ਵਿਰੋਧ ਤੋਂ ਬਾਅਦ ਕਬਜ਼ੇ ਹਟਾਉਣ ਆਏ ਨਗਰ ਨਿਗਮ ਅਧਿਕਾਰੀ ਬੇਰੰਗ ਮੁੜੇ
Monday, Jan 22, 2018 - 05:58 AM (IST)

ਬਠਿੰਡਾ, (ਸੁਖਵਿੰਦਰ)- ਧੋਬੀ ਬਾਜ਼ਾਰ 'ਚ ਲੱਗਦੇ ਨਾਜਾਇਜ਼ ਅੱਡਿਆਂ ਦਾ ਮਾਮਲਾ ਲਗਾਤਾਰ ਗਰਮਾਉਂਦਾ ਜਾ ਰਿਹਾ ਹੈ। ਬਾਜ਼ਾਰ 'ਚ ਦੁਕਾਨਾਂ ਦੇ ਬਾਹਰ ਲੱਗਦੇ ਨਾਜਾਇਜ਼ ਅੱਡਿਆਂ ਨੂੰ ਹਟਾਉਣ ਲਈ ਨਗਰ ਨਿਗਮ ਦੀ ਤਹਿ-ਬਾਜ਼ਾਰੀ ਟੀਮ ਅਤੇ ਟ੍ਰੈਫਿਕ ਪੁਲਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ। ਇਸ ਦੌਰਾਨ ਦੁਕਾਨਦਾਰਾਂ ਵੱਲੋਂ ਨਿਗਮ ਅਧਿਕਾਰੀਆਂ ਖਿਲਾਫ਼ ਰੋਸ ਜਤਾਇਆ ਗਿਆ। ਮਾਮਲਾ ਗਰਮਾਉਂਦਾ ਵੇਖ ਅਧਿਕਾਰੀਆਂ ਨੂੰ ਬੇਰੰਗ ਮੁੜਨਾ ਪਿਆ। ਜ਼ਿਕਰਯੋਗ ਹੈ ਕਿ ਧੋਬੀ ਬਾਜ਼ਾਰ ਦੇ ਦੁਕਾਨਦਾਰਾਂ ਵੱਲੋਂ ਧਰਨਾ ਲਾ ਕੇ ਉਕਤ ਅੱਡਿਆਂ ਖਿਲਾਫ਼ ਮੋਰਚਾ ਖੋਲ੍ਹਿਆ ਗਿਆ ਸੀ। ਦੁਕਾਨਦਾਰਾਂ ਨੇ ਰੋਸ ਜਤਾਇਆ ਕਿ ਉਕਤ ਅੱਡਿਆਂ ਕਾਰਨ ਉਨ੍ਹਾਂ ਦਾ ਕਾਰੋਬਾਰ ਬਰਬਾਦ ਹੋ ਚੁੱਕਾ ਹੈ। ਇਸ ਤੋਂ ਇਲਾਵਾ ਫੁੱਟਪਾਥ ਅਤੇ ਸੜਕਾਂ 'ਤੇ ਕਬਜ਼ੇ ਹੋਣ ਕਾਰਨ ਆਵਜਾਈ ਵੀ ਪ੍ਰਭਾਵਿਤ ਹੋ ਰਹੀ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਦੁਕਾਨਦਾਰਾਂ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਉਕਤ ਅੱਡਿਆਂ ਨੂੰ ਜਲਦੀ ਹੀ ਹਟਾਇਆ ਜਾਵੇਗਾ। ਇਸ ਮੌਕੇ ਟ੍ਰੈਫਿਕ ਪੁਲਸ ਦੇ ਇੰਚਾਰਜ ਭਰਪੂਰ ਸਿੰਘ ਨੇ ਕਿਹਾ ਕਿ ਉਕਤ ਵਿਅਕਤੀਆਂ ਨੂੰ ਸੜਕਾਂ ਤੋਂ ਸਾਮਾਨ ਹਟਾਉਣ ਦੀ ਚਿਤਾਵਨੀ ਦਿੱਤੀ। ਉਧਰ ਧੋਬੀ ਬਾਜ਼ਾਰ ਦੇ ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਉਕਤ ਅੱਡਿਆਂ ਨੂੰ ਹਟਾਇਆ ਗਿਆ ਤਾਂ ਸੰਘਰਸ਼ ਮੁੜ ਤੇਜ਼ ਕੀਤਾ ਜਾਵੇਗਾ।