ਅਕਾਲੀ ਆਗੂ ਅਜੀਤਪਾਲ ਸਿੰਘ ਦੇ ਕਤਲ ਮਾਮਲੇ ’ਚ ਵੱਡਾ ਖ਼ੁਲਾਸਾ, ਦੋਸਤ ਨੇ ਕਮਾਇਆ ਧ੍ਰੋਹ
Tuesday, Nov 29, 2022 - 05:06 PM (IST)
ਗੁਰਦਾਸਪੁਰ (ਗੁਰਪ੍ਰੀਤ) : ਬਟਾਲਾ ਦੇ ਅਕਾਲੀ ਦਲ ਆਗੂ ਅਜੀਤਪਾਲ ਸਿੰਘ ਦੇ ਬੀਤੀ ਦੇਰ ਰਾਤ ਗੋਲ਼ੀਆਂ ਮਾਰ ਕੀਤੇ ਕਤਲ ਦੇ ਮਾਮਲੇ ’ਚ ਜਿਥੇ ਸਵੇਰ ਤੋਂ ਹੀ ਅਣਪਛਾਤੇ ਵੱਲੋਂ ਫਾਇਰਿੰਗ ਕਰਨ ਦੀ ਗੱਲ ਆਖੀ ਜਾ ਰਹੀ ਸੀ, ਹੁਣ ਉਸ ’ਚ ਇਕ ਵੱਡਾ ਮੋੜ ਸਾਹਮਣੇ ਆਇਆ ਹੈ। ਬਟਾਲਾ ਦੇ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ ਪ੍ਰੈੱਸ ਕਾਨਫਰੰਸ ਕਰਕੇ ਇਸ ਕਤਲ ਮਾਮਲੇ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕਰਦਿਆਂ ਖ਼ੁਲਾਸਾ ਕੀਤਾ ਕਿ ਅਜੀਤਪਾਲ ਸਿੰਘ ਦਾ ਕਤਲ ਉਸ ਦੇ ਸਾਥੀ ਦੋਸਤ ਅੰਮ੍ਰਿਤਪਾਲ ਸਿੰਘ, ਜੋ ਬੀਤੀ ਰਾਤ ਅਜੀਤਪਾਲ ਦੇ ਨਾਲ ਮੌਜੂਦ ਸੀ, ਨੇ ਹੀ ਕੀਤਾ ਹੈ। ਉਥੇ ਹੀ ਇਹ ਵੀ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਸਿੰਘ ਨੇ ਆਪਣੇ ਇਕ ਰਿਸ਼ਤੇਦਾਰ ਗੁਰਮੁੱਖ ਸਿੰਘ ਨਾਲ ਮਿਲ ਕੇ ਦੇਰ ਰਾਤ ਅਜੀਤਪਾਲ ਸਿੰਘ ’ਤੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਫਾਇਰ ਕਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਮੁੜ ਆਪਣੇ ਜੁਰਮ ਨੂੰ ਲਕਾਉਣ ਲਈ ਅੰਮ੍ਰਿਤਪਾਲ ਨੇ ਆਪਣੇ ਰਿਸ਼ਤੇਦਾਰ ਗੁਰਮੁੱਖ ਸਿੰਘ ਦਾ ਸਾਥ ਲੈ ਕੇ ਅਜੀਤਪਾਲ ਦੀ ਲਾਸ਼ ਨੂੰ ਆਪਣੀ ਗੱਡੀ ’ਚ ਰੱਖ ਅੰਮ੍ਰਿਤਸਰ ਹਸਪਤਾਲ ਇਲਾਜ ਕਰਵਾਉਣ ਦੇ ਨਾਂ ’ਤੇ ਲੈ ਗਿਆ।
