ਹਾਕਮ ਧਿਰ ਦੇ ਦਬਾਅ ਹੇਠ ਈ.ਓ. ਮੱਖੂ ਨੇ ਵਿਰੋਧੀ ਉਮੀਦਵਾਰਾਂ ਨੂੰ ਨਹੀਂ ਜਾਰੀ ਕੀਤੇ ਐਨ.ਓ.ਸੀ ਪੱਤਰ

Monday, Dec 04, 2017 - 07:35 PM (IST)

ਹਾਕਮ ਧਿਰ ਦੇ ਦਬਾਅ ਹੇਠ ਈ.ਓ. ਮੱਖੂ ਨੇ ਵਿਰੋਧੀ ਉਮੀਦਵਾਰਾਂ ਨੂੰ ਨਹੀਂ ਜਾਰੀ ਕੀਤੇ ਐਨ.ਓ.ਸੀ ਪੱਤਰ

ਮੱਖੂ (ਵਾਹੀ) : ਪੰਜਾਬ ਵਿਚ ਹੋ ਰਹੀਆਂ ਨਗਰ ਨਿਗਮ, ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਉਸ ਵੇਲੇ ਚਰਚਾ ਦਾ ਵਿਸ਼ਾ ਬਣ ਗਈਆਂ ਜਦੋਂ ਹਾਕਮ ਧਿਰ ਦੇ ਦਬਾਅ ਕਾਰਨ ਨਗਰ ਪੰਚਾਇਤ ਮੱਖੂ ਦੀ ਈ.ਓ ਲਗਾਤਾਰ ਦੋ ਦਿਨਾਂ ਦਰਮਿਆਨ ਆਪਣੇ ਦਫ਼ਤਰ ਵਿਚ ਚੋਣ ਕਮੀਸ਼ਨ ਦੇ ਹੁਕਮਾਂ ਦੇ ਉਲਟ ਸਿਰਫ਼ ਇਕ ਘੰਟਾ ਹੀ ਆਈ ਅਤੇ ਅਕਾਲੀ-ਭਾਜਪਾ, 'ਆਪ' ਅਤੇ ਕਿਸੇ ਵੀ ਆਜ਼ਾਦ ਉਮੀਦਵਾਰ ਨੂੰ ਐਨ.ਓ.ਸੀ ਨਹੀਂ ਜਾਰੀ ਕੀਤੀ। ਮੌਕੇ 'ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਅਕਾਲੀ-ਭਾਜਪਾ ਅਤੇ ਆਜ਼ਾਦ ਉਮੀਦਵਾਰ ਈ.ਓ ਦੀ ਉਡੀਕ ਵਿਚ ਨਗਰ ਪੰਚਾਇਤ ਦਫ਼ਤਰ ਦੇ ਗੇੜੇ ਕੱਢ ਰਹੇ ਸਨ ਪਰ ਈ.ਓ ਸ਼ਰਨਜੀਤ ਕੌਰ ਨੇ ਸਿਆਸੀ ਧਿਰ ਦੀ ਮਿਲੀ ਭੁਗਤ ਦੇ ਚਲਦਿਆਂ ਕਿਸੇ ਦੀ ਗੱਲ ਨਹੀਂ ਸੁਣੀ। ਦੁਪਿਹਰ ਤੱਕ ਮਸਲਾ ਹੱਲ ਨਾ ਹੁੰਦਾ ਦੇਖਦਿਆਂ ਹੋਇਆਂ ਅਕਾਲੀ-ਭਾਜਪਾ ਉਮੀਦਵਾਰ ਹਲਕੇ ਦੇ ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਮਵੀਰ ਕੋਲ ਸ਼ਿਕਾਇਤ ਲੈ ਕੇ ਪਹੁੰਚੇ ਅਤੇ ਸਾਰੇ ਮਾਮਲੇ ਤੋਂ ਜਾਣੂੰ ਕਰਵਾਉਂਦਿਆਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਤੁਰੰਤ ਐਨ.ਓ.ਸੀ ਜਾਰੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਰਾਮਵੀਰ ਨੇ ਕਿਹਾ ਕਿ ਸ਼ਾਮ ਤੱਕ ਉਨ੍ਹਾਂ ਦਾ ਮਸਲਾ ਸੁਲਝਾ ਦਿੱਤਾ ਜਾਵੇਗਾ ਪਰ ਦੇਰ ਸ਼ਾਮ ਖ਼ਬਰ ਲਿਖੇ ਜਾਣ ਤੱਕ ਈ.ਓ ਇੱਕ ਘੰਟੇ ਲਈ ਦਫ਼ਤਰ ਪਹੁੰਚਣ 'ਤੇ ਜਦੋਂ ਉਮੀਦਵਾਰਾਂ ਨੇ ਐਨ.ਓ.ਸੀ ਦੀ ਮੰਗ ਕੀਤੀ ਤਾਂ ਈ.ਓ ਸ਼ਰਨਜੀਤ ਲਾਰਾ ਲਾ ਕੇ ਦਫ਼ਤਰ ਵਿਚੋਂ ਚਲਦੀ ਬਣੀ।
