਜ਼ਾ ਦਾ ਫੈਸਲਾ ਇਸ ਜੇਲ ਵਿਚ ਲੱਗੀ ਡੈਜ਼ੀਗਨੇਟ ਅਦਾਲਤ ਦੇ ਐਡੀਸ਼ਨਲ ਸੈਸ਼ਨ ਜੱਜ ਬੀ. ਸੀ. ਰਾਜਪੂਤ ਨੇ ਸੁਣਾਇਆ ਸੀ। ਇਸ ਦੇ ਤੁਰੰਤ ਬਾਅਦ ਕਾਤਲ ਗਿਆਨ ਸਿੰਘ ਨੂੰ ਸੈਂਟਰਲ ਜੇਲ ਪਟਿਆਲਾ ਤਬਦੀਲ ਕੀਤਾ ਗਿਆ ਸੀ। ਮਾਣਯੋਗ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਉਮਰ ਕੈਦ ਵਿਚ ਬਦਲਣ ਤੋਂ ਬਾਅਦ ਗਿਆਨ ਸਿੰਘ ਨੂੰ ਇਸੇ ਜੇਲ ਵਿਚ ਲਿਆਂਦਾ ਗਿਆ। 14 ਸਾਲਾਂ ਬਾਅਦ ਰਿਹਾਈ ਇਸ ਜੇਲ ਵਿਚੋਂ ਹੀ ਹੋਈ ਸੀ।

21 ਸਤੰਬਰ 2006 ਨੂੰ ਇਸ ਜੇਲ ਵਿਚ ਬੰਦ ਖਤਰਨਾਕ ਅੱਤਵਾਦੀ ਦਯਾ ਸਿੰਘ ਲਾਹੌਰੀਆ ਤੋਂ ਪਹਿਲੀ ਵਾਰੀ ਮੋਬਾਇਲ ਅਤੇ ਸਿਮ ਕਾਰਡ ਉਸ ਸਮੇਂ ਦੇ ਡਿਪਟੀ ਜੇਲਰ ਜਗੀਰ ਸਿੰਘ ਨੇ ਬਰਾਮਦ ਕੀਤਾ ਸੀ। ਲਾਹੌਰੀਆ ਸਾਬਕਾ ਕੇਂਦਰੀ ਕੈਬਨਿਟ ਮੰਤਰੀ ਮਿਰਧਾ ਦੇ ਭਤੀਜੇ ਨੂੰ ਅਗਵਾ ਕਰਨ ਅਤੇ ਪੰਜਾਬ ਦੇ ਸਾਬਕਾ ਟਰਾਂਸਪੋਰਟ ਮੰਤਰੀ ਮਨਿੰਦਰਜੀਤ ਸਿੰਘ ਬਿੱਟਾ 'ਤੇ ਕਾਤਲਾਨਾ ਹਮਲੇ ਦੀ ਸਾਜ਼ਸ਼ ਵਿਚ ਸ਼ਾਮਲ ਸੀ। ਉਸ ਨੂੰ ਜੈਪੁਰ ਦੀ ਅਦਾਲਤ ਨੇ ਉਮਰ ਕੈਦ ਸਜ਼ਾ ਸੁਣਾਈ ਸੀ। ਉਹ ਇਥੇ ਜੇਲ ਵਿਚ 2 ਸਾਲ ਰਿਹਾ। ਉਸ ਨੇ ਹੀ ਇਸ ਜੇਲ ਵਿਚ ਇੰਟਰਨੈੱਟ ਜਾਲ ਵਿਛਾਇਆ ਸੀ। ਕਦੇ ਵੀ ਕੇਂਦਰੀ ਅਤੇ ਸੂਬਾ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਜੇਲ ਸੁਰੱਖਿਆ ਵੱਲ ਧਿਆਨ ਨਹੀਂ ਦਿੱਤਾ।
3 ਨਵੰਬਰ 2006 ਨੂੰ ਐੱਸ. ਐੱਸ. ਪੀ. ਨਿਰਲਾਭ ਕਿਸ਼ੋਰ ਦੀ ਅਗਵਾਈ ਹੇਠ ਇਸ ਜੇਲ ਵਿਚ 100 ਤੋਂ ਵੱਧ ਕਮਾਂਡੋਜ਼ ਨੇ ਅਚਨਚੇਤ ਚੈਕਿੰਗ ਕਰ ਕੇ 14 ਮੋਬਾਇਲ, 12 ਸਿਮ ਕਾਰਡ, 58 ਹਜ਼ਾਰ ਨਕਦੀ ਅਤੇ ਨਸ਼ੇ ਵਾਲੇ ਪਦਾਰਥ ਬਰਾਮਦ ਕੀਤੇ। ਕਿਸੇ ਵੀ ਅਧਿਕਾਰੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਕੁਝ ਸਮੇਂ ਬਾਅਦ 2200 ਪੁਲਸ ਮੁਲਾਜ਼ਮਾਂ ਨੇ ਐੱਸ. ਐੱਸ. ਪੀ. ਦੀ ਨਿਗਰਾਨੀ ਹੇਠ ਛਾਪੇਮਾਰੀ ਕੀਤੀ। ਮੋਬਾਇਲ ਅਤੇ ਨਸ਼ੇ ਵਾਲੇ ਪਦਾਰਥ ਬਰਾਮਦ ਹੋਏ। ਅਧਿਕਾਰੀਆਂ ਨੂੰ ਕਲੀਨ ਚਿੱਟ ਮਿਲਦੀ ਰਹੀ। ਮਾਮਲੇ ਦਰਜ ਹੋਏ ਪਰ ਕਾਰਵਾਈ ਨਹੀਂ ਹੋਈ।

