ਲੁਧਿਆਣਾ 'ਚ ਦਿਨ-ਦਿਹਾੜੇ ਹੋਇਆ ਕਤਲ, ਘਰ 'ਚ ਵੜ ਕੇ ਤਾੜ-ਤਾੜ ਚਲਾਈਆਂ ਗੋਲ਼ੀਆਂ
Wednesday, Jan 04, 2023 - 07:09 PM (IST)
ਜਗਰਾਓਂ (ਹੇਮ ਰਾਜ ਬੱਬਰ): ਲੁਧਿਆਣਾ ਦੇ ਜਗਰਾਓਂ ਵਿਚ ਅੱਜ ਦਿਨ ਦਿਹਾੜੇ ਇਕ ਘਰ 'ਚ ਵੜ ਕੇ ਵਿਅਕਤੀ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਸੀ. ਸੀ. ਟੀ. ਵੀ. ਵਿਚ ਵੀ ਰਿਕਾਰਡ ਹੋ ਗਈ। ਇਸ ਮੌਕੇ ਜਿੱਥੇ ਪੂਰੇ ਪਿੰਡ ਵਿੱਚ ਦਹਸ਼ਤ ਦਾ ਮਾਹੌਲ ਬਣ ਗਿਆ, ਉੱਥੇ ਹੀ ਸੀ. ਸੀ. ਟੀ. ਵੀ. ਜਰੀਏ ਪੁਲਿਸ ਨੇ ਜਲਦੀ ਹੀ ਇਸ ਕਤਲ ਦੀ ਵਾਰਦਾਤ ਨੂੰ ਟ੍ਰੇਸ ਕਰਨ ਦਾ ਦਾਅਵਾ ਵੀ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਜੈਨ ਮੁਨੀ ਸੁਗੇਯਸਾਗਰ ਮਹਾਰਾਜ ਦਾ ਹੋਇਆ ਦੇਹਾਂਤ, ਸਰਕਾਰ ਦੇ ਫ਼ੈਸਲੇ ਵਿਰੁੱਧ 25 ਦਸੰਬਰ ਤੋਂ ਸਨ ਵਰਤ 'ਤੇ
ਜਾਣਕਾਰੀ ਮੁਤਾਬਕ ਅੱਜ ਜਗਰਾਓਂ ਦੇ ਪਿੰਡ ਬਾਰਦਕੇ ਵਿਚ ਇਕ i20 ਕਾਰ ਵਿਚ ਤਿੰਨ ਵਿਅਕਤੀ ਆਏ। ਇਨ੍ਹਾਂ 'ਚੋਂ ਇਕ ਕਾਰ ਵਿਚ ਹੀ ਬੈਠਾ ਰਿਹਾ ਤੇ ਦੋ ਵਿਅਕਤੀ ਘਰ ਵਿਚ ਦਾਖ਼ਲ ਹੋ ਗਏ। ਅੰਦਰ ਵੜਦਿਆਂ ਹੀ ਉਨ੍ਹਾਂ ਨੇ ਘਰ ਦੇ ਮਾਲਕ 'ਤੇ ਗੋਲ਼ੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਚਾਰ ਗੋਲ਼ੀਆਂ ਵਿਚੋਂ 2 ਗੋਲ਼ੀਆਂ ਮਾਲਕ ਦੇ ਲੱਗੀਆਂ। ਗੋਲ਼ੀਆਂ ਦੀ ਆਵਾਜ਼ ਸੁਣ ਕੇ ਜਦੋਂ ਘਰ ਦੀਆਂ ਔਰਤਾਂ ਬਾਹਰ ਆਈਆਂ ਤਾਂ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - SYL 'ਤੇ ਬੋਲੇ ਭਾਜਪਾ ਆਗੂ ਅਸ਼ਵਨੀ ਸ਼ਰਮਾ, ਪੰਜਾਬ ਦੇ ਪਾਣੀਆਂ ਨੂੰ ਲੈ ਕੇ ਕਹੀ ਵੱਡੀ ਗੱਲ
ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਜੋਂ ਹੋਈ ਹੈ ਜੋ ਪਿੰਡ ਬਾਰਦਕੇ ਵਿਚ ਇਲੈਕਟ੍ਰਿਸ਼ਨ ਦਾ ਕੰਮ ਕਰਦਾ ਹੈ। 45 ਸਾਲਾ ਪਰਮਜੀਤ ਦੇ ਦੋ ਗੋਲ਼ੀਆਂ ਲੱਗੀਆਂ ਸਨ। ਇਕ ਗੋਲ਼ੀ ਉਸ ਦੀ ਛਾਤੀ ਵਿਚ ਲੱਗੀ ਤੇ ਦੂਜੀ ਮੱਥੇ 'ਤੇ। ਹਮਲਾਵਰਾਂ ਵੱਲੋਂ ਗੋਲ਼ੀਆਂ ਮਾਰ ਕੇ ਫਰਾਰ ਹੋਣ ਤੋਂ ਬਾਅਦ ਜਦ ਪਰਿਵਾਰਕ ਮੈਂਬਰਾਂ ਵੱਲੋਂ ਪਰਮਜੀਤ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਪਰਿਵਾਰ ਨੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਮਹਾਨ ਫੁੱਟਬਾਲਰ ਪੇਲੇ ਸਪੁਰਦ-ਏ-ਖ਼ਾਕ, ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)
ਘਟਨਾ ਸਬੰਧੀ ਜਦ ਡੀ. ਐੱਸ. ਪੀ. ਸਤਿੰਦਰਪਾਲ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਕਤਲ ਨੂੰ ਪੁਲਸ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ ਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਤਲ ਦੀ ਗੁੱਥੀ ਨੂੰ ਸੀ. ਸੀ. ਟੀ. ਵੀ. ਜ਼ਰੀਏ ਸੁਲਝਾ ਲਿਆ ਜਾਵੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।