ਪਤਨੀ ਨੇ ਛਿੜਕਿਆ ਤੇਲ, ਬੇਟੇ ਨੇ ਲਾਈ ਅੱਗ, 40 ਫੀਸਦੀ ਝੁਲਸਿਆ, ਹਸਪਤਾਲ ''ਚ ਇਲਾਜ ਅਧੀਨ

Friday, Jun 30, 2017 - 08:03 AM (IST)

ਪਤਨੀ ਨੇ ਛਿੜਕਿਆ ਤੇਲ, ਬੇਟੇ ਨੇ ਲਾਈ ਅੱਗ, 40 ਫੀਸਦੀ ਝੁਲਸਿਆ, ਹਸਪਤਾਲ ''ਚ ਇਲਾਜ ਅਧੀਨ

ਚੰਡੀਗੜ੍ਹ  (ਸੁਸ਼ੀਲ) - ਫੇਜ਼-2 ਰਾਮ ਦਰਬਾਰ 'ਚ ਇਕ ਵਿਅਕਤੀ ਨੇ ਆਪਣੀ ਹੀ ਪਤਨੀ ਤੇ ਬੇਟੇ 'ਤੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੇ ਉਸ 'ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਪੀੜਤ ਨੇ ਬਾਥਰੂਮ 'ਚ ਵੜ ਕੇ ਦਰਵਾਜ਼ਾ ਬੰਦ ਕਰ ਕੇ ਅੱਗ ਬੁਝਾਈ। ਲੋਕਾਂ ਨੇ ਘਟਨਾ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਤੀਜੀ ਮੰਜ਼ਿਲ 'ਤੇ ਲੱਗੀ ਅੱਗ 'ਤੇ ਕਾਬੂ ਪਾਇਆ ਤੇ ਪੀ. ਸੀ. ਆਰ. ਨੇ ਅੱਗ ਨਾਲ ਝੁਲਸੇ ਵਿਅਕਤੀ ਨੂੰ ਜੀ. ਐੱਮ. ਸੀ. ਐੱਚ.-32 'ਚ ਭਰਤੀ ਕਰਵਾਇਆ। ਡਾਕਟਰਾਂ ਨੇ ਦੱਸਿਆ ਕਿ ਰਾਮ ਦਰਬਾਰ ਵਾਸੀ ਰਾਜ ਕੁਮਾਰ 40 ਫੀਸਦੀ ਝੁਲਸਿਆ ਹੈ। ਰਾਜ ਕੁਮਾਰ ਨੇ ਦੋਸ਼ ਲਾਇਆ ਕਿ ਘਰੇਲੂ ਵਿਵਾਦ ਕਾਰਨ ਬੇਟੇ ਤੇ ਪਤਨੀ ਨੇ ਅੱਗ ਲਾਈ ਹੈ। ਸੈਕਟਰ-31 ਥਾਣਾ ਪੁਲਸ ਨੇ ਰਾਜ ਕੁਮਾਰ ਦੇ ਮੈਜਿਸਟ੍ਰੇਟ ਦੇ ਸਾਹਮਣੇ ਬਿਆਨ ਦਰਜ ਕਰਵਾਏ, ਜਿਸ 'ਚ ਰਾਜ ਕੁਮਾਰ ਨੇ ਕਿਹਾ ਕਿ ਪੈਟਰੋਲ ਉਸਦੀ ਪਤਨੀ ਨੇ ਛਿੜਕਿਆ ਤੇ ਬੇਟੇ ਨੇ ਅੱਗ ਲਾਈ। ਰਾਜ ਕੁਮਾਰ ਦੀ ਸ਼ਿਕਾਇਤ 'ਤੇ ਸੈਕਟਰ-31 ਥਾਣਾ ਪੁਲਸ ਨੇ ਮੁਲਜ਼ਮ ਪਤਨੀ ਊਸ਼ਾ ਤੇ ਬੇਟੇ ਵਿੱਕੀ ਖਿਲਾਫ ਹੱਤਿਆ ਦੇ ਯਤਨਾਂ ਦਾ ਕੇਸ ਦਰਜ ਕਰ ਲਿਆ ਹੈ।
ਪਤਨੀ ਨੇ ਫਾਇਰ ਮੁਲਾਜ਼ਮਾਂ ਨੂੰ ਦੱਸਿਆ ਕਿ ਅੱਗ ਪਤੀ ਰਾਜਕੁਮਾਰ ਨੇ ਖੁਦ ਲਗਾਈ
