ਸੁਲਤਾਨਪੁਰ ਲੋਧੀ: ਬਜ਼ੁਰਗ ਜੋੜੇ ਦੇ ਕਤਲ ਦੇ ਮਾਮਲੇ ''ਚ ਕਾਤਲ ਪੁਲਸ ਦੀ ਗ੍ਰਿਫ਼ਤ ਤੋਂ ਦੂਰ
Sunday, Nov 01, 2020 - 10:59 AM (IST)
ਸੁਲਤਾਨਪੁਰ ਲੋਧੀ (ਧੀਰ)— ਪਿੰਡ ਸ਼ਿਕਾਰਪੁਰ ਵਿਖੇ ਬਜ਼ੁਰਗ ਪਤੀ-ਪਤਨੀ ਜਰਨੈਲ ਸਿੰਘ ਅਤੇ ਜੋਗਿੰਦਰ ਕੌਰ ਦੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕੀਤੇ ਕਤਲ ਦੇ ਸੁਰਾਗ ਜੁਟਾਉਣ 'ਚ ਰੁੱਝੀ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਦੇ ਹੱਕ ਭਾਵੇਂ ਹਾਲੇ ਕੁਝ ਨਹੀਂ ਲੱਗਿਆ ਹੈ ਪਰ ਮਾਮਲੇ ਦੀ ਜਾਂਚ 'ਤੇ ਅਸਰ ਨਾ ਪਵੇ ਦੇ ਸਬੰਧੀ ਪੁਲਸ ਹਾਲੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਰਹੀ ਹੈ।
ਬਕੌਲ ਡੀ. ਐੱਸ. ਪੀ. ਸਰਵਨ ਸਿੰਘ ਬੱਲ ਕਿ ਮਾਮਲਾ ਬੇਹੱਦ ਗੰਭੀਰ ਹੈ ਅਤੇ ਇਹ ਸ਼ੁਰੂਆਤੀ ਦੌਰ 'ਚ ਲੁੱਟ ਦਾ ਨਹੀਂ ਸਗੋਂ ਰੰਜਿਸ਼ਨ ਹੱਤਿਆ ਦਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਸਰਬਜੀਤ ਸਿੰਘ ਪੂਰੀ ਟੀਮ ਨਾਲ ਇਸ ਮਾਮਲੇ ਨੂੰ ਹੱਲ ਕਰਨ 'ਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ 'ਚ ਖ਼ੂਨ ਦਾ ਪਿਆਸਾ ਹੋਇਆ ਭਰਾ, ਭਾਬੀ ਨਾਲ ਮਿਲ ਕੇ ਸਕੇ ਭਰਾ ਨੂੰ ਸਾੜਿਆ ਜਿਊਂਦਾ
ਪੁਲਸ ਵੱਲੋਂ ਕੀਤੀ ਮੁੱਢਲੀ ਜਾਂਚ ਤੇ ਫਿੰਗਰਪ੍ਰਿੰਟਸ ਵੱਲੋਂ ਹਾਸਲ ਕੀਤੀ ਮੌਕੇ 'ਤੇ ਜਾਣਕਾਰੀ ਮੁਤਾਬਿਕ ਕਤਲ ਕਰਨ ਵਾਲੇ ਵਿਅਕਤੀ ਪੇਸ਼ੇਵਰ ਅਪਰਾਧੀ ਜਾਪਦੇ ਹਨ ਕਿਉਂਕਿ ਉਨ੍ਹਾਂ ਪਹਿਲਾਂ ਬਜ਼ੁਰਗ ਦੇ ਸਿਰ ਦੀ ਪੁੜਪੁੜੀ ਤੇ ਪਿੱਛੇ ਸੂਏ ਵਰਗੀ ਕੋਈ ਤਿੱਖੀ ਨੌਕ ਵਾਲੀ ਤੇਜ਼ਧਾਰ ਵਸਤੂ ਨਾਲ ਮਾਰ ਕੇ ਬੇਹੋਸ਼ ਕੀਤਾ ਅਤੇ ਫਿਰ ਗਲੇ ਆਦਿ 'ਤੇ ਵੀ ਸੂਏ ਨਾਲ ਮਾਰ ਕੇ ਮੌਤ ਦੇ ਘਾਟ ਉਤਾਰਿਆ। ਘਰ ਦੇ ਇਕ ਕਮਰੇ 'ਚ ਬਿਖਰਿਆ ਸਾਮਾਨ ਭਾਵੇਂ ਲੁੱਟ ਵੱਲ ਇਸ਼ਾਰਾ ਵੀ ਕਰ ਰਿਹਾ ਹੋਵੇ ਪਰ ਘਰ 'ਚੋਂ ਅਜਿਹੀ ਕੋਈ ਵੀ ਕੀਮਤੀ ਵਸਤੂ ਸੋਨਾ ਜਾਂ ਨਕਦੀ ਨੂੰ ਕਾਤਿਲਾਂ ਨੇ ਹੱਥ ਨਹੀ ਲਗਾਇਆ ਤੇ ਉਹ ਕਮਰੇ ਉਵੇਂ ਹੀ ਬੰਦ ਸਨ ਜਿਸ ਤਰ੍ਹਾਂ ਪਹਿਲਾਂ ਸਨ।
ਇਹ ਵੀ ਪੜ੍ਹੋ: ਸਿਰਫਿਰੇ ਆਸ਼ਿਕ ਦਾ ਸ਼ਰਮਨਾਕ ਕਾਰਾ, ਵਿਆਹ ਲਈ ਮਨ੍ਹਾ ਕਰਨ 'ਤੇ ਥਾਪੀ ਨਾਲ ਪਾੜਿਆ ਵਿਆਹੁਤਾ ਦਾ ਸਿਰ
ਕਿਸੇ ਵੀ ਕਮਰੇ ਦਾ ਤਾਲਾ ਨਹੀਂ ਤੋੜਿਆ ਗਿਆ ਅਤੇ ਇੰਝ ਜਾਪਦਾ ਸੀ ਕਿ ਕਾਤਿਲਾਂ ਨੂੰ ਘਰ 'ਚ ਰਹਿ ਕੇ ਬਜ਼ੁਰਗ ਜੋੜੇ ਬਾਰੇ ਪੂਰੀ ਤਰ੍ਹਾਂ ਮਾਲੂਮ ਸੀ। ਜੇ ਕਾਤਲ ਚੋਰੀ ਦੀ ਨੀਅਤ ਨਾਲ ਆਉਂਦੇ ਤਾਂ ਉਹ ਸਾਰਾ ਸਾਮਾਨ ਲੁੱਟ ਕੇ ਲੈ ਜਾਂਦੇ ਤੇ ਕਤਲ ਕਰਨ ਦੀ ਕੀ ਜ਼ਰੂਰਤ ਸੀ ਪਰ ਕਤਲ ਕਰਨ ਆਏ ਕਾਤਲਾਂ ਨੇ ਆਪਣੀ ਚਾਲ ਨੂੰ ਬਾਖੂਬੀ ਅੰਜਾਮ ਦਿੱਤਾ।
ਐੱਸ. ਐੱਚ. ਓ. ਇੰਸ. ਸਰਬਜੀਤ ਸਿੰਘ ਜਿਨ੍ਹਾਂ ਨੂੰ ਹਰ ਅਜਿਹੇ ਮਾਮਲੇ ਨੂੰ ਹੱਲ ਕਰਨ ਦੀ ਮੁਹਾਰਤ ਹਾਸਿਲ ਹੈ, ਦੇ ਮੁਤਾਬਿਕ ਬਾਬੇ ਨਾਨਕ ਦੀ ਧਰਤੀ ਤੇ ਜਿਨ੍ਹਾਂ ਨੇ ਵੀ ਇਹ ਘਿਨੌਣਾ ਅਪਰਾਧ ਕੀਤਾ ਹੈ, ਉਹ ਮੁਲਜ਼ਮ ਜਲਦੀ ਹੀ ਸਲਾਖਾਂ ਦੇ ਪਿੱਛੇ ਹੋਣਗੇ। ਹਲਕੇ 'ਚ ਬਜ਼ੁਰਗ ਜੋੜੇ ਦੀ ਹੋਏ ਕਤਲ ਦੀ ਸਮੂਹ ਵਰਗ 'ਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ ਤੇ ਸਾਰਿਆਂ ਨੇ ਇਸ ਘਟਨਾ ਦੀ ਪੁਰਜੋਰ ਸ਼ਬਦਾਂ 'ਚ ਨਿੰਦਾ ਕੀਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਖ਼ੌਫ਼ਨਾਕ ਵਾਰਦਾਤ: ਡਿਊਟੀ ਤੋਂ ਵਾਪਸ ਜਾ ਰਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