ਨਗਰ ਕੌਂਸਲ ਵਿਵਾਦ : 15 ’ਚੋਂ 5 ਕੌਂਸਲਰ ਕਾਰਜਸਾਧਕ ਅਫ਼ਸਰ ਦੇ ਹੱਕ ’ਚ ਨਿੱਤਰੇ
Monday, Jul 30, 2018 - 04:41 AM (IST)

ਪਟਿਆਲਾ/ਸਨੌਰ, (ਜੋਸਨ)- ਨਗਰ ਕੌਂਸਲ ਸਨੌਰ ਦੇ ਪ੍ਰਧਾਨ ਤੇ ਐਗਜ਼ੈਕਟਿਵ ਅਫਸਰ ਵਿਚਕਾਰ ਚਲਦਾ ਵਿਵਾਦ ਰੁਕਣ ਦੀ ਥਾਂ ਹੋਰ ਡੂੰਘਾ ਹੋ ਗਿਆ ਹੈ। 15 ਕੌਂਸਲਰਾਂ ਵਿਚੋਂ 5 ਕਾਰਜਸਾਧਕ (ਈ. ਓ.) ਦੇ ਹੱਕ ਵਿਚ ਖੜ੍ਹੇ ਹੋ ਗਏ ਹਨ। ਇਸ ਨਾਲ ਸਨੌਰ ਦੀ ਰਾਜਨੀਤੀ ਪੂਰੀ ਤਰਾਂ ਗਰਮਾ ਗਈ ਹੈ।
ਇਨ੍ਹਾਂ ਕੌਂਸਲਰਾਂ ਵਿਚ 3 ਭਾਜਪਾ, 1 ਅਕਾਲੀ ਦਲ ਅਤੇ 1 ਅਾਜ਼ਾਦ ਜਿੱਤਿਆ ਹੋਇਆ ਹੈ। ਉਕਤ ਕੌਂਸਲਰਾਂ ਨੇ ਅੱਜ ਇਥੇ ਮੀਟਿੰਗ ਕਰ ਕੇ ਕਿਹਾ ਕਿ ਨਗਰ ਕੌਂਸਲ ਸਨੌਰ ਦੇ ਪ੍ਰਧਾਨ ਇੰਦਰ ਸਿੰਘ ਛਿੰਦੀ ਕਾਰਜਸਾਧਕ ਅਫ਼ਸਰ ਰਾਕੇਸ਼ ਅਰੋਡ਼ਾ ਤੋਂ ਵਿਕਾਸ ਕੰਮ ਨੂੰ ਲੈ ਕੇ ਗਲਤ ਕੰਮ ਕਰਵਾਉਣਾ ਚਾਹੁੰਦੇ ਸਨ, ਜਿਸ ਕਾਰਨ ਝਗਡ਼ਾ ਵਧ ਰਿਹਾ ਹੈ। ਇਨ੍ਹਾਂ ਪ੍ਰਧਾਨ ਇੰਦਰ ਸਿੰਘ ਛਿੰਦੀ ਉੱਤੇ ਵਿਕਾਸ ਕਾਰਜ ਨਾ ਕਰਵਾਉਣ ਦੇ ਵੀ ਗੰਭੀਰ ਦੋਸ਼ ਲਾਏ ਹਨ।
ਕੌਂਸਲਰ ਚਰਨਜੀਤ ਸਿੰਘ, ਹਰਿੰਦਰ ਸਿੰਘ ਹਰੀਕਾ, ਬਲਦੇਵ ਸਿੰਘ, ਸੁਨੀਤਾ ਦੇਵੀ ਦੇ ਪਤੀ ਬ੍ਰਿਜ ਭੂਸ਼ਣ, ਬੀਨਾ ਦੇਵੀ ਦੇ ਪਤੀ ਬਿੱਟੂ ਸੰਗਰ ਜਾਣਕਾਰੀ ਦਿੰਦਿਅਾਂ ਕਿਹਾ ਕਿ ਪਿਛਲੇ ਦਿਨੀਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ’ਤੇ ਜੋ ਇਲਜ਼ਾਮ ਲਾਏ, ਉੁਹ ਬੇਬੁਨਿਆਦ ਸਨ। ਉਨ੍ਹਾਂ ਕਿਹਾ ਕਿ ਕੌਂਸਲ ਪ੍ਰਧਾਨ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰ ਰਿਹਾ ਹੈ। ਨਗਰ ਕੌਂਸਲ ਸਨੌਰ ਵੱਲੋਂ ਬਣਾਏ ਗਏ ਮੀਤ ਪ੍ਰਧਾਨ ਪ੍ਰੀਤਮ ਸਿੰਘ ਦੇ ਅਹੁਦੇ ਦੀ ਮਿਆਦ ਖਤਮ ਹੋ ਚੁੱਕੀ ਹੈ ਪਰ ਫਿਰ ਵੀ ਦਫ਼ਤਰ ਵਿਖੇ ਉਨ੍ਹਾਂ ਦੇ ਨਾਂ ਦੀਆਂ ਲੱਗੀਆਂ ਨੇਮ ਪਲੇਟਾਂ ਨੂੰ ਨਹੀਂ ਉਤਾਰਿਆ ਜਾ ਰਿਹਾ।
