ਗ੍ਰਾਮ ਪੰਚਾਇਤ ਦਾਊਂ ਦਾ ਅਧਿਕਾਰਤ ਪੰਚ ਚੁਣਨ ਮੌਕੇ ਹੰਗਾਮਾ

Friday, Dec 08, 2017 - 07:24 AM (IST)

ਗ੍ਰਾਮ ਪੰਚਾਇਤ ਦਾਊਂ ਦਾ ਅਧਿਕਾਰਤ ਪੰਚ ਚੁਣਨ ਮੌਕੇ ਹੰਗਾਮਾ

ਖਰੜ  (ਅਮਰਦੀਪ, ਰਣਬੀਰ, ਸ. ਹ., ਗਗਨਦੀਪ) – ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦਫਤਰ ਖਰੜ ਵਿਖੇ ਉਦੋਂ ਹੰਗਾਮਾ ਹੋ ਗਿਆ ਜਦੋਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੇ ਗ੍ਰਾਮ ਪੰਚਾਇਤ ਪਿੰਡ ਦਾਊਂ ਦਾ ਅਧਿਕਾਰਤ ਪੰਚ ਚੁਣਨ ਸਮੇਂ ਅਕਾਲੀ ਪਾਰਟੀ ਨਾਲ ਸਬੰਧਤ ਪੰਚ ਨੂੰ ਅਧਿਕਾਰਤ ਪੰਚ ਚੁਣਨ 'ਤੇ ਆਨਾਕਾਨੀ ਕਰ ਕੇ ਕਾਂਗਰਸ ਪਾਰਟੀ ਨਾਲ ਸਬੰਧਤ ਚਾਰ ਪੰਚਾਂ ਵਿਚੋਂ ਇਕ ਨੂੰ ਚੁਣਨ ਲਈ ਦਬਾਅ ਪਾਇਆ।  ਇਸ ਸਬੰਧੀ ਸਸਪੈਂਡ ਹੋਏ ਅਕਾਲੀ ਦਲ ਨਾਲ ਸਬੰਧਤ ਪਿੰਡ ਦੇ ਸਰਪੰਚ ਅਵਤਾਰ ਸਿੰਘ ਗੋਸਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਬਾਲ ਵਿਕਾਸ ਤੇ ਪੰਚਾਇਤ ਅਫਸਰ ਰਾਣਾ ਪ੍ਰਤਾਪ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਤਾਂ ਉਸਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਗੁੱਸੇ ਵਿਚ ਆਏ 5 ਪੰਚਾਂ ਤੇ ਸਸਪੈਂਡ ਸਰਪੰਚ ਨੇ ਬੀ. ਡੀ. ਪੀ. ਓ. ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤੇ ਜਦੋਂ ਬੀ. ਡੀ. ਪੀ. ਓ. ਸਰਕਾਰੀ ਗੱਡੀ ਲੈ ਕੇ ਉਥੋਂ ਜਾਣ ਲੱਗੇ ਤਾਂ ਧਰਨਾਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਪੰਚਾਂ ਦੀ ਹਾਜ਼ਰੀ ਲਾਉਣ ਦੀ ਬੇਨਤੀ ਕੀਤੀ ਪਰ ਬੀ. ਡੀ. ਪੀ. ਓ. ਟਸ ਤੋਂ ਮਸ ਨਾ ਹੋਇਆ ਤੇ ਉਸਨੇ ਹਾਜ਼ਰ ਮਹਿਲਾ ਪੰਚਾਂ ਨਾਲ ਵੀ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ।
ਗੱਲਬਾਤ ਕਰਦਿਆਂ ਅਵਤਾਰ ਸਿੰਘ ਗੋਸਲ ਨੇ ਆਖਿਆ ਕਿ ਅੱਜ ਉਕਤ ਦਫਤਰ ਵਿਖੇ 9 ਪੰਚਾਂ ਨੂੰ ਅਧਿਕਾਰਤ ਪੰਚ ਚੁਣਨ ਲਈ ਬੁਲਾਇਆ ਗਿਆ ਸੀ ਤੇ ਜਦੋਂ ਇਸ ਸਬੰਧੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਅਕਾਲੀ ਦਲ ਦੇ 4 ਪੰਚਾਂ ਬਲਦੇਵ ਕੁਮਾਰ, ਰਣਧੀਰ ਕੌਰ, ਜਸਵੀਰ ਕੌਰ, ਬਲਵਿੰਦਰ ਕੌਰ ਨੇ ਬਹੁਮਤ ਨਾਲ ਆਪਣੇ ਪੰਜਵੇਂ ਪੰਚ ਸੁਖਪ੍ਰੀਤ ਸਿੰਘ ਸੋਢੀ ਨੂੰ ਅਧਿਕਾਰਤ ਪੰਚ ਬਣਾਉਣ ਦਾ ਐਲਾਨ ਕੀਤਾ। ਜਦੋਂ ਕਿ ਕਾਂਗਰਸ ਪਾਰਟੀ ਨਾਲ ਸਬੰਧਤ 4 ਪੰਚ ਅਜਮੇਰ ਸਿੰਘ, ਗਿਆਨ ਸਿੰਘ, ਭਾਗ ਸਿੰਘ ਤੇ ਸਲੀਮ ਖਾਨ ਬਹੁਮਤ ਪੇਸ਼ ਨਾ ਕਰ ਸਕੇ।