ਜੰਮੂ-ਕਸ਼ਮੀਰ ਦੀ ਖਤਰਨਾਕ ਅੱਤਵਾਦੀ ਰੌਸ਼ਨੀ ਅਤੇ ਪਾਕਿਸਤਾਨੀ ਜਾਸੂਸ ਸਈਦ ਇਕਬਾਲ ਲੰਬਾ ਅਰਸਾ ਇਸ ਜੇਲ ਵਿਚ ਬੰਦ ਰਹੇ। ਉਨ੍ਹਾਂ ਦਾ ਖਾਲਿਸਤਾਨ ਲਿਬਰੇਸ਼ਨ ਫੋਰਸ ਪ੍ਰਮੁੱਖ ਹਰਮਿੰਦਰ ਸਿੰਘ ਮਿੰਟੂ ਨਾਲ ਸੰਪਰਕ ਬਣਿਆ, ਜੋ ਇਸ ਜੇਲ ਵਿਚ ਬੰਦ ਰਿਹਾ।
28 ਜੁਲਾਈ 2009 ਨੂੰ ਪਟਿਆਲਾ ਵਿਚ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਮੁੱਖ ਰੁਲਦਾ ਸਿੰਘ ਦੀ ਹੋਈ ਹੱਤਿਆ ਸਬੰਧੀ ਇੰਗਲੈਂਡ ਪੁਲਸ ਦੀ ਟੀਮ ਦਸੰਬਰ 2010 ਵਿਚ ਇਸ ਜੇਲ ਕੰਪਲੈਕਸ ਪਹੁੰਚੀ। ਇਸ ਕਤਲ ਤੋਂ ਬਾਅਦ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਆਗੂ ਗੁਰਸ਼ਰਨ ਸਿੰਘ ਇੰਗਲੈਂਡ ਚਲਾ ਗਿਆ ਸੀ।

ਟਾਰਗੈੱਟ ਕਿਲਿੰਗਜ਼ ਮਾਮਲਿਆਂ ਵਿਚ ਸਾਜ਼ਸ਼ ਰਚਣ ਵਾਲਾ ਧਰਮਿੰਦਰ ਗੁਗਨੀ ਇਥੇ ਜੇਲ ਵਿਚ 14 ਮਹੀਨੇ ਨਜ਼ਰਬੰਦ ਰਿਹਾ। ਮਿੰਟੂ ਨੂੰ ਇਸ ਜੇਲ ਵਿਚ 20 ਦਸੰਬਰ 2014 ਨੂੰ ਲਿਆਂਦਾ ਗਿਆ ਸੀ। ਗੈਂਗਸਟਰ ਸ਼ੇਰਾ ਵੀ ਇਥੇ ਜੇਲ ਵਿਚ ਹੀ ਨਜ਼ਰਬੰਦ ਰਿਹਾ। ਨਾਭਾ ਜੇਲ ਵਿਚ ਬੰਦ ਖਤਰਨਾਕ ਗੈਂਗਸਟਰ ਪਲਵਿੰਦਰ ਪਿੰਦਾ 29 ਮਾਰਚ 2016 ਨੂੰ ਸਿਵਲ ਹਸਪਤਾਲ ਕੰਪਲੈਕਸ ਵਿਚੋਂ ਦਿਨ-ਦਿਹਾੜੇ ਹੱਥਕੜੀਆਂ ਸਮੇਤ ਫਰਾਰ ਹੋ ਗਿਆ। ਧੜੱਲੇ ਨਾਲ ਗੋਲੀਆਂ ਚੱਲੀਆਂ ਜਿਸ ਨੇ ਜੇਲ ਬਰੇਕ ਦੀ ਸਾਜ਼ਸ਼ ਰਚੀ।
23 ਮਈ 2016 ਨੂੰ ਇਸ ਜੇਲ ਵਿਚ ਖੂਨ-ਖਰਾਬਾ ਹੋਇਆ ਅਤੇ ਜੇਲਰ ਦੀ ਸ਼ਿਕਾਇਤ ਅਨੁਸਾਰ 21 ਕੈਦੀਆਂ/ਹਵਾਲਾਤੀਆਂ ਖਿਲਾਫ ਪੁਲਸ ਮੁਲਾਜ਼ਮਾਂ ਦੀ ਵਰਦੀਆਂ ਪਾੜਨ, ਕੁੱਟ-ਮਾਰ ਕਰਨ ਅਤੇ ਇਰਾਦਾ ਕਤਲ ਦਾ ਮਾਮਲਾ ਦਰਜ ਹੋਇਆ। ਲਾਰੈਂਸ ਬਿਸ਼ਨੋਈ ਸਮੇਤ ਅਨੇਕਾਂ ਗੈਂਗਸਟਰ ਨਾਮਜ਼ਦ ਕੀਤੇ ਗਏ ਸਨ।