ਉਨ੍ਹਾਂ ਕਿਹਾ ਕਿ ਕੌਂਸਲ ਦਾ ਦਫਤਰ ਕਿਰਾਏ ’ਤੇ ਹੈ। ਮਾਲਕ ਮਕਾਨ ਨਾਲ ਰਲ ਕੇ ਝੂਠੇ ਕਿਰਾਏਨਾਮੇ ਅਤੇ ਇਕਰਾਰਨਾਮੇ ਕਰ ਕੇ ਦਫਤਰੀ ਹਾਲ ਤੇ ਪੋਲਿੰਗ ਬੂਥ ਨੰਬਰ 32 ਨੂੰ ਸਾਬਕਾ ਪ੍ਰਧਾਨ ਦਾ ਕਿਰਾਏ ਦਾ ਕਮਰਾ ਦੱਸਿਆ ਜਾ ਰਿਹਾ ਹੈ। ਇਹ ਗੱਲ ਸਪੱਸ਼ਟ ਹੈ ਕਿ ਉਸ ਕਮਰੇ ਨੂੰ ਵਿਧਾਨ ਸਭਾ ਚੋਣਾਂ ਵਿਚ 82 ਨੰਬਰ ਪੋਲਿੰਗ ਬੂਥ ਵਜੋਂ ਵਰਤਿਆ ਗਿਆ ਸੀ। ਨਗਰ ਕੌਂਸਲ ਸਨੌਰ ਦੀਅਾਂ ਮੀਟਿੰਗਾਂ ਵੀ ਇਸ ਕਮਰੇੇ ਵਿਚ ਕੀਤੀਆਂ ਜਾਂਦੀਆਂ ਹਨ।
ਇਨ੍ਹਾਂ ਕੌਂਸਲਰਾਂ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅਤੇ ਦਫ਼ਤਰ ਵਾਲਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਸਨੌਰ ਵਿਖੇ ਪ੍ਰਧਾਨ ਦੀ ਗੈਰ-ਹਾਜ਼ਰੀ ਵਿਚ ਭਾਰਤ ਗੋਇਲ ਤੋਂ ਪ੍ਰਧਾਨਗੀ ਦੀ ਕੁਰਸੀ ਉੱਪਰ ਬਿਠਾ ਕੇ ਨਗਰ ਕੌਂਸਲ ਸਨੌਰ ਦੇ ਹਾਊਸ ਦੀ ਮੀਟਿੰਗ ਕਰਵਾਈ ਗਈ। ਸ਼ਹਿਰ ਦੇ ਵਿਕਾਸ ਲਈ 3 ਕਰੋਡ਼ ਦੇ ਐਸਟੀਮੇਟ ਦੇ ਮਤੇ ਪਾ ਕੇ ਆਪ ਪ੍ਰਧਾਨ ਵੱਲੋਂ ਦਸਤਖ਼ਤ ਨਹੀਂ ਕੀਤੇ ਗਏ ਅਤੇ ਵਿਕਾਸ ਦੇ ਕੰਮ ਉੱਤੇ ਰੋਕ ਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਾ ਪੂਰਾ ਸਟਾਫ, ਸਫ਼ਾਈ ਕਰਮਚਾਰੀ, ਅਕਾਊਂਟੈਂਟ ਮੈਡਮ ਤੇ ਈ. ਓ. ਰਾਕੇਸ਼ ਅਰੋਡ਼ਾ ਸ਼ਹਿਰ ਦੇ ਵਿਕਾਸ ਤੇ ਸਫ਼ਾਈ ਲਈ ਬਹੁਤ ਮਿਹਨਤ ਕਰ ਰਹੇ ਹਨ। ਪ੍ਰਧਾਨ ਆਪਣੇ ਚਹੇਤਿਆਂ ਤੋਂ ਝੂਠੀਆਂ ਦਰਖਾਸਤਾਂ ਦੁਆ ਕੇ ਦਫ਼ਤਰੀ ਮੁਲਾਜ਼ਮਾਂ ਤੇ ਈ. ਓ. ਨੂੰ ਪ੍ਰੇਸ਼ਾਨ ਕਰਦਾ ਰਹਿੰਦਾ ਹੈ। ਇਸ ਲਈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਵੇ ਤੇ ਉਸ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇ।
ਵਿਰੋਧੀ ਸਨੌਰ ਵਾਸੀਆਂ ਨੂੰ ਗੁੰਮਰਾਹ ਕਰਨਾ ਬੰਦ ਕਰਨ : ਛਿੰਦੀ
