ਔਰਤ ''ਤੇ ਹਮਲਾ, ਇਲਾਜ ਦੌਰਾਨ ਹੋਈ ਮੌਤ
Sunday, Jan 07, 2018 - 01:14 AM (IST)

ਫਿਰੋਜ਼ਪੁਰ(ਮਲਹੋਤਰਾ)-ਘਰਵਾਲੇ ਨਾਲ ਗੁਰਦੁਆਰੇ ਜਾ ਰਹੀ ਔਰਤ 'ਤੇ ਇਕ ਵਿਅਕਤੀ ਨੇ ਲੱਕੜ ਦੇ ਬਾਲੇ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਕੁੱਟ-ਕੁੱਟ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਔਰਤ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਕਾਲਜ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਘਟਨਾ ਸ਼ੁੱਕਰਵਾਰ ਸਵੇਰੇ ਪਿੰਡ ਰਟੋਲ ਰੋਹੀ ਵਿਚ ਹੋਈ। ਏ. ਐੱਸ. ਆਈ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਰੇਸ਼ਮ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਬਿਆਨ ਦਿੱਤੇ ਹਨ ਕਿ ਉਹ ਆਪਣੀ ਪਤਨੀ ਜਸਬੀਰ ਕੌਰ ਨਾਲ ਘਰ ਤੋਂ ਗੁਰਦੁਆਰੇ ਜਾ ਰਿਹਾ ਸੀ ਤਾਂ ਅਚਾਨਕ ਗਿਆਨ ਸਿੰਘ ਆਪਣੇ ਘਰੋਂ ਨਿਕਲਿਆ, ਉਸਦੇ ਹੱਥ ਵਿਚ ਲੱਕੜ ਦਾ ਬਾਲਾ ਫੜਿਆ ਹੋਇਆ ਸੀ ਜੋ ਉਸ ਨੇ ਉਸਦੀ ਪਤਨੀ ਦੇ ਸਿਰ 'ਤੇ ਮਾਰ ਦਿੱਤਾ। ਅਚਾਨਕ ਹਮਲੇ ਨਾਲ ਉਸਦੀ ਪਤਨੀ ਜ਼ਮੀਨ 'ਤੇ ਡਿੱਗ ਪਈ ਤਾਂ ਦੋਸ਼ੀ ਨੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਦੋ-ਤਿੰਨ ਵਾਰ ਹੋਰ ਕਰ ਦਿੱਤੇ ਤੇ ਫਰਾਰ ਹੋ ਗਿਆ। ਬੇਹੋਸ਼ੀ ਦੀ ਹਾਲਤ ਵਿਚ ਜਸਵੀਰ ਕੌਰ ਨੂੰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਏ. ਐੱਸ. ਆਈ. ਨੇ ਦੱਸਿਆ ਕਿ ਦੋਸ਼ੀ ਖਿਲਾਫ ਕਤਲ ਦਾ ਪਰਚਾ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਵਿਚ ਇਸ ਹਮਲੇ ਦੀ ਕੋਈ ਵੀ ਵਜ੍ਹਾ ਰੰਜਿਸ਼ ਨਹੀਂ ਪਾਈ ਗਈ ਤੇ ਇਹ ਪਤਾ ਲੱਗਿਆ ਹੈ ਕਿ ਦੋਸ਼ੀ ਗਿਆਨ ਸਿੰਘ ਦਾ ਮਾਨਸਿਕ ਸੰਤੁਲਨ ਕੁਝ ਠੀਕ ਨਹੀਂ ਹੈ। ਪੁਲਸ ਦੋਸ਼ੀ ਦੀ ਭਾਲ ਕਰ ਰਹੀ ਹੈ।