2017 'ਚ ਅਕਾਲੀ ਮੁੱਦਿਆਂ ਤੋਂ ਭਟਕੇ, ਝਾੜੂ ਖਿਲਰਿਆ, ਕਾਂਗਰਸ ਨੇ ਰਚਿਆ ਇਤਿਹਾਸ

Sunday, Dec 31, 2017 - 01:21 PM (IST)

ਜਲੰਧਰ - ਸਾਲ 2017 ਦੇ ਅੰਤ ਵਿਚ ਹੋਈਆਂ ਤਿੰਨ ਨਗਰ ਨਿਗਮਾਂ ਅਤੇ ਨਗਰ ਪੰਚਾਇਤ ਚੋਣਾਂ ਨੇ ਜਿੱਥੇ ਕਾਂਗਰਸ ਨੂੰ ਚੰਗੇ ਨਤੀਜੇ ਦਿੱਤੇ ਹਨ, ਉਥੇ ਹੀ 10 ਸਾਲ ਪੰਜਾਬ ਦੀ ਸੱਤਾ 'ਤੇ ਰਾਜ ਕਰਨ ਵਾਲੇ ਅਕਾਲੀ ਦਲ ਨੂੰ ਉਮੀਦ ਮੁਤਾਬਕ ਨਤੀਜੇ ਦੇਖਣ ਨੂੰ ਨਹੀਂ ਮਿਲੇ। ਜਦੋਂ ਕਿ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੀਆਂ ਚਾਰ ਸੀਟਾਂ ਤੇ ਜਿੱਤ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾ ਸਫਾਇਆ ਹੋ ਗਿਆ। ਇਨ੍ਹਾਂ ਚੋਣਾਂ 'ਚ ਅਕਾਲੀ ਦਲ ਦੀ ਹਾਰ ਲਈ ਸਿਆਸੀ ਮਾਹਿਰ ਅਕਾਲੀ ਦਲ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ। ਮਾਹਿਰਾਂ ਅਨੁਸਾਰ ਅਕਾਲੀ ਦਲ ਦੇ ਆਗੂ ਤੇ ਵਰਕਰ ਚੋਣਾਂ ਦੌਰਾਨ ਕੋਈ ਮੁੱਦਾ ਚੁੱਕਣ ਦੀ ਬਜਾਏ ਸੜਕਾਂ 'ਤੇ ਧਰਨੇ ਲਗਾ ਕੇ ਬੈਠ ਗਏ । ਅਕਾਲੀਆਂ ਨੇ ਜਾਲ ਬੁਣਿਆ ਸੀ ਕਿ ਸਰਕਾਰ ਉਨ੍ਹਾਂ ਨੂੰ ਚੁੱਕ ਕੇ ਜੇਲਾਂ ਵਿਚ ਸੁੱਟੇਗੀ ਪਰ ਇਸ ਦੌਰਾਨ ਕਾਂਗਰਸ ਨੇ ਚਾਲ ਚਲਦਿਆਂ ਅਕਾਲੀਆਂ ਦੇ ਧਰਨੇ ਵੱਲ ਕੋਈ ਧਿਆਨ ਹੀ ਨਹੀਂ ਦਿੱਤਾ ਸਗੋਂ ਧਰਨਿਆਂ ਦੌਰਾਨ ਉਨ੍ਹਾਂ 'ਤੇ ਪੁਲਸ ਦਾ ਪਹਿਰਾ ਬਿਠਾ ਦਿੱਤਾ। ਇਸ ਕਾਰਨ ਅਕਾਲੀ ਦਲ ਨੂੰ ਚੋਣਾਂ ਲਈ ਕੋਈ ਮੁੱਦਾ ਹੀ ਨਹੀਂ ਮਿਲ ਸਕਿਆ ਤੇ ਉਨ੍ਹਾਂ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ।   
