ਕਤਲ ਦੇ ਇਲਜ਼ਾਮ ਲੱਗਣ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

Wednesday, Aug 14, 2024 - 05:46 PM (IST)

ਕਤਲ ਦੇ ਇਲਜ਼ਾਮ ਲੱਗਣ ਤੋਂ ਬਾਅਦ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਕੋਟਕਪੂਰਾ (ਨਰਿੰਦਰ ਬੈੜ੍ਹ) : ਅੱਜ ਇੱਥੇ ਨਵੀਂ ਦਾਣਾ ਮੰਡੀ ਵਿਖੇ ਇਕ ਨੌਜਵਾਨ ਵੱਲੋਂ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਖ਼ੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਪਛਾਣ ਕੋਟਕਪੂਰਾ ਦੇ ਰਹਿਣ ਵਾਲੇ ਗੁਰਮੀਤ ਸਿੰਘ ਵੱਜੋਂ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਸਥਾਨਕ ਮੋਗਾ-ਬਠਿੰਡਾ ਰੋਡ ਤਿੰਨਕੌਣੀ ਦੇ ਨੇੜੇ ਦਾਣਾ ਮੰਡੀ ਵਿਚ ਖੜ੍ਹੇ ਸਫੈਦਿਆਂ ਦੇ ਦਰੱਖਤਾਂ ਵਾਲੇ ਪਾਸਿਓਂ ਨੇੜੇ ਦੇ ਦੁਕਾਨਦਾਰਾਂ ਨੂੰ ਬਦਬੂ ਆਈ ਤਾਂ ਉਨ੍ਹਾਂ ਜਦੋਂ ਅੰਦਰ ਵੇਖਿਆ ਤਾਂ ਇਕ ਵਿਅਕਤੀ ਸਫੈਦੇ ਦੇ ਦਰੱਖਤ ਨਾਲ ਲਟਕ ਰਿਹਾ ਸੀ, ਜਿਸ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਸੀ। ਲੋਕਾਂ ਵੱਲੋਂ ਇਸ ਸਬੰਧ ਵਿਚ ਤੁਰੰਤ ਥਾਣਾ ਸਿਟੀ ਕੋਟਕਪੂਰਾ ਨੂੰ ਸੂਚਿਤ ਕੀਤਾ ਗਿਆ। 

ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਸ ਕੋਟਕਪੂਰਾ ਦੇ ਐੱਸ.ਐੱਚ.ਓ. ਇੰਸ. ਮਨੋਜ ਕੁਮਾਰ ਸਮੇਤ ਪੁਲਸ ਪਾਰਟੀ ਤੁਰੰਤ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਿਕਰਯੋਗ ਹੈ ਕਿ ਤਕਰੀਬਨ ਇਕ ਹਫਤਾ ਪਹਿਲਾਂ ਥਾਣਾ ਸਦਰ ਕੋਟਕਪੂਰਾ ਦੇ ਪਿੰਡ ਔਲਖ ਵਿਖੇ ਇਕ ਔਰਤ ਦਾ ਤੇਜ਼ਥਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਦੇ ਇਲਜ਼ਾਮ ਉਕਤ ਵਿਅਕਤੀ ਗੁਰਮੀਤ ਸਿੰਘ 'ਤੇ ਲੱਗੇ ਸਨ ਅਤੇ ਉਸ ਖ਼ਿਲਾਫ ਥਾਣਾ ਸਦਰ ਕੋਟਕਪੂਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਸੀ। ਕਤਲ ਵਾਲੇ ਦਿਨ ਤੋਂ ਬਾਅਦ ਤੋਂ ਹੀ ਉਕਤ ਵਿਅਕਤੀ ਫਰਾਰ ਚੱਲ ਰਿਹਾ ਸੀ ਅਤੇ ਕੋਟਕਪੂਰਾ ਪੁਲਸ ਵੱਲੋਂ ਉਕਤ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਇਸ ਸਬੰਧ ਵਿਚ ਜਤਿੰਦਰ ਸਿੰਘ ਡੀ.ਐੱਸ.ਪੀ ਕੋਟਕਪੂਰਾ ਨੇ ਦੱਸਿਆ ਕਿ ਪੁਲਸ ਵੱਲੋਂ ਪੂਰੇ ਮਾਮਲੇ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।


author

Gurminder Singh

Content Editor

Related News