ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਨੇ ਨੂੰਹ ਨਾਲ ਕੀਤੀ ਕੁੱਟਮਾਰ

Wednesday, Sep 13, 2017 - 06:05 AM (IST)

ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਨੇ ਨੂੰਹ ਨਾਲ ਕੀਤੀ ਕੁੱਟਮਾਰ

ਗੁਰਦਾਸਪੁਰ,   (ਦੀਪਕ)–   ਦਾਜ ਦੀ ਮੰਗ ਨੂੰ ਲੈ ਕੇ ਸਹੁਰੇ ਪਰਿਵਾਰ ਵੱਲੋਂ ਆਪਣੀ ਹੀ ਨੂੰਹ ਨਾਲ ਕੁੱਟਮਾਰ ਕਰਨ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਕਰੰਟ ਲਾਉਣ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪੀੜਤ ਔਰਤ ਨੇ ਆਪਣੇ ਪੇਕੇ ਪਰਿਵਾਰ ਦੇ ਮੈਂਬਰਾਂ ਨਾਲ ਗੁਰਦਾਸਪੁਰ ਦੇ ਐੱਸ. ਐੱਸ. ਪੀ. ਨੂੰ ਮੰਗ ਪੱਤਰ ਦੇ ਕੇ ਸਹੁਰੇ ਪਰਿਵਾਰ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਔਰਤ ਪਿੰਕੀ ਪੁੱਤਰੀ ਸਵ. ਸੁਖਬੀਰ ਸਿੰਘ ਵਾਸੀ ਪੀਰ ਦੀ ਸੈਨ ਨੇ ਦੱਸਿਆ ਕਿ ਉਸ ਦਾ ਵਿਆਹ ਪੰਜ ਸਾਲ ਪਹਿਲਾਂ ਅਜੇ ਪੁੱਤਰ ਪ੍ਰੇਮ ਚੰਦ ਵਾਸੀ ਪੁਰਾਣਾ ਸ਼ਾਲਾ ਨਾਲ ਹੋਇਆ ਸੀ ਅਤੇ ਉਸ ਦੇ ਹੁਣ ਦੋ ਬੱਚੇ ਵੀ ਹਨ, ਜਿਨ੍ਹਾਂ ਵਿਚ ਇਕ ਤਿੰਨ ਸਾਲ ਦੀ ਲੜਕੀ ਅਤੇ ਇਕ 7 ਮਹੀਨੇ ਦਾ ਲੜਕਾ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਬਾਅਦ ਮੇਰਾ ਪਤੀ ਮੇਰੇ ਕੋਲੋਂ ਦਾਜ ਦੀ ਮੰਗ ਕਰਦਾ ਸੀ ਪਰ ਮੇਰੇ ਮਾਤਾ-ਪਿਤਾ ਨੇ ਵਿਆਹ ਸਮੇਂ ਆਪਣੀ ਹੈਸੀਅਤ ਮੁਤਾਬਿਕ ਦਾਜ ਦਿੱਤਾ ਸੀ ਪਰ ਅਜੇ ਮੇਰੇ ਕੋਲੋਂ ਮੋਟਰਸਾਈਕਲ ਦੀ ਮੰਗ ਕਰਦਾ ਹੈ। ਪਰ ਮੇਰਾ ਪੇਕਾ ਪਰਿਵਾਰ ਮੋਟਰਸਾਈਕਲ ਦੇਣ ਤੋਂ ਅਸਮਰਥ ਹੈ, ਜਿਸ ਗੱਲ ਨੂੰ ਲੈ ਕੇ ਉਹ ਮੇਰੀ ਕੁੱਟਮਾਰ ਕਰਦਾ ਹੈ। ਇਸ ਸਬੰਧੀ ਮੈਂ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੂੰ ਦੱਸਿਆ ਤਾਂ ਉਲਟਾ ਉਨ੍ਹਾਂ ਨੇ ਵੀ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। 
