ਨਗਰ ਕੌਂਸਲਰਾਂ ਨੂੰ ਐੱਸ. ਡੀ. ਐੱਮ. ਮਾਨ ਨੇ ਚੁਕਾਈ ਸਹੁੰ, ਸਹਿਮਤੀ ਨਾ ਹੋਣ ਕਾਰਨ ਪ੍ਰਧਾਨ ਦੀ ਚੋਣ ਮੁਲਤਵੀ

Tuesday, Jan 02, 2018 - 01:47 PM (IST)

ਮੁੱਲਾਪੁਰ ਦਾਖਾ (ਕਾਲੀਆ) — ਨਗਰ ਕੌਂਸਲ ਚੋਣਾਂ 'ਚ ਜੇਤੂ ਕੌਂਸਲਰਾਂ ਵਾਰਡ ਨੰਬਰ 1 ਤੋਂ ਹਰਨੀਤ ਕੌਰ, 2 ਤੋਂ ਸੁਭਾਸ਼ ਕੁਮਾਰ ਨਾਗਰ, 3 ਤੋਂ ਰੇਖਾ ਰਾਣੀ, 4 ਤੋਂ ਮਹਿੰਦਰ ਸਿੰਘ ਲਾਲੀ, 5 ਤੋਂ ਤਰਸੇਮ ਕੌਰ ਮਾਨ, 6 ਤੋਂ ਜਸਵਿੰਦਰ ਸਿੰਘ ਹੈਪੀ, 7 ਤੋਂ  ਸ਼ਕੰਤੁਲਾ ਦੇਵੀ, 8 ਤੋਂ ਬਲਵਿੰਦਰ ਸਿੰਘ ਸੇਖੋਂ, 9 ਤੋਂ ਸੁਦੇਸ਼ ਰਾਣੀ, 10 ਤੋਂ ਤੇਲੂ ਰਾਮ ਬਾਂਸਲ, 11 ਤੋਂ ਰੁਪਾਲੀ ਜੈਨ, 12 ਤੋਂ ਬਲਵੀਰ ਚੰਦ ਤੇ 13 ਤੋਂ ਕਰਨਵੀਰ ਸਿੰਘ ਸੇਖੋਂ ਨੂੰ ਨਗਰ ਕੌਂਸਲ ਮੁੱਲਾਪੁਰ ਦਾਖਾ ਵਿਖੇ ਦਮਨਜੀਤ ਸਿੰਘ ਮਾਨ ਐੱਸ. ਡੀ. ਐੱਮ. (ਪੱਛਮੀ) ਲੁਧਿਆਣਾ ਨੇ ਸਹੁੰ ਚੁੱਕਾਈ ਤੇ ਪ੍ਰਸਤਾਵ ਪੱਤਰ ਭੇਂਟ ਕੀਤੇ। ਸਹੁੰ ਚੁੱਕ ਸਮਾਗਮ ਉਪਰੰਤ ਪ੍ਰਧਾਨ ਦੀ ਚੋਣ ਹੋਣੀ ਯਕੀਨੀ ਸੀ ਪਰ ਸਹਿਮਤੀ ਨਾ ਹੋਣ ਕਾਰਨ ਪ੍ਰਧਾਨ ਦੀ ਚੋਣ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। 
ਇਥੇ ਜ਼ਿਕਰਯੋਗ ਹੈ ਕਿ ਨਗਰ ਕੌਂਸਲਰ 'ਚ ਕੋਈ ਵੀ ਵਿਰੋਧੀ ਧਿਰ ਦਾ ਕੌਂਸਲਰ ਨਹੀਂ ਸੀ। ਸਾਰੇ ਹੀ ਕਾਂਗਰਸ ਦੇ ਕੌਂਸਲਰ ਹਨ। ਪ੍ਰਧਾਨਗੀ ਦੀ ਚੋਣ ਕਰਵਾਉਣ ਲਈ ਹਲਕਾ ਇਚੰਰਾਜ ਮੇਜਰ ਸਿੰਘ ਭੈਣੀ ਵੀ ਪਹੁੰਚੇ ਹੋਏ ਸਨ ਪਰ ਫਿਰ ਵੀ ਪ੍ਰਧਾਨਗੀ ਦਾ ਰੇੜਕਾ ਜਿਓ ਦਾ ਤਿਓ ਬਰਕਰਾਰ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਨਗਰ ਕੌਂਸਲ ਦਾ ਜਨਰਲ ਕੈਟਾਗਰੀ ਦਾ ਪ੍ਰਧਾਨ ਬਣਨਾ ਹੈ। ਜਿਸ 'ਚ ਤੇਲੂ ਰਾਮ ਬਾਂਸਲ ਜੋ ਕਿ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਹਨ, ਪ੍ਰਧਾਨਗੀ ਲਈ ਅਹੁਦੇਦਾਰ ਹਨ। ਜਦਕਿ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੇ ਨਜ਼ਦੀਕੀ ਰਿਸ਼ਤੇਦਾਰ ਬਲਵਿੰਦਰ ਸਿੰਘ ਸੇਖੋਂ ਵੀ ਪ੍ਰਧਾਨਗੀ ਦੇ ਦਾਅਵੇਦਾਰ ਹਨ। ਸੇਖੋਂ ਦੇ ਸਵਰਗੀ ਭਰਾ ਬਲਵਿੰਦਰ ਸਿੰਘ ਸੇਖੋਂ ਵੀ ਨਗਰ ਕੌਂਸਲ ਦੇ ਪ੍ਰਧਾਨ ਰਹਿ ਚੁੱਕੇ ਹਨ। ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਸਮੁੱਚੀ ਹਾਈ ਕਮਾਂਡ ਨੂੰ ਪ੍ਰਧਾਨ ਬਨਾਉਣ ਲਈ ਸਹਿਮਤੀ ਬਨਾਉਣੀ ਚਾਹੀਦੀ ਹੈ ਤੇ ਜੇਕਰ ਸਹਿਮਤੀ ਨਹੀਂ ਬਣਦੀ ਤਾਂ ਵੋਟਿੰਗ ਕਰਵਾ ਕੇ ਪ੍ਰਧਾਨ ਦੀ ਚੋਣ ਕਰਨੀ ਚਾਹੀਦੀ ਹੈ। ਉਥੇ ਹੀ ਇਸ ਸੰਬੰਧੀ ਤੇਲੂ ਰਾਮ ਨੇ ਕਿਹਾ ਕਿ ਜੋ ਵੀ ਹਾਈ ਕਮਾਨ ਦਾ ਹੁਕਮ ਹੋਵੇਗਾ ਸਾਨੂੰ ਮਨਜ਼ੂਰ ਹੋਵੇਗਾ।


Related News