ਪੈਰੋਲ ''ਤੇ ਆਏ, ਭਗੌੜੇ ਹੋਏ ਉਮਰ ਕੈਦ ਦੀ ਸਜ਼ਾਯਾਫਤਾ ਕੈਦੀ ਨੂੰ ਤਲਵੰਡੀ ਸਾਬੋ ਪੁਲਸ ਨੇ ਦਬੋਚਿਆ

Friday, Aug 11, 2017 - 10:33 AM (IST)

ਪੈਰੋਲ ''ਤੇ ਆਏ, ਭਗੌੜੇ ਹੋਏ ਉਮਰ ਕੈਦ ਦੀ ਸਜ਼ਾਯਾਫਤਾ ਕੈਦੀ ਨੂੰ ਤਲਵੰਡੀ ਸਾਬੋ ਪੁਲਸ ਨੇ ਦਬੋਚਿਆ

ਤਲਵੰਡੀ ਸਾਬੋ (ਮੁਨੀਸ਼)- ਆਪਣੇ ਪਿਤਾ ਦੇ ਕਤਲ ਦੇ ਦੋਸ਼ 'ਚ ਉਮਰ ਕੈਦ ਦੀ ਸਜ਼ਾ ਪ੍ਰਾਪਤ ਨੇੜਲੇ ਪਿੰਡ ਭਾਗੀਵਾਂਦਰ ਦਾ ਇਕ ਨੌਜਵਾਨ ਜੋ ਜੇਲ 'ਚੋਂ ਮਿਲੀ ਪੈਰੋਲ ਮੌਕੇ ਕਰੀਬ ਦੋ ਸਾਲ ਪਹਿਲਾਂ ਭਗੌੜਾ ਹੋ ਗਿਆ ਸੀ, ਨੂੰ ਅੱਜ ਆਖਰ ਤਲਵੰਡੀ ਸਾਬੋ ਪੁਲਸ ਨੇ ਦਬੋਚਿਆ । ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ । ਅੱਜ ਉਪ ਕਪਤਾਨ ਪੁਲਸ ਤਲਵੰਡੀ ਸਾਬੋ ਦੇ ਦਫਤਰ 'ਚ ਬਰਿੰਦਰ ਸਿੰਘ ਗਿੱਲ ਡੀ. ਐੱਸ. ਪੀ. ਨੇ ਪ੍ਰੈੱਸ ਵਾਰਤਾ ਦੌਰਾਨ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਤੋਤੀ ਵਾਸੀ ਭਾਗੀਵਾਂਦਰ 'ਤੇ ਆਪਣੇ ਪਿਤਾ ਦੇ ਕਤਲ ਦੇ ਦੋਸ਼ਾਂ ਤਹਿਤ ਥਾਣਾ ਤਲਵੰਡੀ ਸਾਬੋ 'ਚ ਮੁਕੱਦਮਾ ਨੰ. 98 ਮਿਤੀ 20/07/2007 ਨੂੰ ਧਾਰਾ 304/34 ਆਈ.ਪੀ.ਸੀ ਅਧੀਨ ਦਰਜ ਕੀਤਾ ਗਿਆ ਸੀ ਤੇ ਉਕਤ ਕੇਸ ਵਿਚ ਮਾਣਯੋਗ ਅਦਾਲਤ ਨੇ ਮਨਪ੍ਰੀਤ ਸਿੰਘ ਨੂੰ ਆਪਣੇ ਪਿਤਾ ਜਰਨੈਲ ਸਿੰਘ ਦੇ ਕਤਲ 'ਚ ਦੋਸ਼ੀ ਮੰਨਦਿਆਂ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਇਸੇ ਦੌਰਾਨ ਮਨਪ੍ਰੀਤ ਸਿੰਘ ਨੂੰ 18/06/2015 ਤੋਂ 17/07/2015 ਤੱਕ ਜੇਲ 'ਚੋਂ ਪੈਰੋਲ ਛੁੱਟੀ ਮਿਲੀ ਸੀ ਪਰ ਪੈਰੋਲ ਦੀ ਮਿਆਦ ਖਤਮ ਹੋਣ ਉਪਰੰਤ ਉਹ ਜੇਲ ਵਾਪਸ ਨਹੀਂ ਗਿਆ ਤੇ ਕਰੀਬ ਦੋ ਸਾਲਾਂ ਤੋਂ ਆਪਣੇ ਮਾਮੇ ਹਰਜੀਤ ਸਿੰਘ ਕੋਲ ਪਨਾਹ ਲੈ ਕੇ ਰਹਿ ਰਿਹਾ ਸੀ । 
ਡੀ. ਐੱਸ. ਪੀ. ਅਨੁਸਾਰ ਪੁਖਤਾ ਸੂਚਨਾ ਮਿਲਣ 'ਤੇ ਅੱਜ ਥਾਣਾ ਤਲਵੰਡੀ ਸਾਬੋ ਮੁਖੀ ਮਨੋਜ ਕੁਮਾਰ ਦੀ ਅਗਵਾਈ ਹੇਠ ਪੁਲਸ ਪਾਰਟੀ ਵੱਲੋਂ ਪੈਰੋਲ 'ਤੇ ਆਏ ਭਗੌੜੇ ਮਨਪ੍ਰੀਤ ਸਿੰਘ ਉਰਫ ਤੋਤੀ ਅਤੇ ਉਸ ਦੇ ਪਨਾਹਗੀਰ ਹਰਜੀਤ ਸਿੰਘ ਨੂੰ ਉਕਤ ਦੇ ਘਰੋਂ ਗ੍ਰਿਫਤਾਰ ਕਰ ਲਿਆ ਗਿਆ । ਉਨ੍ਹਾਂ ਕਿਹਾ ਕਿ ਉਕਤ ਖਿਲਾਫ ਮੁਕੱਦਮਾ ਨੰ. 207 ਅਧੀਨ 'ਦਿ ਪੰਜਾਬ ਗੁਡ ਕੰਡਕਟ ਪ੍ਰਿਸਨਰ ਐਕਟ 8(2)9, 1962, 212 ਆਈ.ਪੀ ਸੀ ਤਹਿਤ ਥਾਣਾ ਤਲਵੰਡੀ ਸਾਬੋ ਵਿਖੇ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਨ ਨੂੰ ਕੱਲ ਨੂੰ ਅਦਾਲਤ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਗਲੀ ਕਾਰਵਾਈ ਵੀ ਆਰੰਭੀ ਜਾਵੇਗੀ।


Related News