ਪੁੱਤਰਾਂ ਨੇ ਗਲਾ ਘੁੱਟ ਕੇ ਕੀਤਾ ਸੀ ਮਾਂ ਦਾ ਕਤਲ
Wednesday, Jul 19, 2017 - 06:06 AM (IST)
'ਸ਼ਾਦੀ ਡਾਟ ਕਾਮ' ਰਾਹੀਂ ਲੋਕਾਂ ਨੂੰ ਜਾਲ 'ਚ ਫਸਾ ਕੇ ਕਰਦੀ ਸੀ ਬਲੈਕਮੇਲ
ਲੁਧਿਆਣਾ(ਰਿਸ਼ੀ)-ਜੀਵਨ ਸਾਥੀ ਡਾਟ ਕਾਮ ਦੇ ਜ਼ਰੀਏ ਲੋਕਾਂ ਨੂੰ ਵਿਆਹ ਦਾ ਝਾਂਸਾ ਦੇ ਕੇ ਜਾਲ ਵਿਚ ਫਸਾ ਕੇ ਬਲੈਕਮੇਲ ਕਰਨ ਵਾਲੀ ਔਰਤ ਅਮਰਜੀਤ ਕੌਰ (53) ਦੀਆਂ ਹਰਕਤਾਂ ਤੋਂ ਤੰਗ ਆ ਕੇ ਬਦਨਾਮੀ ਦੇ ਡਰੋਂ ਦੋਵੇਂ ਪੁੱਤਰਾਂ ਨੇ ਹੀ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪੁਲਸ ਤੋਂ ਬਚਣ ਲਈ ਉਸ ਨੂੰ ਸੁਸਾਈਡ ਦਾ ਰੂਪ ਦੇਣ ਦਾ ਯਤਨ ਕੀਤਾ ਪਰ ਉਹ ਕਾਮਯਾਬ ਨਾ ਹੋ ਸਕੇ। ਕਮਿਸ਼ਨਰੇਟ ਪੁਲਸ ਨੇ ਕੁਝ ਘੰਟਿਆਂ ਵਿਚ ਕੇਸ ਹੱਲ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐੱਨ. ਢੋਕੇ, ਡੀ. ਸੀ. ਪੀ. ਧਰੁਮਣ ਨਿੰਬਲੇ ਨੇ ਮੰਗਲਵਾਰ ਨੂੰ ਪੱਤਰਕਾਰ ਸਮਾਗਮ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਦੋਸ਼ੀਆਂ ਦੀ ਪਛਾਣ ਵੱਡਾ ਪੁੱਤਰ ਸੰਦੀਪ ਸੈਣੀ (25) ਨਿਵਾਸੀ ਹੈਬੋਵਾਲ ਅਤੇ ਛੋਟਾ ਪੁੱਤਰ ਸਮਰਜੀਤ ਸਿੰਘ (20) ਵਾਸੀ ਮਾਧੋਪੁਰੀ ਦੇ ਰੂਪ ਵਿਚ ਹੋਈ ਹੈ। ਦੋਵਾਂ ਖਿਲਾਫ ਭੈਣ ਗਗਨਦੀਪ ਕੌਰ ਦੀ ਸ਼ਿਕਾਇਤ 'ਤੇ ਥਾਣਾ ਡਵੀਜ਼ਨ ਨੰ. 3 ਵਿਚ ਕਤਲ ਦਾ ਕੇਸ (ਧਾਰਾ 302) ਦਰਜ ਕੀਤਾ ਗਿਆ ਹੈ। ਪੁਲਸ ਦੋਸ਼ੀਆਂ ਨੂੰ ਬੁੱਧਵਾਰ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕਰ ਕੇ ਬਾਰੀਕੀ ਨਾਲ ਪੁੱਛਗਿੱਛ ਕਰੇਗੀ। ਵਾਰਦਾਤ ਵਿਚ ਵਰਤੀ ਗਈ ਐਕਟਿਵਾ ਅਤੇ ਮੋਬਾਇਲ ਫੋਨ ਪੁਲਸ ਨੇ ਬਰਾਮਦ ਕਰ ਲਏ ਹਨ।
ਕਤਲ ਕਰ ਕੇ ਛੋਟਾ ਪੁੱਤਰ ਉਪਰ ਕਮਰੇ ਵਿਚ ਜਾ ਕੇ ਸੌਂ ਗਿਆ
