ਪੈਟਰੋਲ ਪੰਪ ''ਤੇ ਦੋਹਰਾ ਕਤਲ ਕਰਨ ਵਾਲਿਆਂ ਦਾ ਨਹੀਂ ਲੱਗਾ ਕੋਈ ਸੁਰਾਗ
Wednesday, Jun 20, 2018 - 01:45 AM (IST)

ਪੁਲਸ ਵੱਲੋਂ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ
ਪਟਿਆਲਾ(ਬਲਜਿੰਦਰ)-ਬਹਾਦਰਗੜ੍ਹ ਨਜ਼ਦੀਕ ਪਿੰਡ ਚਮਾਰਹੇੜੀ ਦੇ ਪੈਟਰੋਲ ਪੰਪ 'ਤੇ ਹੋਏ ਦੋਹਰੇ ਕਤਲ ਅਤੇ ਲੁੱਟ ਦੇ ਮਾਮਲੇ ਵਿਚ ਪੁਲਸ ਨੂੰ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਇਸ ਘਟਨਾ ਨੂੰ 2 ਦਿਨ ਬੀਤ ਗਏ ਹਨ ਪਰ ਪੁਲਸ ਹੁਣ ਤੱਕ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ। ਪੁਲਸ ਵੱਲੋਂ ਇਕ ਸ਼ੱਕੀ ਵਿਅਕਤੀ ਦੀ ਤਸਵੀਰ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਪੁਲਸ ਕੋਲ ਅਜੇ ਕਹਿਣ ਨੂੰ ਕੁੱਝ ਨਹੀਂ ਹੈ। ਘਟਨਾ ਤੋਂ ਬਾਅਦ ਏ. ਆਈ. ਜੀ. ਕਾਊਂਟਰ ਇੰਟੈਜੀਲੈਂਸ ਸਮੇਤ ਐੈੱਸ. ਪੀ. ਡੀ., ਡੀ. ਐੈੱਸ. ਪੀ. ਡੀ. ਸਮੇਤ ਸਮੁੱਚੇ ਅਧਿਕਾਰੀ ਇਸ ਮਾਮਲੇ ਨੂੰ ਟਰੇਸ ਕਰਨ ਵਿਚ ਲੱਗੇ ਹੋਏ ਹਨ ਪਰ ਪੁਲਸ ਦੇ ਹੱਥ ਅਜੇ ਖਾਲੀ ਹਨ। ਦੱਸਣਯੋਗ ਹੈ ਕਿ 2 ਦਿਨ ਪਹਿਲਾਂ ਰਾਤ ਨੂੰ 10 ਵਜੇ ਪਿੰਡ ਚਮਾਰਹੇੜੀ ਕੋਲ ਪੈਟਰੋਲ ਪੰਪ 'ਤੇ 3 ਹਥਿਆਰਬੰਦ ਲੁਟੇਰਿਆਂ ਨੇ 2 ਵਿਅਕਤੀਆਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਕੁੱਝ ਨਕਦੀ ਖੋਹ ਕੇ ਫਰਾਰ ਹੋ ਗਏ ਸਨ। ਲੁਟੇਰਿਆਂ ਵੱਲੋਂ 15 ਮਿੰਟ ਤੋਂ ਜ਼ਿਆਦਾ ਤੱਕ ਸ਼ਰੇਆਮ ਬੇਖੌਫ ਹੋ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਪੂਰਾ ਇਲਾਕਾ ਦਹਿਸ਼ਤ ਵਿਚ ਹੈ। ਲੋਕਾਂ ਦੀਆਂ ਨਜ਼ਰਾਂ ਪੁਲਸ 'ਤੇ ਟਿਕੀਆਂ ਹੋਈਆਂ ਹਨ। ਜੇਕਰ ਅਜਿਹੇ ਕਾਤਲ ਜਲਦੀ ਗ੍ਰਿਫ਼ਤਾਰ ਨਹੀਂ ਹੁੰਦੇ ਤਾਂ ਉਨ੍ਹਾਂ ਵੱਲੋਂ ਮੁੜ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਮਨਸ਼ਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।