ਨਗਰ ਕੌਂਸਲ ਚੋਣਾਂ ਇਸ ਵਾਰ ਧੱਕੇਸ਼ਾਹੀ ਦਾ ਇਤਿਹਾਸ ਰਚ ਗਈਆਂ
ਨਗਰ ਕੌਂਸਲ ਚੋਣਾਂ ਦੌਰਾਨ ਮੁੱਲਾਂਪੁਰ 'ਚ ਸ਼ਰਾਰਤੀ ਅਨਸਰਾਂ ਨੇ ਅਕਾਲੀ ਦਲ ਅਕਾਲੀ-ਭਾਜਪਾ ਗਠਜੋੜ ਤੇ ਆਜ਼ਾਦ ਉਮੀਦਵਾਰ ਨੂੰ ਨਿਸ਼ਾਨਾ ਬਣਾਇਆ। ਚੋਣਾਂ ਦੌਰਾਨ ਸ਼ਹਿਰ 'ਚ ਮਾਹੌਲ ਦੰਗੇ ਫਸਾਦ ਵਾਲਾ ਬਣਿਆ ਹੋਇਆ ਸੀ। ਸਭ ਤੋਂ ਪਹਿਲਾਂ ਨਿਸ਼ਾਨਾ ਵਾਰਡ ਨੰਬਰ 6 ਤੋਂ ਅਕਾਲੀ ਉਮੀਦਵਾਰ ਬਲਬੀਰ ਚੰਦ ਬੀਰਾ ਤੇ ਵਾਰਡ ਨੰਬਰ 7 ਤੋਂ ਇਸੇ ਪਾਰਟੀ ਦੇ ਉਮੀਦਵਾਰ ਤੇ ਬਲਬੀਰ ਚੰਦ ਬੀਰਾ ਦੀ ਭਾਬੀ ਪੂਨਮ ਰਾਣੀ ਨੂੰ ਬਣਾਇਆ ਗਿਆ। ਇਨ੍ਹਾਂ ਦੋਹਾਂ ਦੀ ਕੁੱਟਮਾਰ ਕੀਤੀ ਗਈ। 
ਇਸ ਤੋਂ ਬਆਦ ਵਾਰਡ ਨੰਬਰ 5 ਤੋਂ ਆਜ਼ਾਦ ਉਮੀਦਵਾਰ ਬੀਬੀ ਲੱਛਮੀ ਦੇਵੀ ਨੂੰ ਵੀ ਨਿਸ਼ਾਨਾ ਬਣਾਉਂਦਿਆ ਜਿੱਥੇ ਉਸ ਦੀ ਇਕ ਆਗੂ ਨੇ ਕੁੱਟਮਾਰ ਕੀਤੀ ਉੱਥੇ ਹੀ ਉਸ ਦੇ ਕੱਪੜੇ ਤੱਕ ਪਾੜ ਦਿੱਤੇ। ਅਕਾਲੀ ਦਲ ਦੇ ਹੀ ਵਾਰਡ ਨੰਬਰ 11 ਤੋਂ ਉਮੀਦਵਾਰ ਮੋਨੀਕਾ ਬਾਂਸਲ ਦੇ ਪਤੀ ਸੱਜਣ ਕੁਮਾਰ ਬਾਂਸਲ ਤੇ ਉਸ ਦੇ ਸਾਥੀ ਦੀ ਸੌਰਵ ਦੀ ਗੋਲਡੀ 'ਤੇ ਵੀ ਹਮਲਾ ਕੀਤਾ ਗਿਆ। ਫਿਰ ਇਸੇ ਪਾਰਟੀ ਦੇ 13 ਨੰਬਰ ਵਾਰਡ ਤੋਂ ਉਮੀਦਵਾਰ ਅਮਰਜੀਤ ਸਿੰਘ ਮੁੱਲਾਂਪੁਰ ਦੇ ਨੌਜਵਾਨ ਪੁੱਤਰ ਨੂੰ ਨਹੀਂ ਬਖਸ਼ਿਆਂ ਤੇ ਉਸ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। 
ਪਟਿਆਲਾ ਨਗਰ ਨਿਗਮ ਚੋਣਾਂ 'ਚ ਚੱਲੀ ਗੋਲੀ ਤੇ ਤਲਾਵਾਰਾਂ