ਪੁਲਸ ਮੁਤਾਬਕ ਕਤਲ ਕਰਨ ਤੋਂ ਬਾਅਦ ਵੱਡਾ ਪੁੱਤਰ ਐਕਟਿਵਾ 'ਤੇ ਹੈਬੋਵਾਲ ਘਰ ਚਲਾ ਗਿਆ, ਜਦੋਂਕਿ ਛੋਟਾ ਪੁੱਤਰ ਛੱਤ 'ਤੇ ਜਾ ਕੇ ਆਰਾਮ ਨਾਲ ਕਮਰੇ ਵਿਚ ਸੌਂ ਗਿਆ। ਲਗਭਗ ਸਵਾ ਦੋ ਘੰਟੇ ਬਾਅਦ ਥੱਲੇ ਉਤਰ ਕੇ ਆਇਆ ਅਤੇ ਡਰਾਮਾ ਰਚ ਕੇ ਭੈਣ ਨੂੰ ਫੋਨ ਕੀਤਾ।
ਨਾਨੀ ਦੇ ਭੋਗ 'ਤੇ 1 ਮਹੀਨਾ ਪਹਿਲਾਂ ਬਣਾਈ ਯੋਜਨਾ
ਦੋਵੇਂ ਭਰਾ ਸਾਲਾਂ ਤੋਂ ਇਕ-ਦੂਜੇ ਨੂੰ ਬੁਲਾਉਂਦੇ ਨਹੀਂ ਸਨ। ਲਗਭਗ 1 ਮਹੀਨਾ ਪਹਿਲਾਂ ਮੁੰਡੀਆਂ ਵਿਚ ਨਾਨੀ ਦੇ ਭੋਗ 'ਤੇ ਮਿਲੇ ਤਾਂ ਪ੍ਰਾਪਰਟੀ ਦੀ ਗੱਲ ਨੂੰ ਲੈ ਕੇ ਮਾਂ ਦਾ ਕਤਲ ਕਰਨ ਦੀ ਯੋਜਨਾ ਬਣਾ ਲਈ, ਜਿਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਕਿ ਸਾਰੀ ਪ੍ਰਾਪਰਟੀ ਦੋਵੇਂ ਭਰਾ ਅੱਧੀ-ਅੱਧੀ ਵੰਡ ਲੈਣ।
ਕਈ ਸ਼ਹਿਰਾਂ 'ਚ ਰੇਪ ਦੇ ਕੇਸ ਦਰਜ ਕਰਵਾ ਚੁੱਕੀ ਮ੍ਰਿਤਕਾ
ਪੁਲਸ ਮੁਤਾਬਕ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕਾ ਵੱਲੋਂ ਜੈਪੁਰ, ਦਿੱਲੀ, ਅੰਬਾਲਾ, ਡਵੀਜ਼ਨ ਨੰ. 6 ਵਿਚ ਕਈ ਰੇਪ ਦੇ ਕੇਸ ਅਤੇ ਕਈਆਂ ਦੀਆਂ ਸ਼ਿਕਾਇਤਾਂ ਦੇ ਚੁੱਕੀ ਹੈ ਅਤੇ ਜ਼ਿਆਦਾਤਰ ਕੇਸਾਂ ਵਿਚ ਸਮਝੌਤਾ ਹੋ ਗਿਆ। ਪੁਲਸ ਮੁਤਾਬਕ ਅਧਖੜ ਉਮਰ ਦੇ ਲੋਕਾਂ ਨੂੰ ਔਰਤ ਆਪਣੇ ਸੰਪਰਕ ਵਿਚ ਲੈ ਕੇ ਆਉਂਦੀ ਸੀ।
ਕਾਰ ਦੀ ਕਿਸ਼ਤ ਦੇਣ ਬਹਾਨੇ ਹੋਇਆ ਦਾਖਲ
ਏ. ਸੀ. ਪੀ. ਕੇਂਦਰੀ ਮਨਦੀਪ ਸਿੰਘ ਦੇ ਮੁਤਾਬਕ ਵੱਡਾ ਪੁੱਤਰ ਕਾਫੀ ਸਮੇਂ ਤੋਂ ਮਾਂ ਤੋਂ ਵੱਖ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਮਾਂ ਨੇ ਫੋਨ ਕਰ ਕੇ ਕਾਰ ਦੀ ਕਿਸ਼ਤ ਦੇਣ ਲਈ ਕਿਹਾ ਸੀ। ਨਾਲ ਹੀ ਪੈਸੇ ਦੇਣ ਦੇ ਬਹਾਨੇ ਮੰਗਲਵਾਰ ਸਵੇਰੇ ਘਰ ਵਿਚ ਦਾਖਲ ਹੋਇਆ, ਜਿੱਥੇ ਛੋਟਾ ਬੇਟਾ ਆ ਗਿਆ। 10 ਮਿੰਟ ਇਕੱਠੇ ਬੈਠਣ ਤੋਂ ਬਾਅਦ ਮਾਂ ਨੂੰ ਚਾਹ ਬਣਾਉਣ ਦੀ ਗੱਲ ਕਹੀ। ਜਦੋਂ ਉਹ ਰਸੋਈ ਵਿਚ ਗਈ ਤਾਂ ਦੋਵਾਂ ਨੇ ਜਾ ਕੇ ਗਲਾ ਘੁੱਟ ਦਿੱਤਾ। ਪੁਲਸ ਮੁਤਾਬਕ ਲਗਭਗ 10 ਮਿੰਟ ਤੱਕ ਮਾਂ ਤੜਫਦੀ ਰਹੀ ਪਰ ਉਨ੍ਹਾਂ ਨੇ ਗਲਾ ਨਾ ਛੱਡਿਆ।
