ਬੀਮਾਰੀ ਫੈਲਣ ਦੇ ਡਰੋਂ ਲੋਕਾਂ ਨਿਗਮ ਖਿਲਾਫ ਕੀਤਾ ਰੋਸ ਮੁਜ਼ਾਹਰਾ

02/20/2018 5:02:54 AM

ਲੁਧਿਆਣਾ(ਮੁਕੇਸ਼)-ਢੰਡਾਰੀ ਪ੍ਰੇਮ ਨਗਰ ਤੇ ਜਗਦੀਸ਼ ਕਾਲੋਨੀ ਦੇ ਲੋਕਾਂ ਨੇ ਨਗਰ ਨਿਗਮ ਦੀ ਘਟੀਆ ਕਾਰਗੁਜ਼ਾਰੀ ਕਾਰਨ ਇਲਾਕੇ ਵਿਚ ਬੁਰੀ ਤਰ੍ਹਾਂ ਨਾਲ ਠੱਪ ਪਈ ਸੀਵਰੇਜ ਪ੍ਰਣਾਲੀ ਅਤੇ ਥਾਂ-ਥਾਂ ਲੱਗੇ ਹੋਏ ਕੂੜੇ ਦੇ ਢੇਰਾਂ ਕਾਰਨ ਫੈਲ ਰਹੀਆਂ ਬੀਮਾਰੀਆਂ ਕਾਰਨ ਰੋਸ ਮੁਜ਼ਾਹਰਾ ਕੀਤਾ। ਮੁਹੰਮਦ ਸ਼ਹਿਜ਼ਾਦ, ਰਾਕੇਸ਼ ਕੁਮਾਰ, ਧਨੰਜੇ, ਸੱਦਾਮ ਹੁਸੈਨ ਤੇ ਸਾਬਰ ਅਲੀ ਨੇ ਕਿਹਾ ਕਿ ਨਗਰ ਨਿਗਮ ਵਲੋਂ ਸਾਫ-ਸਫਾਈ ਦੇ ਕੀਤੇ ਜਾਣ ਵਾਲੇ ਵੱਡੇ-ਵੱਡੇ ਦਾਅਵਿਆਂ ਦੀ ਸ਼ਰੇਆਮ ਹਵਾ ਨਿਕਲਦੀ ਨਜ਼ਰ ਆ ਰਹੀ ਹੈ। ਸੀਵਰੇਜ ਜਾਮ ਹੋਣ ਨਾਲ ਗੰਦਾ ਪਾਣੀ ਗਲੀਆਂ ਤੇ ਲੋਕਾਂ ਦੇ ਘਰਾਂ ਅੰਦਰ ਭਰਿਆ ਹੋਇਆ ਹੈ। ਕੂੜੇ ਦੇ ਥਾਂ-ਥਾਂ ਲੱਗੇ ਹੋਏ ਢੇਰਾਂ ਵਿਚੋਂ ਉੱਠਣ ਵਾਲੀ ਸੜ੍ਹਾਂਦ ਕਾਰਨ ਲੋਕਾਂ ਦਾ ਰਹਿਣਾ ਮੁਹਾਲ ਹੋ ਗਿਆ ਹੈ, ਬੀਮਾਰੀ ਫੈਲ ਰਹੀ ਹੈ। ਸ਼ਹਿਜ਼ਾਦ ਨੇ ਕਿਹਾ ਕਿ ਇਲਾਕੇ ਦੀ ਹਾਲਤ ਜਾਨਵਰਾਂ ਦੇ ਵਾੜੇ ਤੋਂ ਵੀ ਭੈੜੀ ਹੈ। ਜਾਨਵਰਾਂ ਦੇ ਵਾੜੇ ਵੀ ਸਾਫ-ਸੁਥਰੇ ਹੁੰਦੇ ਹਨ। ਸਵੱਛ ਭਾਰਤ ਮੁਹਿੰਮ ਤੇ ਸਮਾਰਟ ਸਿਟੀ ਦੇ ਦਾਅਵੇ ਸੁਪਨੇ ਦੇਖਣ ਵਾਲੇ ਨਿਗਮ ਦੇ ਅਧਿਕਾਰੀ ਕੁੰਭਕਰਨੀ ਨੀਂਦੇ ਸੁੱਤੇ ਪਏ ਹਨ। ਮੁਹੰਮਦ ਰਫੀ, ਸੋਨੂੰ ਪਾਂਡੇ, ਸੁਜੀਤ ਸ਼ਰਮਾ, ਨੌਸ਼ਾਦ ਅੰਸਾਰੀ ਨੇ ਕਿਹਾ ਕਿ ਢੰਡਾਰੀ ਸਰਕਾਰੀ ਸਕੂਲ ਰੇਲਵੇ ਲਾਈਨ ਨਾਲ ਰਾਮਗੜ੍ਹ ਈਸ਼ਵਰ ਕਾਲੋਨੀ ਵੱਲ ਜਾਂਦੀ ਸੜਕ ਤੋਂ ਸੀਵਰੇਜ ਗਟਰਾਂ ਦੇ ਢੱਕਣ ਬੁਰੀ ਤਰ੍ਹਾਂ ਨਾਲ ਟੁੱਟਣ ਤੇ ਗਾਇਬ ਹੋਣ ਕਰ ਕੇ ਕਈ ਵਾਰ ਲੋਕ ਇਨ੍ਹਾਂ ਵਿਚ ਡਿੱਗ ਕੇ ਫੱਟੜ ਹੋ ਚੁੱਕੇ ਹਨ। ਰਾਤ ਸਮੇਂ ਇਹ ਬਿਨਾਂ ਢੱਕਣ ਦੇ ਗਟਰ ਮੌਤ ਦਾ ਖੂਹ ਸਾਬਤ ਹੋ ਰਹੇ ਹਨ। ਨਿਗਮ ਅਫਸਰਾਂ ਨੇ ਕਿਹਾ ਕਿ ਮੌਕਾ ਦੇਖ ਕੇ ਕੁਝ ਕਿਹਾ ਜਾ ਸਕਦਾ ਹੈ। ਸਾਫ-ਸਫਾਈ ਛੇਤੀ ਕਰਵਾ ਦਿਆਂਗੇ।


Related News