ਤੇਜ਼ਧਾਰ ਹਥਿਆਰਾਂ ਨਾਲ ਧਾਰਮਕ ਅਸਥਾਨ ਦੇ ਸੇਵਾਦਾਰ ਦਾ ਕਤਲ

Thursday, Nov 09, 2017 - 05:16 AM (IST)

ਜਲੰਧਰ(ਪ੍ਰੀਤ)-ਗੜ੍ਹਾ ਤੋਂ ਕੈਂਟ ਰੋਡ 'ਤੇ ਧਾਰਮਕ ਅਸਥਾਨ ਦੇ ਸੇਵਾਦਾਰ ਦਾ ਅਣਪਛਾਤੇ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਹਾਲਾਂਕਿ ਦੇਰ ਸ਼ਾਮ ਜਦੋਂ ਸੇਵਾਦਾਰ ਰਾਜੇਸ਼ ਕੁਮਾਰ ਉਰਫ ਰਾਜੂ ਧਾਰਮਕ ਅਸਥਾਨ ਨੇੜੇ ਖੂਨ ਨਾਲ ਲਥਪਥ ਹਾਲਤ 'ਚ ਮਿਲਿਆ ਤਾਂ ਪਹਿਲਾਂ ਪੁਲਸ ਨੂੰ ਸੜਕ ਹਾਦਸੇ ਦਾ ਮੈਸੇਜ ਦਿੱਤਾ ਗਿਆ ਪਰ ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਮਾਮਲਾ ਹੱਤਿਆ ਦਾ ਨਿਕਲਿਆ। ਮ੍ਰਿਤਕ ਦੇ ਸਰੀਰ ਤੇ ਸਿਰ 'ਤੇ ਡੂੰਘੇ ਜ਼ਖਮ ਪਾਏ ਗਏ ਹਨ। ਦੇਰ ਰਾਤ ਤੱਕ ਡੀ. ਸੀ. ਪੀ. ਗੁਰਮੀਤ ਸਿੰਘ ਤੇ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਸੀ। ਜਾਣਕਾਰੀ ਮੁਤਾਬਕ ਗੜ੍ਹਾ ਤੋਂ ਕੈਂਟ ਰੋਡ 'ਤੇ ਸਥਿਤ ਧਾਰਮਕ ਅਸਥਾਨ ਦਾ ਸੇਵਾਦਾਰ ਰਾਜੇਸ਼ ਕੁਮਾਰ ਉਰਫ ਰਾਜੂ ਅੱਜ ਰਾਤ ਦੇਰ ਤੱਕ ਘਰ ਨਹੀਂ ਪਹੁੰਚਿਆ ਤਾਂ ਉਸ ਦਾ ਭਰਾ ਸੁਰੇਸ਼ ਉਸ ਨੂੰ ਦੇਖਣ ਲਈ ਘਰੋਂ ਨਿਕਲਿਆ। ਧਾਰਮਕ ਅਸਥਾਨ ਨੇੜੇ ਉਹ ਖੂਨ ਨਾਲ ਲਥਪਥ ਪਾਇਆ ਗਿਆ ਤੇ ਉਸ ਨੂੰ ਤੁਰੰਤ ਐੱਸ. ਜੀ. ਐੱਲ. ਚੈਰੀਟੇਬਲ ਹਸਪਤਾਲ ਲੈ ਗਏ, ਜਿਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਇਸ ਦੌਰਾਨ ਪੁਲਸ ਨੂੰ ਸੂਚਨਾ ਦਿੱਤੀ ਗਈ ਕਿ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ ਹੋਈ ਹੈ। ਸੂਚਨਾ ਮਿਲਣ 'ਤੇ ਥਾਣਾ ਨੰਬਰ 7 ਦੇ ਐੱਸ. ਐੱਚ. ਓ. ਓਂਕਾਰ ਸਿੰਘ ਬਰਾੜ ਮੌਕੇ 'ਤੇ ਪਹੁੰਚੇ ਪਰ ਰਾਜੂ ਦੇ ਸਰੀਰ 'ਤੇ ਜ਼ਖਮ ਦੇਖ ਕੇ ਮਾਮਲਾ ਹਾਦਸੇ ਦਾ ਨਾ ਹੋ ਕੇ ਕੁਝ ਹੋਰ ਲੱਗਾ। ਜਾਂਚ ਸ਼ੁਰੂ ਕੀਤੀ ਤਾਂ ਸਪੱਸ਼ਟ ਹੋਇਆ ਕਿ ਰਾਜੂ ਸੜਕ ਹਾਦਸੇ ਦਾ ਨਹੀਂ ਬਲਕਿ ਅਣਪਛਾਤੇ ਹੱਤਿਆਰਿਆਂ ਦਾ ਸ਼ਿਕਾਰ ਬਣਿਆ ਹੈ।  ਇੰਸਪੈਕਟਰ ਓਂਕਾਰ ਸਿੰਘ ਬਰਾੜ ਨੇ ਦੱਸਿਆ ਕਿ ਮਾਮਲਾ ਹੱਤਿਆ ਦਾ ਹੈ ਪਰ ਫਿਲਹਾਲ ਇਸ ਦੇ ਕਾਰਨਾਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਜਾਂਚ ਉਪਰੰਤ ਹੀ ਸਥਿਤੀ ਸਪੱਸ਼ਟ ਹੋਵੇਗੀ।


Related News