ਇਸ ਮੌਕੇ ਹਲਕਾ ਜ਼ੀਰਾ ਦੇ ਅਕਾਲੀ ਆਗੂ ਅਵਤਾਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਲੋਕਾਂ ਵਿੱਚੋਂ ਵਿਸ਼ਵਾਸ਼ ਗਵਾ ਚੁੱਕੀ ਹੈ ਅਤੇ ਨਗਰ ਪੰਚਾਇਤ ਚੋਣਾਂ ਵਿਚ ਆਪਣੀ ਹਾਰ ਦੇਖਦਿਆਂ ਬੌਖਲਾਹਟ ਵਿਚ ਆ ਕੇ ਮੱਖੂ ਅਤੇ ਮੱਲਾਂਵਾਲਾ ਵਿਖੇ ਵਿਰੋਧੀ ਉਮੀਦਵਾਰਾਂ ਨੂੰ ਕਾਗ਼ਜ਼ ਦਾਖ਼ਲ ਕਰਨ ਤੋਂ ਰੋਕਣ ਲਈ ਇਹੋ ਜਿਹੇ ਕੋਝੇ ਹੱਥ-ਕੰਢੇ ਅਪਣਾ ਰਹੀ ਹੈ।
ਕੀ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਆਗੂ ਦਾ
ਉਮੀਦਵਾਰਾਂ ਨੂੰ ਐਨ.ਓ.ਸੀ ਨਾ ਜਾਰੀ ਹੋਣ ਦੀ ਜਾਣਕਾਰੀ ਮਿਲਣ 'ਤੇ ਆਮ ਆਦਮੀ ਪਾਰਟੀ ਦੇ ਹਲਕਾ ਕੋਟਕਪੁਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ, ਹਲਕਾ ਜ਼ੀਰਾ ਤੋਂ ਆਪ ਦੇ ਆਗੂ ਗੁਰਪ੍ਰੀਤ ਸਿੰਘ ਗੋਰਾ ਮੱਖੂ ਵਿਖੇ ਪਹੁੰਚੇ ਅਤੇ ਮੱਖੂ ਤੋਂ ਆਮ ਆਦਮੀ ਪਾਰਟੀ ਦੇ ਆਗੂ ਡਾ.ਅਜਮੇਰ ਸਿੰਘ ਕਾਲੜਾ ਸਮੇਤ ਸਾਰੇ ਉਮੀਦਵਾਰਾਂ ਦੀ ਹਾਜ਼ਰੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਕਾਂਗਰਸ ਪਾਰਟੀ ਲੋਕਤੰਤਰ ਦਾ ਕਤਲ ਕਰ ਰਹੀ ਹੈ, ਜਿਸਨੂੰ ਸਹਿਣ ਨਹੀ ਕੀਤਾ ਜਾਵੇਗਾ ਅਤੇ ਕੱਲ ਨੂੰ ਇਸ ਮਸਲਾ ਚੰਡੀਗੜ੍ਹ ਚੋਣ ਕਮਿਸ਼ਨ ਦੇ ਧਿਆਨ ਵਿਚ ਲਿਆਉਣਗੇ ਅਤੇ ਸਬੰਧਤ ਈ.ਓ ਦੀ ਸਰਵਿਸ ਫ਼ਾਈਲ ਵਿਚ ਇਹ ਵਧੀਕੀ ਦਰਜ ਕਰਵਾਈ ਜਾਵੇਗੀ।
ਕੀ ਕਹਿਣਾ ਹੈ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ
ਇਸ ਸਬੰਧੀ ਜਦੋਂ ਹਲਕੇ ਦੇ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਰ ਅਫ਼ਸਰ ਨੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੁੰਦੀ ਹੈ ਅਤੇ ਇਸ ਸਬੰਧੀ ਸਾਡੀ ਕੋਈ ਦਖਲ ਅੰਦਾਜ਼ੀ ਨਹੀਂ ਹੈ ਅਤੇ ਅਜੇ ਤੱਕ ਸਾਡੇ ਉਮੀਦਵਾਰਾਂ ਨੂੰ ਵੀ ਐਨ.ਓ.ਸੀ ਪ੍ਰਾਪਤ ਨਹੀਂ ਹੋਈ।


Related News