ਸ਼ਾਹੀ ਸ਼ਹਿਰ 'ਚ ਨਗਰ ਨਿਗਮ ਚੋਣਾਂ ਦੌਰਾਨ ਹਾਈਕੋਰਟ ਵੱਲੋਂ ਵੀਡੀਓਗ੍ਰਾਫੀ ਕਰਵਾਏ ਜਾਣ ਤੇ ਚੋਣ ਪਾਰਦਸ਼ਤਾ ਨਾਲ ਕਰਵਾਉਣ ਦੇ ਕੀਤੇ ਹੁਕਮਾਂ ਦੀਆਂ ਧੱਜੀਆਂ ਉੱਡੀਆਂ। ਵਾਰਡ ਨੰਬਰ 60 'ਚ ਗੋਲੀ ਚੱਲੀ ਤੇ ਪੱਥਰਬਾਜ਼ੀ ਤੇ ਕ੍ਰਿਪਾਨਾਂ ਵੀ ਚੱਲੀਆਂ। ਇਸ ਦੌਰਾਨ ਇਕ ਵਿਅਕਤੀ ਜ਼ਖਮੀ ਹੋ ਗਿਆ ਸੀ। ਨਗਰ ਨਿਗਮ ਚੋਣਾਂ ਦੇ ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ ਦੇ ਵਾਰਡ ਨੰਬਰ 53 ਦੀ ਪੋਲਿੰਗ ਦੌਰਾਨ ਪੱਗ ਲੱਥ ਗਈ। ਬਜਾਜ ਨੇ ਦੋਸ਼ ਲਗਾਇਆ ਕਿ ਉਸ ਦੀ ਪਤਨੀ ਇਸ ਵਾਰਡ ਤੋਂ ਅਕਾਲੀ ਦਲ ਦੀ ਉਮੀਦਵਾਰ ਰਹੀ ਸੀ, ਨਾਲ ਧੱਕਾ-ਮੁੱਕੀ ਕੀਤੀ ਗਈ। ਕਈ ਵਾਰਡਾਂ 'ਚ ਤਾਂ ਸਵੇਰ ਤੋਂ ਹੀ ਝੜਪਾ ਸ਼ੁਰੂ ਹੋ ਗਈਆਂ ਸਨ। 
ਇਸ ਸਭ ਦੇ ਬਾਵਜੂਦ ਪੰਜਾਬ ਦੀਆਂ 3 ਨਗਰ ਨਿਗਮਾਂ ਅੰਮ੍ਰਿਤਸਰ, ਪਟਿਆਲਾ ਅਤੇ ਜਲੰਧਰ ਦੇ ਨਾਲ-ਨਾਲ 32 ਨਗਰ ਕੌਂਸਲਾਂ/ਪੰਚਾਇਤਾਂ ਲਈ 17 ਦਸੰਬਰ ਨੂੰ ਪਈਆਂ ਵੋਟਾਂ ਪਿੱਛੋਂ ਚੋਣ ਕਮਿਸ਼ਨ ਵਲੋਂ ਐਲਾਨੇ ਗਏ ਨਤੀਜਿਆਂ 'ਚ ਕਾਂਗਰਸ ਨੇ ਜਿੱਤ ਦਾ ਝੰਡਾ ਲਹਿਰਾ ਦਿੱਤਾ। ਕਾਂਗਰਸ ਨੇ ਜਿਥੇ ਤਿੰਨਾਂ ਨਗਰ ਨਿਗਮਾਂ 'ਚ ਬਹੁਮਤ ਹਾਸਲ ਕਰ ਲਈ, ਉਥੇ ਹੀ 32 ਨਗਰ ਕੌਂਸਲਾਂ/ਪੰਚਾਇਤਾਂ 'ਚੋਂ 29 'ਤੇ ਜਿੱਤ ਹਾਸਲ ਕੀਤੀ। ਅਕਾਲੀ ਦਲ ਨੇ 1 ਅਤੇ 2 ਨਗਰ ਕੌਂਸਲਾਂ/ਪੰਚਾਇਤਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਕਬਜ਼ਾ ਕੀਤਾ। ਜਲੰਧਰ ਨਗਰ ਨਿਗਮ ਦੇ 80 ਵਾਰਡਾਂ 'ਚੋਂ ਕਾਂਗਰਸ ਨੇ 65 'ਤੇ ਜਿੱਤ ਹਾਸਲ ਕੀਤੀ। ਭਾਜਪਾ ਨੇ 8 ਅਤੇ ਅਕਾਲੀ ਦਲ ਨੇ 5 ਵਾਰਡਾਂ 'ਤੇ ਕਬਜ਼ਾ ਕੀਤਾ। ਬਾਕੀ ਦੋ ਵਾਰਡਾਂ 'ਤੇ ਆਜ਼ਾਦ ਉਮੀਦਵਾਰ ਜੇਤੂ ਰਹੇ। ਆਮ ਆਦਮੀ ਪਾਰਟੀ ਦਾ ਖਾਤਾ ਤਕ ਨਹੀਂ ਖੁੱਲ੍ਹ ਸਕਿਆ।