ਇਹ ਖ਼ਬਰ ਵੀ ਪੜ੍ਹੋ : ਵਿਆਹ ਸਮਾਗਮ ਤੋਂ ਪਰਤ ਰਹੇ ਮਾਂ-ਪੁੱਤ ਨਾਲ ਵਾਪਰਿਆ ਭਿਆਨਕ ਹਾਦਸਾ, ਘਰ ’ਚ ਵਿਛੇ ਸੱਥਰ
ਆਪਣੀ ਗੱਡੀ ਦੇ ਸ਼ੀਸ਼ੇ ’ਤੇ ਖੁਦ ਫਾਇਰ ਕਰ ਕੇ ਇਹ ਕਹਾਣੀ ਘੜੀ ਕਿ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ। ਉਥੇ ਹੀ ਪੁਲਸ ਐੱਸ.ਐੱਸ.ਪੀ. ਬਟਾਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੀਤੀ ਪੁੱਛਗਿੱਛ ’ਚ ਇਹ ਸਾਹਮਣੇ ਆਇਆ ਹੈ ਕਿ ਅੰਮ੍ਰਿਤਪਾਲ ਅਤੇ ਅਜੀਤਪਾਲ ਸਿੰਘ ਵਿਚਾਲੇ ਬੀਤੀ ਰਾਤ ਪਹਿਲਾਂ ਝਗੜਾ ਹੋਇਆ ਅਤੇ ਉਸ ਵਿਚਕਾਰ ਅੰਮ੍ਰਿਤਪਾਲ ਨੇ ਅਜੀਤਪਾਲ ’ਤੇ ਫਾਇਰ ਕਰ ਦਿਤਾ। ਉਥੇ ਹੀ ਪੁਲਸ ਵੱਲੋਂ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਜਦਕਿ ਦੂਸਰਾ ਦੋਸ਼ੀ ਗੁਰਮੁੱਖ ਸਿੰਘ ਫਰਾਰ ਹੈ, ਜਿਸ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਪੁਲਸ ਦੀ ਗ੍ਰਿਫ਼ਤ ’ਚ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਜਿਸ ਸਾਥੀ ਦੋਸਤ ਅਜੀਤਪਾਲ ਦਾ ਉਸ ਨੇ ਕਤਲ ਕੀਤਾ ਹੈ, ਉਹ ਉਸ ਦਾ 2009 ਤੋਂ ਜਿਗਰੀ ਦੋਸਤ ਸੀ ਪਰ ਰਾਤ ਮਹਿਜ਼ ਦੋਵਾਂ ’ਚ ਸ਼ਰੀਕੇ ’ਚ ਵਰਤਣ ਤੋਂ ਹੋਈ ਬਹਿਸ ’ਚ ਉਸ ਨੇ ਗੋਲ਼ੀ ਚਲਾ ਦਿਤੀ ਕਿਉਂਕਿ ਉਸ ਨੂੰ ਇਹ ਡਰ ਹੋ ਗਿਆ ਕਿ ਅਜੀਤਪਾਲ ਕੋਲ ਵੀ ਪਿਸਤੌਲ ਹੈ ਅਤੇ ਉਹ ਉਸ ’ਤੇ ਫਾਇਰ ਕਰਨ ਲੱਗਾ ਹੈ। ਅੰਮ੍ਰਿਤਪਾਲ ਸਿੰਘ ਨੇ ਖੁਦ ਕਬੂਲ ਕੀਤਾ ਕਿ ਕਤਲ ਕਰਨ ਤੋਂ ਬਾਅਦ ਉਸ ਨੇ ਆਪਣੇ ਬਚਾਅ ਲਈ ਪੂਰੀ ਕਹਾਣੀ ਰਚੀ ਸੀ।
ਇਹ ਖ਼ਬਰ ਵੀ ਪੜ੍ਹੋ : ਪ੍ਰੋਫੈਸਰ ਨੇ ਵਿਦਿਆਰਥੀ ਦੀ ਅੱਤਵਾਦੀ ਨਾਲ ਕੀਤੀ ਤੁਲਨਾ, ਕਾਲਜ ਨੇ ਕੀਤਾ ਮੁਅੱਤਲ