27 ਨਵੰਬਰ 2016 ਨੂੰ ਨਾਭਾ ਜੇਲ ਬਰੇਕ ਕਾਂਡ ਫਿਲਮੀ ਸਟਾਈਲ ਵਿਚ ਦਿਨ-ਦਿਹਾੜੇ ਹੋਇਆ। ਇਸ ਨੇ ਪੰਜਾਬ ਜੇਲ ਵਿਭਾਗ ਦੀ ਵਿਸ਼ਵ ਵਿਚ ਕਿਰਕਿਰੀ ਕਰਵਾਈ। ਇਕ ਫਰਾਰ ਅੱਤਵਾਦੀ ਕਸ਼ਮੀਰਾ ਸਿੰਘ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹੈ। 29 ਨਵੰਬਰ 2018 ਨੂੰ ਖਤਰਨਾਕ ਗੈਂਗਸਟਰ ਕੁਲਪ੍ਰੀਤ ਨੀਟਾ ਦਿਓਲ ਤੋਂ ਮੋਬਾਇਲ ਅਤੇ ਸਿਮ ਕਾਰਡ ਬਰਾਮਦ ਹੋਏ, ਜੋ ਕਿ ਪਹਿਲਾਂ ਜੇਲ ਬਰੇਕ ਕਾਂਡ ਵਿਚ ਸ਼ਾਮਲ ਸੀ। 30 ਅਕਤੂਬਰ 2019 ਨੂੰ ਗੈਂਗਸਟਰ ਮਨਦੀਪ ਸਿੰਘ ਦਾ ਵਿਆਹ ਜੇਲ ਕੰਪਲੈਕਸ ਵਿਚ ਭਾਰੀ ਸੁਰੱਖਿਆ ਪ੍ਰਬੰਧਾਂ ਅਧੀਨ ਪਵਨਦੀਪ ਕੌਰ ਨਾਲ ਹੋਇਆ ਜੋ ਕਿ ਜੇਲ ਇਤਿਹਾਸ ਵਿਚ ਨਵਾਂ ਰਿਕਾਰਡ ਹੈ।
ਨਾਭਾ ਜੇਲ ਵਿਚ ਪਿਛਲੇ 28 ਸਾਲਾਂ ਦੌਰਾਨ ਵਾਪਰੀਆਂ 14 ਅਹਿਮ ਘਟਨਾਵਾਂ ਨੇ ਜੇਲ ਵਿਭਾਗ ਤੇ ਗ੍ਰਹਿ ਮੰਤਰਾਲੇ ਦੀ ਨੀਂਦ ਹਰਾਮ ਕੀਤੀ ਹੋਈ ਹੈ ਪਰ ਸਰਕਾਰ ਵੱਲੋਂ ਅਜੇ ਤੱਕ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ ਅਤੇ ਨਾ ਹੀ ਮੋਬਾਇਲਾਂ ਦਾ ਇਸਤੇਮਾਲ ਰੋਕਿਆ ਗਿਆ ਹੈ ਜੋ ਆਉਣ ਵਾਲੇ ਸਮੇਂ ਵਿਚ ਖਤਰੇ ਦੀ ਘੰਟੀ ਹੈ।


Shyna

Content Editor

Related News