 ਅਕਾਲੀ ਦਲ ਦਾ ਅਧਿਕਾਰਤ ਪੰਚ ਬਣਨਾ ਜਦੋਂ ਤੈਅ ਹੋ ਗਿਆ ਤਾਂ ਬੀ. ਡੀ. ਪੀ. ਓ. ਨੂੰ ਇਕ ਕਾਂਗਰਸੀ ਵਿਧਾਇਕ ਦਾ ਫੋਨ ਆਇਆ ਤੇ ਉਸ ਨੇ ਚੋਣ ਪ੍ਰਕਿਰਿਆ ਨੂੰ ਵਿਚਕਾਰ ਹੀ ਛੱਡ ਦਿੱਤਾ ਤੇ ਪੰਚਾਂ ਦੀ ਹਾਜ਼ਰੀ ਨਹੀਂ ਲਵਾਈ ਤੇ ਉਹ ਮੀਟਿੰਗ ਹਾਲ ਵਿਚੋਂ ਨਿਕਲ ਗਏ। ਅਕਾਲੀ ਦਲ ਦੇ 5 ਪੰਚਾਂ ਨੇ ਬੀ. ਡੀ. ਪੀ. ਓ. 'ਤੇ ਕਥਿਤ ਦੋਸ਼ ਲਾਇਆ ਹੈ ਕਿ ਉਸ ਨੇ ਕਾਂਗਰਸ ਦੇ ਇਕ ਵਿਧਾਇਕ ਦੀ ਸ਼ਹਿ 'ਤੇ ਅਕਾਲੀ ਦਲ ਦੇ ਪੰਚ ਨੂੰ ਅਧਿਕਾਰਤ ਪੰਚ ਨਹੀਂ ਚੁਣਿਆ ਜਦੋਂ ਕਿ ਉਨ੍ਹਾਂ ਆਪਣਾ ਬਹੁਮਤ ਵੀ ਪੇਸ਼ ਕੀਤਾ।
ਬੀ. ਡੀ. ਪੀ. ਓ. ਨੇ ਇਸ ਸਬੰਧੀ ਥਾਣਾ ਸਿਟੀ ਨੂੰ ਸੂਚਿਤ ਕੀਤਾ ਤਾਂ ਮੌਕੇ 'ਤੇ ਹੌਲਦਾਰ ਸੁਰਜੀਤ ਸਿੰਘ ਪੁੱਜੇ ਤੇ ਉਨ੍ਹਾਂ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ। ਪੰਚਾਂ ਤੇ ਸਸਪੈਂਡ ਸਰਪੰਚ ਨੇ ਆਖਿਆ ਹੈ ਕਿ ਉਹ ਇਸ ਮਾਮਲੇ ਨੂੰ ਮਾਣਯੋਗ ਅਦਾਲਤ ਵਿਚ ਲੈ ਕੇ ਜਾਣਗੇ ਕਿਉਂਕਿ ਅਧਿਕਾਰਤ ਪੰਚ ਚੁਣਨ ਸਮੇਂ ਉਨ੍ਹਾਂ ਕੋਲ ਪੂਰਾ ਬਹੁਮਤ ਸੀ ਪਰ ਬੀ. ਡੀ. ਪੀ. ਓ. ਨੇ ਜਾਣਬੁੱਝ ਕੇ ਅਕਾਲੀ ਦਲ ਨਾਲ ਸਬੰਧਤ ਪੰਚਾਂ ਵਿਚੋਂ ਅਧਿਕਾਰਤ ਪੰਚ ਨਹੀਂ ਚੁਣਿਆ।
ਕੀ ਕਹਿਣਾ ਹੈ ਬੀ. ਡੀ. ਪੀ. ਓ. ਦਾ
ਇਸ ਸਬੰਧੀ ਸੰਪਰਕ ਕਰਨ 'ਤੇ ਬੀ. ਡੀ. ਪੀ. ਓ. ਖਰੜ ਰਾਣਾ ਪ੍ਰਤਾਪ ਸਿੰਘ ਸਿੱਧੂ ਨੇ ਆਖਿਆ ਕਿ ਉਨ੍ਹਾਂ ਨੇ ਕੋਈ ਪੱਖਪਾਤ ਨਹੀਂ ਕੀਤਾ ਤੇ ਜਦੋਂ ਅੱਜ ਅਧਿਕਾਰਤ ਪੰਚ ਦੀ ਚੋਣ ਹੋਣੀ ਸੀ ਤਾਂ 9 ਪੰਚਾਂ ਵਿਚ ਗ੍ਰਾਂਟਾਂ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਤੇ ਉਨ੍ਹਾਂ ਇਸ ਮਾਮਲੇ ਨੂੰ 21 ਦਸੰਬਰ 'ਤੇ ਪਾ ਕੇ 9 ਪੰਚਾਂ ਦੀ ਹਾਜ਼ਰੀ ਲਾ ਦਿੱਤੀ ਸੀ। ਸਸਪੈਂਡ ਸਰਪੰਚ, ਜਿਸ ਨੂੰ ਮੀਟਿੰਗ ਵਿਚ ਬੁਲਾਇਆ ਨਹੀਂ ਸੀ ਗਿਆ, ਨੇ ਜਾਣ-ਬੁੱਝ ਕੇ ਇਸ ਮਾਮਲੇ ਨੂੰ ਤੂਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਮਹਿਲਾ ਪੰਚ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਨਹੀਂ ਕੀਤੀ ਗਈ।


Related News