ਗੁਆਂਢੀ ਦੇ ਕੈਮਰਿਆਂ ਨੇ ਸੁਲਝਾਇਆ ਮਾਮਲਾ
ਇੰਸ. ਸੰਜੀਵ ਕਪੂਰ ਮੁਤਾਬਕ ਸਵੇਰੇ ਜਦੋਂ ਉਨ੍ਹਾਂ ਨੇ ਜਾਂਚ ਸ਼ੁਰੂ ਕੀਤੀ ਤਾਂ ਵੱਡੇ ਪੁੱਤਰ ਨੇ ਦੱਸਿਆ ਕਿ ਉਹ ਲਗਭਗ 2 ਮਹੀਨੇ ਪਹਿਲਾਂ ਆਪਣੀ ਮਾਂ ਨੂੰ ਮਿਲਿਆ ਸੀ। ਗੁਆਂਢੀ ਦੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਤਾਂ ਉਸ ਵਿਚ ਸਾਫ ਦਿਖਾਈ ਦੇ ਰਿਹਾ ਸੀ ਕਿ ਵੱਡਾ ਪੁੱਤਰ ਸਵੇਰ 7.13 ਵਜੇ ਐਕਟਿਵਾ 'ਤੇ ਹੈਬੋਵਾਲ ਤੋਂ ਮਾਂ ਦੇ ਕੋਲ ਆਇਆ ਅਤੇ 7.51 ਵਜੇ ਵਾਪਸ ਚਲਾ ਗਿਆ, ਜਿਸ ਨਾਲ ਉਸ ਦਾ ਝੂਠ ਫੜਿਆ ਗਿਆ।
ਫੈਮਿਲੀ ਬੈਕਗਰਾਊਂਡ
ਥਾਣਾ ਮੁਖੀ ਸੰਜੀਵ ਕਪੂਰ ਮੁਤਾਬਕ ਮ੍ਰਿਤਕਾ ਅਮਰਜੀਤ ਕੌਰ ਦਾ ਵਿਆਹ 1990 ਵਿਚ ਹਰਭਜਨ ਸੈਣੀ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ ਘਰ 3 ਬੇਟੀਆਂ ਅਤੇ 1 ਬੇਟੇ ਨੇ ਜਨਮ ਲਿਆ। ਕੁਝ ਸਾਲਾਂ ਬਾਅਦ ਉਨ੍ਹਾਂ ਦਾ ਘਰੇਲੂ ਝਗੜਾ ਹੋ ਗਿਆ ਅਤੇ ਅਮਰਜੀਤ ਕੌਰ ਮਾਧੋਪੁਰੀ ਵਿਚ ਆ ਕੇ ਰਹਿਣ ਲੱਗ ਪਈ, ਜਦੋਂਕਿ ਪਤੀ ਸੁੰਦਰ ਨਗਰ ਵਿਚ ਇਕੱਲਾ ਰਹਿੰਦਾ ਸੀ। ਕੁਝ ਸਮੇਂ ਬਾਅਦ ਅਮਰਜੀਤ ਦੇ ਘਰ ਇਕ ਹੋਰ ਪੁੱਤਰ ਸਿਮਰਜੀਤ ਸਿੰਘ ਪੈਦਾ ਹੋਇਆ, ਜਿਸ ਨੂੰ ਆਪਣੀ ਔਲਾਦ ਨਾ ਹੋਣ ਦਾ ਦਾਅਵਾ ਕਰ ਕੇ ਹਰਭਜਨ ਸੈਣੀ ਨੇ ਸਾਲ 1997 ਦੇ ਕਰੀਬ ਮਾਣਯੋਗ ਅਦਾਲਤ ਵਿਚ ਡੀ. ਐੱਨ. ਏ. ਟੈਸਟ ਕਰਵਾਉਣ ਦੀ ਗੱਲ ਕਹੀ। ਸਾਲ 2003 ਵਿਚ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪ੍ਰਾਪਰਟੀ ਸੰਦੀਪ ਸੈਣੀ ਦੇ ਨਾਮ ਹੋ ਗਈ, ਜਦੋਂਕਿ ਤਿੰਨੋਂ ਬੇਟੀਆਂ ਦਾ ਵਿਆਹ ਹੋ ਚੁੱਕਾ ਸੀ। ਉਸ ਸਮੇਂ ਸਿਮਰਜੀਤ ਸਿੰਘ ਆਪਣੀ ਮਾਂ ਦੀ ਹਾਂ ਵਿਚ ਹਾਂ ਮਿਲਾ ਰਿਹਾ ਸੀ ਪਰ ਬਾਅਦ ਵਿਚ ਉਸ ਦਾ ਵੀ ਮਾਂ ਦੇ ਨਾਲ ਝਗੜਾ ਰਹਿਣ ਲੱਗ ਪਿਆ ਸੀ।
