ਸਹੁਰਿਆ ਨੇ ਕਤਲ ਕੀਤੀ 22 ਸਾਲਾ ਨੂੰਹ, ਜਿਸ ਧੀ ਨੂੰ ਹੱਥੀਂ ਵਿਆਹਿਆ ਉਸੇ ਦੀ ਲਾਸ਼ ਸੜਕ ''ਚ ਰੱਖ ਧਾਹਾਂ ਮਾਰ ਰੋਏ ਮਾਪੇ

08/19/2017 6:54:17 PM

ਗੁਰਦਾਸਪੁਰ (ਦੀਪਕ) : ਸ਼ਨੀਵਾਰ ਨੂੰ ਗੁਰਦਾਸਪੁਰ ਸ਼ਹਿਰ ਦੇ ਕਾਲਜ ਰੋਡ 'ਤੇ ਸਥਿਤ ਸੰਤ ਨਗਰ ਵਿਖੇ ਇਕ ਸਹੁਰੇ ਪਰਿਵਾਰ ਵੱਲਂੋ ਦਾਜ ਦੀ ਮੰਗ ਪੂਰੀ ਨਾ ਕਰਨ 'ਤੇ ਆਪਣੀ ਨੂੰਹ ਨੂੰ ਜ਼ਹਿਰਲੀ ਵਸਤੂ ਦੇ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਨ੍ਹਾਂ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਹਾਲਾਂਕਿ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਜਿਸ ਗੱਲ ਤੋਂ ਭੜਕੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਿਚ ਆ ਕੇ ਕਾਹਨੂੰਵਾਨ ਚੌਕ ਵਿਚ ਲਾਸ਼ ਰੱਖ ਕੇ ਚੱਕਾ ਜਾਮ ਕਰਕੇ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਧਰਨੇ ਦੌਰਾਨ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਸਾਡੀ ਲੜਕੀ ਦੇ ਸਹੁਰੇ ਪਰਿਵਾਰ ਨੂੰ ਪੁਲਸ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਸਮਾਪਤ ਨਹੀਂ ਕੀਤਾ ਜਾਵੇਗਾ ਪਰ ਬਾਅਦ ਵਿਚ ਪੁਲਸ ਦੇ ਭਰੋਸਾ ਤੋਂ ਬਾਅਦ ਧਰਨਾ ਸਮਾਪਤ ਕਰ ਲਿਆ ਗਿਆ।
ਜਾਣਕਾਰੀ ਅਨੁਸਾਰ ਮ੍ਰਿਤਕ ਨਵਨੀਤ (22) ਪਤਨੀ ਵਿਕਰਮਜੀਤ ਸਿੰਘ ਵਾਸੀ ਸੰਤ ਨਗਰ ਗੁਰਦਾਸਪੁਰ ਦੇ ਪਰਿਵਾਰਕ ਮੈਂਬਰਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ 4 ਸਾਲ ਪਹਿਲਾਂ ਵਿਕਰਮਜੀਤ ਸਿੰਘ ਨਾਲ ਵਿਆਹ ਹੋਇਆ ਸੀ ਅਤੇ ਇਨ੍ਹਾਂ ਦਾ ਇਕ ਤਿੰਨ ਸਾਲ ਦਾ ਬੱਚਾ ਵੀ ਹੈ। ਉਨ੍ਹਾਂ ਦੱਸਿਆ ਕਿ ਵਿਆਹ ਸਮੇਂ ਅਸੀਂ ਦਾਜ ਵਿਚ ਇਕ ਮੋਟਰਸਾਈਕਲ ਦਿੱਤਾ ਸੀ ਅਤੇ ਬਾਅਦ ਵਿਚ ਵੀ ਨਵਨੀਤ ਦੇ ਪਤੀ ਨੂੰ ਦੋ ਸਕੂਟਰੀਆਂ ਲੈ ਕੇ ਦਿੱਤੀਆਂ ਸਨ ਪਰ ਹੁਣ ਵਿਕਰਮਜੀਤ ਨੇ ਇਕ ਪੈਟਰੋਲ ਪੰਪ ਲਿਆ ਹੈ, ਜਿਸ ਲਈ ਨਵਨੀਤ ਨੂੰ ਆਪਣੇ ਪੇਕੇ ਪਰਿਵਾਰ ਕੋਲੋਂ 10 ਲੱਖ ਰੁਪਏ ਲਿਆਉਣ ਦੀ ਮੰਗ ਕਰਦਾ ਸੀ ਅਤੇ ਕੁੱਟਮਾਰ ਕਰਦਾ ਸੀ ਪਰ ਅਸੀਂ 10 ਲੱਖ ਦੇਣ ਦੇ ਅਸਮਰਥ ਸੀ। ਇਸ ਗੱਲ ਨੂੰ ਲੈ ਕੇ ਨਵਨੀਤ ਹਮੇਸ਼ਾ ਪ੍ਰੇਸ਼ਾਨ ਰਹਿੰਦੀ ਸੀ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਨਵਨੀਤ ਆਪਣੇ 4 ਸਾਲਾਂ ਬੇਟੇ ਲਈ ਸਵੇਰੇ ਉਸ ਨੂੰ ਸਕੂਲ ਭੇਜਣ ਸਮੇਂ ਰੋਟੀ ਬਣਾ ਕੇ ਦੇ ਰਹੀ ਸੀ ਤਾਂ ਨਵਨੀਤ ਦੀ ਸੱਸ ਸੁਖਰਾਜ ਕੌਰ ਨੇ ਇਸ ਕੋਲੋਂ ਸਾਰੇ ਭਾਂਡੇ ਖੋਹ ਕੇ ਵੇਹੜੇ ਵਿਚ ਸੁੱਟ ਦਿੱਤੇ ਅਤੇ ਗਾਲਾਂ ਕੱਢਣ ਲੱਗ ਪਈ। ਜਿਸ ਤੋਂ ਬਾਅਦ ਇਨ੍ਹਾਂ ਨੇ ਸਾਡੀ ਧੀ ਨੂੰ ਕੋਈ ਜ਼ਹਿਰੀਲੀ ਵਸਤੂ ਖੁਆ ਦਿੱਤੀ ਅਤੇ ਬਾਅਦ ਵਿਚ ਆਪ ਹੀ ਉਸ ਨੂੰ ਗੁਰਦਾਸਪੁਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ। ਇਸ ਸਬੰਧੀ ਸਾਨੂੰ ਸੂਚਨਾ ਮਿਲਣ 'ਤੇ ਅਸੀਂ ਤੁਰੰਤ ਸਾਰਾ ਪਰਿਵਾਰ ਹਸਪਤਾਲ ਪਹੁੰਚੇ ਪਰ ਉਥੇ ਨਵਨੀਤ ਦੀ ਇਲਾਜ ਦੌਰਾਨ ਮੌਤ ਹੋ ਗਈ।
ਕੀ ਕਹਿਣਾ ਹੈ ਥਾਣਾ ਸਿਟੀ ਦੇ ਮੁਖੀ ਨਿਰਮਲ ਸਿੰਘ?
ਇਸ ਸਾਰੀ ਘਟਨਾ ਸਬੰਧੀ ਜਦ ਥਾਣਾ ਸਿਟੀ ਦੇ ਮੁਖੀ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਪਤੀ ਵਿਕਰਮਜੀਤ ਸਿੰਘ, ਸਹੁਰੇ ਕੁਲਵੰਤ ਸਿੰਘ ਅਤੇ ਸੱਸ ਸੁਖਰਾਜ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਦੋਸ਼ੀਆਂ ਨੂੰ ਭਗੌੜਾ ਐਲਾਨ ਕਰਕੇ ਇਨ੍ਹਾਂ ਨੂੰ ਫੜ੍ਹਨ ਲਈ ਸਖ਼ਤੀ ਨਾਲ ਛਾਪੇਮਾਰੀ ਕੀਤੀ ਜਾ ਰਹੀ ਹੈ।


Related News