ਪੀੜਤ ਔਰਤ ਨੇ ਅੱਗੇ ਦੱਸਿਆ ਕਿ ਉਸ ਦਾ ਪਤੀ ਕੋਈ ਕੰਮ  ਨਹੀਂ ਕਰਦਾ ਅਤੇ ਵਿਹਲਾ ਰਹਿੰਦਾ ਹੈ, ਜਿਸ ਤੋਂ ਮੈਂ ਘਰ ਦਾ ਖਰਚਾ ਮੰਗਦੀ ਹਾਂ ਤਾਂ ਉਹ ਦਾਜ ਦੀ ਮੰਗ ਕਰਦਾ ਹੈ ਅਤੇ ਮੇਰੀ ਕੁੱਟਮਾਰ ਕਰਦਾ ਹੈ। ਉਸ ਨੇ ਕਥਿਤ ਤੌਰ 'ਤੇ ਪਤੀ ਅਜੇ 'ਤੇ ਦੋਸ਼ ਲਾਇਆ ਕਿ ਦੋ ਦਿਨ ਪਹਿਲਾਂ ਅਜੇ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਸ ਨੂੰ ਕਰੰਟ ਲਾ ਦਿੱਤਾ। ਉਸ ਨੇ ਦੱਸਿਆ ਕਿ ਕਰੰਟ ਲਾਉਣ ਸਮੇਂ ਅਚਾਨਕ ਬਿਜਲੀ ਚਲੀ ਗਈ, ਜਿਸ ਕਾਰਨ ਮੇਰੀ ਜਾਨ ਬਚ ਗਈ ਪਰ ਮੇਰੀ ਬਾਂਹ ਬੁਰੀ ਤਰ੍ਹਾਂ ਝੁਲਸ ਗਈ, ਜਿਸ ਤੋਂ ਬਾਅਦ ਮੈਂ ਆਪਣੇ ਪੇਕੇ ਪਰਿਵਾਰ ਨੂੰ ਸੂਚਿਤ ਕੀਤਾ, ਜੋ ਮੈਨੂੰ ਆਪਣੇ ਨਾਲ ਲੈ ਆਏ ਅਤੇ ਪਹਿਲਾਂ ਪੁਰਾਣਾ ਸ਼ਾਲਾ ਥਾਣਾ ਵਿਚ ਰਿਪੋਰਟ ਦਰਜ ਕਰਵਾਈ ਅਤੇ ਬਾਅਦ ਵਿਚ ਮੈਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਪਰ ਮੇਰੇ ਸਹੁਰੇ ਪਰਿਵਾਰ 'ਤੇ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਮੈਂ ਆਪਣੇ ਪੇਕੇ ਪਰਿਵਾਰ ਨਾਲ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਕਾਰਵਾਈ ਕਰਨ ਸਬੰਧੀ ਮੰਗ ਪੱਤਰ ਦਿੱਤਾ ਹੈ, ਜਿਨ੍ਹਾਂ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਕਾਰਵਾਈ ਕੀਤੀ ਜਾਵੇਗੀ।
ਮੇਰੇ 'ਤੇ ਲਾਏ ਦੋਸ਼ ਝੂਠੇ ਤੇ ਬੇਬੁਨਿਆਦ ਹਨ : ਪਤੀ ਅਜੇ
ਇਸ ਸਬੰਧੀ ਜਦ ਪੀੜਤ ਔਰਤ ਦੇ ਪਤੀ ਅਜੇ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੇਰੇ 'ਤੇ ਮੇਰੀ ਪਤਨੀ ਵੱਲੋਂ ਲਾਏ ਗਏ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ ਹਨ। ਉਸ ਨੇ ਕਿਹਾ ਕਿ ਘਰੇਲੂ ਕੰਮ ਕਰਦੇ ਸਮੇਂ ਪਿੰਕੀ ਨੂੰ ਘਰ ਵਿਚ ਰੱਖੀ ਫਰਿੱਜ ਦੀ ਪਿਛਲੀ ਸਾਈਡ ਤੋਂ ਤਾਰ ਨਾਲ ਅਚਾਨਕ ਬਾਂਹ ਲੱਗ ਜਾਣ ਕਾਰਨ ਕਰੰਟ ਲੱਗਾ ਸੀ, ਜਿਸ ਨੂੰ ਮੈਂ ਹੀ ਕਰੰਟ ਲੱਗਦੇ ਸਮੇਂ ਬਚਾਇਆ ਸੀ ਅਤੇ ਸਿਵਲ ਹਸਪਤਾਲ ਵਿਚ ਪਹੁੰਚਾਇਆ। ਹੁਣ ਇਸ ਦੀ ਮਾਤਾ ਅਤੇ ਇਸ ਦਾ ਭਰਾ ਮੇਰਾ ਇਸ ਨੂੰ ਮੇਰੇ ਖਿਲਾਫ ਭੜਕਾਅ ਰਹੇ ਹਨ।  
ਕੀ ਕਹਿਣਾ ਹੈ ਐੱਸ. ਐੱਚ. ਓ. ਅਸ਼ੋਕ ਕੁਮਾਰ ਦਾ
ਇਸ ਸਬੰਧੀ ਜਦ ਥਾਣਾ ਪੁਰਾਣਾ ਸ਼ਾਲਾ ਦੇ ਐੱਸ. ਐੱਚ. ਓ. ਅਸ਼ੋਕ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਸਬੰਧੀ ਅਸੀਂ ਜਾਂਚ ਕਰ ਰਹੇ ਹਾਂ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। 


Related News