13 ਸਾਲ ਬਾਅਦ ਸ਼ਹਿਰ ''ਚ ਮੁੜ ਬਣ ਗਈ ਕਬਾੜੀ ਮਾਰਕੀਟ
Wednesday, Jun 20, 2018 - 02:00 AM (IST)

ਪਟਿਆਲਾ(ਰਾਜੇਸ਼)-ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੀ ਅਗਵਾਈ 'ਚ 2002 ਤੋਂ 2007 ਤੱਕ ਵਾਲੀ ਸਰਕਾਰ ਸਮੇਂ ਸ਼ਹਿਰ ਨੂੰ ਕਬਾੜੀ ਮਾਰਕੀਟ ਤੋਂ ਨਿਜਾਤ ਦਿਵਾਉਣ ਲਈ ਸਰਕਾਰ ਅਤੇ ਨਗਰ ਨਿਗਮ ਨੇ ਬਹੇੜਾ ਰੋਡ ਸਥਿਤ ਕਬਾੜੀ ਮਾਰਕੀਟ ਨੂੰ ਰਾਜਪੁਰਾ ਰੋਡ 'ਤੇ ਥਾਣਾ ਸਦਰ ਕੋਲ ਸ਼ਿਫਟ ਕਰ ਦਿੱਤਾ ਸੀ। ਇਸ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੀ ਸੀ। ਇਸ ਮਾਰਕੀਟ ਕਾਰਨ ਅੰਦਰੂਨੀ ਸ਼ਹਿਰ ਵਾਸੀਆਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਮਾਰਕੀਟ ਇਥੋਂ ਸ਼ਿਫਟ ਕਰਨ ਦੀ ਲੋਕਾਂ ਦੀ ਵੱਡੀ ਮੰਗ ਸੀ, ਜੋ ਉਸ ਸਮੇਂ ਸਰਕਾਰ ਨੇ ਪੂਰੀ ਕੀਤੀ ਸੀ। 13 ਸਾਲ ਬਾਅਦ ਜਿਸ ਜਗ੍ਹਾ ਤੋਂ ਇਸ ਨੂੰ ਸ਼ਿਫਟ ਕੀਤਾ ਗਿਆ ਸੀ, ਉਥੇ ਫਿਰ ਤੋਂ ਕਬਾੜੀ ਮਾਰਕੀਟ ਬਣਨੀ ਸ਼ੁਰੂ ਹੋ ਗਈ ਹੈ। ਇਸ ਕਾਰਨ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਦੀ ਸਮੱਸਿਆ ਫਿਰ ਤੋਂ ਸ਼ੁਰੂ ਹੋ ਗਈ ਹੈ। ਲੋਕਾਂ ਨੇ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਅਤੇ ਸਾਬਕਾ ਵਿਦੇਸ਼ ਰਾਜ ਮੰਤਰੀ ਪ੍ਰਨੀਤ ਕੌਰ ਤੋਂ ਮੰਗ ਕੀਤੀ ਹੈ ਕਿ ਨਾਜਾਇਜ਼ ਤੌਰ 'ਤੇ ਬਣ ਰਹੀ ਇਸ ਕਬਾੜੀ ਮਾਰਕੀਟ ਨੂੰ ਬੰਦ ਕਰਵਾਇਆ ਜਾਵੇ।
ਟਰੱਸਟ ਵੱਲੋਂ ਬਣਾਈ ਗਈ ਸੀ ਕਮਰਸ਼ੀਅਲ ਸਕੀਮ