ਇਸ ਸਬੰਧੀ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਇੰਦਰ ਸਿੰਘ ਛਿੰਦੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਵਿਰੋਧੀ ਕੌਂਸਲਰ ਸਨੌਰ ਵਾਸੀਆਂ ਨੂੰ ਗੁੰਮਰਾਹ ਕਰਨਾ ਬੰਦ ਕਰਨ। ਇਹ ਦੱਸਣ ਕਿ ਜਿਹਡ਼ੇ ਐਸਟੀਮੇਟ ਮੀਟਿੰਗ ਵਿਚ ਲਿਆ ਕੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਦੀ ਗ੍ਰਾਂਟ ਕਿੱਥੇ ਹੈ? ਉਨ੍ਹਾਂ ਕਿਹਾ ਕਿ ਮੇਰੇ ਉੱਪਰ ਜਿਹਡ਼ੇ ਦੋਸ਼ ਲਾਏ ਗਏ ਹਨ, ਸਾਰੇ ਝੂਠ ਹਨ। ਨਗਰ ਕੌਂਸਲ ਦੇ ਕਾਰਜ-ਸਾਧਕ ਅਫ਼ਸਰ ਵੱਲੋਂ ਆਪਣੀ ਮਨਮਰਜ਼ੀ ਨਾਲ ਲੋਕ ਦੇ ਘਰਾਂ ਦੇ ਦਰਵਾਜ਼ੇ ਤੱਕ ਨਗਰ ਕੌਂਸਲ ਦਾ ਪੈਸਾ ਲਇਆ ਜਾ ਰਿਹਾ ਹੈ। ਪ੍ਰਧਾਨ ਨੇ ਕਿਹਾ ਕਿ ਅਜੇ ਕੋਈ ਗ੍ਰਾਂਟ ਹੀ ਨਹੀਂ ਆਈ ।
ਅਸੀਂ ਲੋਕਾਂ ਨੂੰ ਗੁੰਮਰਾਹ ਨਹੀਂ ਕਰ ਸਕਦੇ । ਇਹ ਕੌਂਸਲਰ ਤੇ ਈ. ਓ. ਪਹਿਲਾ ਸਰਕਾਰੀ ਗ੍ਰਾਂਟ ਲੈ ਕੇ ਆਉਣ, ਫਿਰ ਅਸੀਂ ਐਸਟੀਮੇਟ ਪਾਸ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਅਸਲ ਵਿਚ ਵਾਈਸ ਪ੍ਰਧਾਨ ਬਣਨ ਲਈ ਸਾਰੀ ਰਾਜਨੀਤੀ ਖੇਡ ਜਾ ਰਹੀ ਹੈ। ਮੇਰੇ ਕੋਲ 10 ਵੋਟਾਂ ਦਾ ਬਹੁਮਤ ਹੈ। ਇਸ ਤੋਂ ਬਿਨਾਂ ਹਲਕਾ ਵਿਧਾਇਕ ਸਾਡੇ ਨਾਲ ਹਨ। ਹਣ ਵੀ ਜੇਕਰ ਵਾਈਸ ਪ੍ਰਧਾਨ ਦੀ ਚੋਣ ਕਰਵਾਈ ਜਾਵੇ ਤਾਂ ਸਾਡਾ ਹੀ ਵਿਅਕਤੀ ਵਾਈਸ ਪ੍ਰਧਾਨ ਬਣੇਗਾ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਗਲਤ ਕੰਮ ਕਰੇਗਾ ਤਾਂ ਉਸ ਦੀਆਂ ਸ਼ਿਕਾਇਤਾਂ ਤਾਂ ਹੋਣਗੀਆਂ ਹੀ। ਜੇਕਰ ਮੈਂ ਕੋਈ ਗਲਤ ਕੰਮ ਕੀਤਾ ਹੈ ਤੇ ਮੇਰੇ ਖਿਲਾਫ ਵੀ ਕੋਈ ਵੀ ਸ਼ਿਕਾਇਤ ਕਰ ਸਕਦਾ ਹੈ। ਜਦੋਂ ਇਸ ਸਬੰਧ ਵਿਚ ਪ੍ਰੀਤਮ ਸਿੰਘ ਵਾਈਸ ਪ੍ਰਧਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹਡ਼ਾ ਮੇਰਾ ਕਮਰਾ ਹੈ, ਉਸ ਦਾ ਇਕਰਾਰਨਾਮਾ ਮੇਰੇ ਨਾਂ ’ਤੇ ਹੋਇਆ ਹੈ। ਜਿਹਡ਼ੀ ਮੀਟਿੰਗ ਇਥੇ ਕੀਤੀ ਗਈ ਹੈ, ਮੈਨੂੰ ਪੁੱਛ ਕੇ ਕੀਤੀ ਗਈ ਹੈ। ਮੈਂ ਇਹ ਕਮਰਾ ਕਿਰਾਏ ਉੱਪਰ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮੇਰੇ ਕਮਰੇ ਦੇ ਬਾਹਰ ਸਾਬਕਾ ਵਾਈਸ ਪ੍ਰਧਾਨ ਦੀ ਤਖਤੀ ਲੱਗੀ ਹੋਈ ਹੈ।