2 ਧਿਰਾਂ ਦਰਮਿਆਨ ਹੋਏ ਝਗੜੇ ''ਚ ਥ੍ਰੀ-ਵ੍ਹੀਲਰ ਚਾਲਕ ਦੀ ਮੌਤ

03/30/2018 4:34:23 AM

ਲੁਧਿਆਣਾ(ਮਹੇਸ਼)-ਰਾਹੋਂ ਰੋਡ 'ਤੇ ਬੁੱਧਵਾਰ ਰਾਤ ਨੂੰ 2 ਧਿਰਾਂ ਦਰਮਿਆਨ ਹੋਏ ਝਗੜੇ ਦੌਰਾਨ ਇਕ ਥ੍ਰੀ-ਵ੍ਹੀਲਰ ਚਾਲਕ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਪਛਾਣ ਜੈ ਸਿੰਘ ਨਗਰ ਦੇ 35 ਸਾਲਾ ਸਤਨਾਮ ਸਿੰਘ ਦੇ ਰੂਪ ਵਿਚ ਹੋਈ ਹੈ। ਜੋਧੇਵਾਲ ਪੁਲਸ ਨੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਇੰਸ. ਮੁਹੰਮਦ ਜਮੀਲ ਦਾ ਕਹਿਣਾ ਹੈ ਕਿ ਮੈਡੀਕਲ ਰਿਪੋਰਟ ਆਉਣ ਦੀ ਉਡੀਕ ਕੀਤੀ ਜਾ ਰਹੀ ਹੈ। ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ, ਜਦੋਂਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਤਨਾਮ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਗਿਆ ਕਿ ਉਹ ਜ਼ਖਮਾਂ ਦੀ ਤਾਬ ਨਾਲ ਝੱਲ ਸਕਿਆ ਅਤੇ ਉਸ ਨੇ ਇਲਾਜ ਦੌਰਾਨ ਹਸਪਤਾਲ 'ਚ ਦਮ ਤੋੜ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਦੋਸ਼ੀ ਬੇਹੱਦ ਪ੍ਰਭਾਵਸ਼ਾਲੀ ਵਿਅਕਤੀ ਹਨ। ਉਨ੍ਹਾਂ ਦੇ ਸਿਰ 'ਤੇ ਕਈ ਸਿਆਸੀ ਆਗੂਆਂ ਦਾ ਹੱਥ ਹੈ, ਜਿਸ ਕਾਰਨ ਪੁਲਸ ਕੇਸ ਦੀ ਲੀਪਾ-ਪੋਚੀ ਕਰਨ ਵਿਚ ਜੁਟ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਸਰੀਰ ਦੇ ਬਾਹਰੀ ਹਿੱਸੇ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਜ਼ਖ਼ਮ ਨਹੀਂ ਪਾਇਆ ਗਿਆ ਹੈ। ਜੇਕਰ ਕੋਈ ਅੰਦਰੂਨੀ ਡੂੰਘੀ ਸੱਟ ਲੱਗੀ ਹੈ, ਜਿਸ ਨਾਲ ਉਸ ਦੀ ਮੌਤ ਹੋਈ ਹੈ ਤਾਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੇ ਲਈ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।
ਸਤਨਾਮ ਦੇ ਪਿਤਾ ਚਰਨ ਸਿੰਘ ਨੇ ਦੱਸਿਆ ਕਿ ਉਸ ਦਾ ਬੇਟਾ ਥ੍ਰੀ-ਵ੍ਹੀਲਰ ਚਲਾਉਂਦਾ ਸੀ। ਸਤਨਾਮ ਦੇ 2 ਬੇਟੇ ਹਨ। ਇਕ 17 ਸਾਲ ਅਤੇ ਦੂਜਾ 15 ਸਾਲ ਦਾ ਹੈ। ਕੱਲ ਰਾਤ ਨੂੰ ਉਹ ਘਰੋਂ ਦੁੱਧ ਲੈਣ ਮਾਰਕੀਟ ਗਿਆ ਸੀ। ਠੇਕੇ ਕੋਲ ਇਕ ਦੁਕਾਨ 'ਤੇ ਕਿਸੇ ਗੱਲ ਨੂੰ ਲੈ ਕੇ ਸਤਨਾਮ ਦਾ ਝਗੜਾ ਹੋ ਗਿਆ। ਉਸ ਦੁਕਾਨਦਾਰ ਨੇ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਉਸ ਦੇ ਬੇਟੇ ਨੂੰ ਬੇਰਹਿਮੀ ਨਾਲ ਕੁੱਟਿਆ। ਇਸ ਗੱਲ ਦਾ ਪਤਾ ਲੱਗਣ 'ਤੇ ਜਦੋਂ ਉਹ ਅਤੇ ਉਸ ਦੀ ਪਤਨੀ ਮੌਕੇ 'ਤੇ ਪੁੱਜੇ ਤਾਂ ਉਨ੍ਹਾਂ ਨੂੰ ਡਰਾ ਧਮਕਾ ਕੇ ਉੱਥੋਂ ਭਜਾ ਦਿੱਤਾ ਗਿਆ। ਪੁਲਸ ਅਤੇ ਮਾਰਕੀਟ ਦੇ ਕੁੱਝ ਲੋਕਾਂ ਨੇ ਸਤਨਾਮ ਨੂੰ ਹਸਪਤਾਲ ਪਹੁੰਚਾਇਆ ਅਤੇ ਉਸ ਨੂੰ ਲਾਵਾਰਸ ਹਾਲਤ 'ਚ ਛੱਡ ਕੇ ਉੱਥੋਂ ਚਲੇ ਗਏ। ਉਹ ਹਸਪਤਾਲ ਪੁੱਜੇ ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਸਤਨਾਮ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਸ ਦੀ ਮੌਤ ਹੋ ਚੁੱਕੀ ਸੀ।


Related News