ਇੰਪਰੂਵਮੈਂਟ ਟਰੱਸਟ ਨੇ ਪੁਰਾਣੀ ਕਬਾੜੀ ਮਾਰਕੀਟ ਦੀ ਜ਼ਮੀਨ 'ਤੇ ਕਮਰਸ਼ੀਅਲ ਸਕੀਮ ਬਣਾਈ ਸੀ। ਪੂਰੀ ਮਾਰਕੀਟ ਨੂੰ ਖਾਲੀ ਕਰ ਕੇ ਵੱਡੀ ਪਾਰਕਿੰਗ ਬਣਾ ਕੇ ਉਸ ਦੇ ਆਲੇ-ਦੁਆਲੇ ਦੁਕਾਨਾਂ ਦੀਆਂ ਸਾਈਟਾਂ ਰੱਖੀਆਂ ਗਈਆਂ ਸਨ ਤਾਂ ਕਿ ਖੁੱਲ੍ਹੀ ਨੀਲਾਮੀ ਰਾਹੀਂ ਇਨ੍ਹਾਂ ਨੂੰ ਵੇਚਿਆ ਜਾ ਸਕੇ। ਇਸ ਦੌਰਾਨ ਪ੍ਰਾਪਰਟੀ ਦੇ ਕਾਰੋਬਾਰ ਵਿਚ ਮੰਦਾ ਆਉਣ ਕਾਰਨ ਇੰਪਰੂਵਮੈਂਟ ਟਰੱਸਟ ਇਹ ਕਮਰਸ਼ੀਅਲ ਸਕੀਮ ਨਹੀਂ ਵੇਚ ਸਕਿਆ। ਜਗ੍ਹਾ ਖਾਲੀ ਪਈ ਹੋਣ ਕਰ ਕੇ ਹੁਣ ਇਸ ਕਾਰੋਬਾਰ ਨਾਲ ਸਬੰਧਤ ਕੁੱਝ ਲੋਕਾਂ ਨੇ ਫਿਰ ਤੋਂ ਇਥੇ ਕੰਮ ਸ਼ੁਰੂ ਕਰ ਦਿੱਤਾ ਹੈ। ਟਰੱਸਟ ਦੀ ਕਮਰਸ਼ੀਅਲ ਜ਼ਮੀਨ ਦਾ ਇਸਤੇਮਾਲ ਪ੍ਰਾਈਵੇਟ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਤੋਂ ਉਹ ਪੈਸੇ ਵੀ ਕਮਾ ਰਹੇ ਹਨ ਪਰ ਟਰੱਸਟ ਨੂੰ ਕੁੱਝ ਵੀ ਨਹੀਂ ਮਿਲ ਰਿਹਾ।
ਖਾਲੀ ਹੋਈ ਮਾਰਕੀਟ ਦਾ ਮਾਲਕ ਇੰਪਰੂਵਮੈਂਟ ਟਰੱਸਟ
2002 ਦੀ ਸਰਕਾਰ ਸਮੇਂ ਜਦੋਂ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਨੇ ਇਹ ਮਾਰਕੀਟ ਇੱਥੋਂ ਸ਼ਿਫਟ ਕੀਤੀ ਸੀ ਤਾਂ ਟਰੱਸਟ ਵੱਲੋਂ ਕਬਾੜ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਲਈ ਰਾਜਪੁਰਾ ਰੋਡ ਥਾਣਾ ਸਦਰ ਕੋਲ ਨਵੀਂ ਮਾਰਕੀਟ ਬਣਾ ਕੇ ਦਿੱਤੀ ਗਈ ਸੀ। ਇਸ ਮਾਰਕੀਟ ਦਾ ਨਾਂ 'ਟਰੈਕਟਰ ਮਾਰਕੀਟ' ਰੱਖਿਆ ਗਿਆ ਸੀ। ਸਰਕਾਰ ਨੇ ਕਰੋੜਾਂ ਰੁਪਏ ਦੀ ਜ਼ਮੀਨ ਬਹੁਤ ਹੀ ਘੱਟ ਰੇਟਾਂ 'ਤੇ ਇਨ੍ਹਾਂ ਦੁਕਾਨਦਾਰਾਂ ਨੂੰ ਦਿੱਤੀ ਸੀ। ਇਸ ਤੋਂ ਬਾਅਦ ਨਵੀਂ ਮਾਰਕੀਟ ਵਸ ਗਈ ਹੈ। ਸਮੁੱਚਾ ਕਾਰੋਬਾਰ ਉਥੇ ਸ਼ਿਫਟ ਹੋ ਗਿਆ ਹੈ। ਨਵੀਂ ਮਾਰਕੀਟ ਦਾ ਨਿਰਮਾਣ ਕਿਉਂਕਿ ਇੰਪਰੂਵਮੈਂਟ ਟਰੱਸਟ ਨੇ ਕੀਤਾ ਸੀ, ਇਸ ਲਈ ਖਾਲੀ ਹੋਈ ਜਗ੍ਹਾ ਦੀ ਮਾਲਕੀ ਇੰਪਰੂਵਮੈਂਟ ਟਰੱਸਟ ਨੂੰ ਦੇ ਦਿੱਤੀ ਗਈ ਸੀ। ਇੰਪਰੂਵਮੈਂਟ ਟਰੱਸਟ ਇਸ ਜ਼ਮੀਨ ਦਾ ਮਾਲਕ ਬਣ ਗਿਆ ਹੈ।
ਨਾਜਾਇਜ਼ ਕਾਰੋਬਾਰ ਹਟਾਉਣ ਦੀ ਜ਼ਿੰਮੇਵਾਰੀ ਨਿਗਮ ਤੇ ਟਰੱਸਟ ਦੀ ਸਾਂਝੀ
ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ, ਇਸੇ ਕਾਰਨ ਸਰਕਾਰ ਨੇ ਇਹ ਮਾਰਕੀਟ ਇੱਥੋਂ ਸ਼ਿਫਟ ਕੀਤੀ ਸੀ ਕਿਉਂਕਿ ਕਬਾੜ ਦੇ ਕੰਮ ਕਾਰਨ ਇਸ ਮਾਰਕੀਟ ਦੇ ਆਲੇ-ਦੁਆਲੇ ਦੇ ਮਕਾਨਾਂ ਵਾਲਿਆਂ ਨੂੰ ਕਾਫੀ ਸਮੱਸਿਆ ਹੁੰਦੀ ਸੀ। ਸ਼ਹਿਰ ਵਿਚ ਟਰੈਫਿਕ ਦੀ ਵੱਡੀ ਸਮੱਸਿਆ ਸੀ। ਸਰਕਾਰ ਨੇ ਕਰੋੜਾਂ ਰੁਪਏ ਦਾ ਲਾਭ ਦੇ ਕੇ ਦੁਕਾਨਦਾਰਾਂ ਨੂੰ ਦੁਕਾਨਾਂ ਬਾਹਰ ਦੇ ਦਿੱਤੀਆਂ ਪਰ ਖਾਲੀ ਹੋਈ ਜਗ੍ਹਾ 'ਤੇ ਫਿਰ ਤੋਂ ਨਾਜਾਇਜ਼ ਕਬਜ਼ੇ ਹੋ ਗਏ। ਉਥੇ ਨਾਜਾਇਜ਼ ਕਾਰੋਬਾਰ ਹੋਣ ਲੱਗ ਪਿਆ ਹੈ। ਇਸ ਜਗ੍ਹਾ ਨੂੰ ਖਾਲੀ ਕਰਵਾਉਣ ਅਤੇ ਇਹ ਨਾਜਾਇਜ਼ ਕਾਰੋਬਾਰ ਰੋਕਣ ਦੀ ਜ਼ਿੰਮੇਵਾਰੀ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਦੀ ਸਾਂਝੀ ਬਣਦੀ ਹੈ ਪਰ ਦੋਵੇਂ ਵਿਭਾਗ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਅ ਰਹੇ।
ਨੋਟੀਫਿਕੇਸ਼ਨ ਜਾਰੀ ਕਰ ਕੇ ਨਿਗਮ ਬੈਨ ਕਰ ਚੁੱਕੈ ਕਬਾੜ ਦਾ ਕੰਮ
ਸਾਲ 2005-06 ਦੌਰਾਨ ਉਸ ਸਮੇਂ ਦੇ ਨਿਗਮ ਕਮਿਸ਼ਨ ਸਵ. ਐੈੱਸ. ਕੇ. ਆਹਲੂਵਾਲੀਆ ਦੇ ਕਾਰਜਕਾਲ ਸਮੇਂ ਇਹ ਮਾਰਕੀਟ ਇੱਥੋਂ ਸ਼ਿਫਟ ਕੀਤੀ ਗਈ ਸੀ। ਉਸ ਸਮੇਂ ਜਿਨ੍ਹਾਂ ਦੁਕਾਨਦਾਰਾਂ ਨੇ ਟਰੱਸਟ ਦੀ ਨਵੀਂ ਮਾਰਕੀਟ ਵਿਚ ਆਪਣਾ ਕੰਮ ਸ਼ੁਰੂ ਕਰ ਲਿਆ ਸੀ, ਉਨ੍ਹਾਂ ਉਸ ਸਮੇਂ ਪੁਰਾਣੀ ਮਾਰਕੀਟ ਵਿਚ ਵੀ ਕੰਮ ਜਾਰੀ ਰੱਖਿਆ ਸੀ। ਇਸ ਦਾ ਨੋਟਿਸ ਲੈਂਦਿਆਂ ਉਸ ਸਮੇਂ ਕਮਿਸ਼ਨਰ ਐੈੱਸ. ਕੇ. ਆਹਲੂਵਾਲੀਆ ਨੇ ਨਿਗਮ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਕਿ ਇਸ ਇਲਾਕੇ ਵਿਚ ਕਬਾੜ ਦਾ ਕੰਮ ਬਿਲਕੁਲ ਬੈਨ ਹੈ। ਇਹ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਵੀ ਹੁਣ ਫਿਰ ਤੋਂ ਇਥੇ ਕਬਾੜ ਦਾ ਕੰਮ ਹੋ ਰਿਹਾ ਹੈ, ਜੋ ਕਿ ਗੈਰ-ਕਾਨੂੰਨੀ ਹੈ।