ਘਟਨਾ ਵੀਰਵਾਰ ਸਵੇਰੇ 8 ਵਜੇ ਦੀ ਹੈ। ਸੈਕਟਰ-31 ਥਾਣਾ ਪੁਲਸ ਤੇ ਫਾਇਰ ਵਿਭਾਗ ਨੂੰ ਜਾਣਕਾਰੀ ਮਿਲੀ ਕਿ ਰਾਮ ਦਰਬਾਰ ਫੇਜ਼-2 ਦੇ ਮਕਾਨ ਨੰਬਰ-1293 ਦੀ ਦੂਜੀ ਮੰਜ਼ਿਲ ਵਾਸੀ ਰਾਜ ਕੁਮਾਰ (50) ਨੇ ਖੁਦ ਤੇ ਸਾਮਾਨ 'ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਦੇ ਬਾਅਦ ਖੁਦ ਨੂੰ ਬਾਥਰੂਮ 'ਚ ਬੰਦ ਕਰ ਲਿਆ ਹੈ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਗੱਡੀ ਮੌਕੇ 'ਤੇ ਪਹੁੰਚੀ। ਫਾਇਰ ਕਰਮਚਾਰੀਆਂ ਨੇ ਘਰ 'ਚ ਲੱਗੀ ਅੱਗ ਬੁਝਾਈ ਤੇ ਬਾਥਰੂਮ 'ਚੋਂ ਰਾਜ ਕੁਮਾਰ ਨੂੰ ਬਾਹਰ ਕੱਢਿਆ। ਪੁਲਸ ਨੇ ਉਸਨੂੰ ਜੀ. ਐੱਮ. ਸੀ. ਐੱਚ.-32 'ਚ ਭਰਤੀ ਕਰਵਾਇਆ।
 ਪਤਨੀ ਊਸ਼ਾ ਨੇ ਫਾਇਰ ਕਰਮਚਾਰੀਆਂ ਨੂੰ ਦੱਸਿਆ ਕਿ ਅੱਗ ਪਤੀ ਰਾਜ ਕੁਮਾਰ ਨੇ ਖੁਦ ਲਾਈ। ਨੂੰਹ ਸੰਗੀਤਾ ਦਾ ਹੱਥ ਤੇ ਪੋਤੀ ਗੁਡੀਆ ਦੇ ਵਾਲ ਵੀ ਇਸ ਦੌਰਾਨ ਸੜ ਗਏ। ਸੈਕਟਰ-31 ਥਾਣਾ ਮੁਖੀ ਜਸਵਿੰਦਰ ਕੌਰ ਨੇ ਜਾਂਚ ਮਗਰੋਂ ਝੁਲਸੇ ਰਾਜ ਕੁਮਾਰ ਦੇ ਬਿਆਨ ਦਰਜ ਕਰਵਾਏ। ਰਾਜ ਕੁਮਾਰ ਨੇ ਦੱਸਿਆ ਕਿ ਉਸਨੂੰ ਪਤਨੀ ਊਸ਼ਾ ਤੇ ਬੇਟੇ ਵਿੱਕੀ ਨੇ ਅੱਗ ਲਾਈ ਹੈ। ਪੁਲਸ ਨੇ ਤੁਰੰਤ ਡਿਊਟੀ ਮੈਜਿਸਟ੍ਰੇਟ ਸਾਹਮਣੇ ਰਾਜ ਕੁਮਾਰ ਦੇ ਬਿਆਨ ਦਰਜ ਕਰਵਾਏ।  ਰਾਜ ਕੁਮਾਰ ਨੇ ਦੱਸਿਆ ਕਿ ਅੱਗ ਲਗਣ ਕਾਰਨ ਉਸਦੇ ਘਰ 'ਚ ਪਿਆ ਸਾਰਾ ਸਾਮਾਨ ਵੀ ਸੜ ਗਿਆ। ਉਸ ਮੁਤਾਬਿਕ ਉਹ ਗੁਜਰਾਤ ਤੋਂ ਚੰਡੀਗੜ੍ਹ ਆਇਆ ਸੀ ਤੇ ਪਲੰਬਰ ਦਾ ਕੰਮ ਕਰਦਾ ਹੈ। ਸੈਕਟਰ-31 ਥਾਣਾ ਮੁਖੀ ਜਸਵਿੰਦਰ ਕੌਰ ਨੇ ਦੱਸਿਆ ਕਿ ਊਸ਼ਾ ਤੇ ਵਿੱਕੀ ਦੀ ਪੁਲਸ ਭਾਲ ਕਰ ਰਹੀ ਹੈ।


Related News