ਪਟਿਆਲਾ ਨਗਰ ਨਿਗਮ ਦੇ 60 ਵਾਰਡਾਂ 'ਚੋਂ ਕਾਂਗਰਸ ਨੇ 59 ਵਾਰਡਾਂ 'ਚ ਜਿੱਤ ਹਾਸਲ ਕੀਤੀ ਜਦਕਿ ਵਾਰਡ ਨੰਬਰ 37 ਦੀ ਚੋਣ ਨੂੰ ਰੱਦ ਕਰ ਦਿੱਤੀ ਗਈ ਸੀ। ਇਥੇ ਇਕ ਬੂਥ 'ਤੇ ਈ. ਵੀ. ਐੱਮ. ਮਸ਼ੀਨ ਖਰਾਬ ਹੋ ਗਈ ਸੀ, ਜਿਸ ਤੋਂ ਬਾਅਦ 19 ਦਸੰਬਰ ਨੂੰ ਮੁੜ ਵੋਟਾਂ ਪਾਈਆਂ ਗਈਆਂ ਜਿੱਥੇ ਅਕਾਲੀ ਦਲ ਨੇ ਆਪਣਾ ਖਾਤਾ ਖੋਲ੍ਹਿਆ। ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ 'ਚੋਂ ਕਾਂਗਰਸ ਨੂੰ ਸਭ ਤੋਂ ਵੱਧ 65 ਤੇ ਅਕਾਲੀ-ਭਾਜਪਾ ਨੂੰ 13 ਤੇ 2 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ।
ਜਲੰਧਰ 'ਚ ਕੁੱਲ ਸੀਟਾਂ 80 ਜਿਨ੍ਹਾਂ 'ਚੋਂ ਕਾਂਗਰਸ 65, ਅਕਾਲੀ-ਭਾਜਪਾ 13, ਆਮ ਆਦਮੀ ਪਾਰਟੀ 0 ਤੇ ਹੋਰ ਨੇ 2 ਸੀਟਾਂ ਹਾਸਲ ਕੀਤੀਆਂ। ਇਸ ਦੇ ਤਰ੍ਹਾਂ ਅੰਮ੍ਰਿਤਸਰ 'ਚ ਕੁੱਲ ਸੀਟਾਂ 85, ਕਾਂਗਰਸ 64, ਅਕਾਲੀ-ਭਾਜਪਾ 13, ਆਮ ਆਦਮੀ ਪਾਰਟੀ 0 ਤੇ ਹੋਰ ਨੇ 8 ਸੀਟਾਂ ਹਾਸਲ ਕੀਤੀਆਂ। ਪਟਿਆਲਾ 'ਚ ਕੁੱਲ ਸੀਟਾਂ 60 ਜਿਨ੍ਹਾਂ 'ਚੋਂ ਕਾਂਗਰਸ 59, ਅਕਾਲੀ ਭਾਜਪਾ ਨੇ 1, ਆਮ ਆਦਮੀ ਪਾਰਟੀ 0 ਤੇ ਹੋਰ 0 ਸੀਟਾਂ ਹਾਸਲ ਕੀਤੀਆਂ। 
ਪੰਜਾਬ ਚੋਣ ਕਮਿਸ਼ਨ ਮੁਤਾਬਕ ਪਟਿਆਲਾ ਨਿਗਮ ਲਈ ਸਭ ਤੋਂ ਵੱਧ 62.22 ਫੀਸਦੀ ਵੋਟਾਂ ਪਈਆਂ। ਜਲੰਧਰ 'ਚ 57.2 ਅਤੇ ਅੰਮ੍ਰਿਤਸਰ ਵਿਚ 51 ਫੀਸਦੀ ਵੋਟਰਾਂ ਨੇ ਵੋਟ ਦੇਣ ਦੇ ਆਪਣੇ ਹੱਕ ਦੀ ਵਰਤੋਂ ਕੀਤੀ। ਨਗਰ ਕੌਂਸਲਾਂ/ਪੰਚਾਇਤਾਂ ਦੇ ਮਾਮਲੇ 'ਚ ਰਾਜਾਸਾਂਸੀ ਵਿਖੇ 65.69 ਫੀਸਦੀ ਪੋਲਿੰਗ ਹੋਈ। ਹੰਡਿਆਇਆ ਅਤੇ ਅਮਲੋਹ ਵਿਖੇ 85-85, ਭੋਗਪੁਰ ਵਿਖੇ 77, ਸ਼ਾਹਕੋਟ ਵਿਖੇ 72, ਗੋਰਾਇਆ ਵਿਖੇ 76, ਬਿਲਗਾ ਵਿਖੇ 73, ਢਿੱਲਵਾਂ ਵਿਖੇ 74.40, ਬੇਗੋਵਾਲ ਵਿਖੇ 71.36, ਭੁਲੱਥ ਵਿਖੇ 70.14, ਮਾਛੀਵਾੜਾ ਵਿਖੇ 75.60, ਮੁੱਲਾਂਪੁਰ ਦਾਖਾ ਵਿਖੇ 71.75, ਸਾਹਨੇਵਾਲ ਵਿਖੇ 86.35, ਧਰਮਕੋਟ ਵਿਖੇ 73.64, ਫਤਿਹਗੜ੍ਹ ਪੰਜਤੂਰ ਵਿਖੇ 83.92, ਬਾਰੀਵਾਲਾ ਵਿਖੇ 89.39, ਘੱਗਾ ਵਿਖੇ 90, ਘਨੌਰ ਵਿਖੇ 60.65, ਨਰੋਟ ਜੈਮਲ ਸਿੰਘ ਵਿਖੇ 86.40, ਦਿੜ੍ਹਬਾ ਵਿਖੇ 83.64, ਚੀਮਾ ਵਿਖੇ 92.22, ਖਨੌਰੀ ਵਿਖੇ 87.90, ਮੂਨਕ ਵਿਖੇ 90.40, ਖੇਮਕਰਨ ਵਿਖੇ 65.19, ਭੀਖੀ ਵਿਖੇ 86.35, ਬਲਾਚੌਰ ਵਿਖੇ 79.33, ਤਲਵੰਡੀ ਸਾਬੋ ਵਿਖੇ 75.81 ਅਤੇ ਮਾਹਿਲਪੁਰ ਵਿਖੇ 82.33 ਫੀਸਦੀ ਪੋਲਿੰਗ ਦਰਜ ਕੀਤੀ ਗਈ।
ਨਗਰ ਕੌਂਸਲ/ਪੰਚਾਇਤੀ ਚੋਣਾਂ ਦੇ ਨਤੀਜੇ
1. ਬਲਾਚੌਰ ਦੇ ਸਾਰੇ 15 ਵਾਰਡਾਂ 'ਚ ਆਜ਼ਾਦ ਉਮੀਦਵਾਰ ਜੇਤੂ ਰਹੇ।
2. ਘੱਗਾ ਦੇ 13 ਵਾਰਡਾਂ 'ਚੋਂ ਕਾਂਗਰਸ ਨੇ 8, ਭਾਜਪਾ ਨੇ 2, ਸ਼੍ਰੋਮਣੀ ਅਕਾਲੀ ਦਲ ਨੇ 1 ਅਤੇ ਆਜ਼ਾਦ ਉਮੀਦਵਾਰਾਂ ਨੇ 2 ਵਾਰਡਾਂ 'ਚ ਜਿੱਤ ਹਾਸਲ ਕੀਤੀ।
3. ਘਨੌਰ ਦੇ 11 ਵਾਰਡਾਂ 'ਚੋਂ ਕਾਂਗਰਸ 10 ਅਤੇ ਭਾਜਪਾ 1 ਵਾਰਡ 'ਚ ਸਫਲ ਰਹੀ।
4. ਰਾਜਾਸਾਂਸੀ ਦੇ 13 ਵਾਰਡਾਂ 'ਤੇ ਕਾਂਗਰਸ ਨੇ ਕਬਜ਼ਾ ਕੀਤਾ। ਇਥੇ 8 ਵਾਰਡਾਂ ਵਿਚ ਵੋਟਾਂ ਪਈਆਂ ਸਨ, ਜਦਕਿ ਕਾਂਗਰਸ ਦੇ 5 ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਸਨ।
5. ਅਮਲੋਹ ਦੇ 13 ਵਾਰਡਾਂ 'ਚੋਂ 9 'ਚ ਕਾਂਗਰਸ, 2 'ਚ ਅਕਾਲੀ ਦਲ ਅਤੇ 1 'ਚ ਭਾਜਪਾ ਜੇਤੂ ਰਹੀ।


Related News