ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਵਿਸ਼ੇਸ਼ ਮੁਹਿੰਮ: ਈ. ਓ.
Saturday, Aug 19, 2017 - 12:48 PM (IST)
ਹੁਸ਼ਿਆਰਪੁਰ(ਘੁੰਮਣ)— ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੁਪਰਡੈਂਟ ਤਹਿ-ਬਾਜ਼ਾਰੀ ਸਵਾਮੀ ਸਿੰਘ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵੱਲੋਂ ਸੜਕਾਂ 'ਤੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ, ਜਿਸ ਤਹਿਤ ਤਹਿ-ਬਾਜ਼ਾਰੀ ਟੀਮ ਵੱਲੋਂ ਵੱਖ-ਵੱਖ ਬਾਜ਼ਾਰਾਂ, ਬੱਸ ਸਟੈਂਡ, ਘੰਟਾ ਘਰ, ਭਗਵਾਨ ਮਹਾਵੀਰ ਸੇਤੂ, ਗਊਸ਼ਾਲਾ ਬਾਜ਼ਾਰ, ਬੱਸੀ ਖਵਾਜੂ, ਕੋਤਵਾਲੀ ਬਾਜ਼ਾਰ ਅਤੇ ਕਮੇਟੀ ਬਾਜ਼ਾਰ ਵਿਖੇ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਗਿਆ ਅਤੇ ਨਗਰ ਨਿਗਮ ਦੀ ਜਗ੍ਹਾ 'ਤੇ ਰੱਖੇ ਸਾਮਾਨ ਨੂੰ ਕਬਜ਼ੇ ਵਿਚ ਲਿਆ।
ਸਹਾਇਕ ਕਮਿਸ਼ਨਰ ਪਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹਿਰ ਵਿਚ ਹੋ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਘਟਾਉਣ ਲਈ ਦੁਕਾਨਦਾਰਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰ ਆਪਣਾ ਸਾਮਾਨ ਦੁਕਾਨਾਂ ਅੰਦਰ ਹੀ ਰੱਖਣ ਕਿਉਂਕਿ ਇਸ ਨਾਲ ਸੜਕਾਂ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਦਿੱਕਤ ਪੇਸ਼ ਆਉਂਦੀ ਹੈ ਅਤੇ ਆਵਾਜਾਈ ਵਿਚ ਰੁਕਾਵਟ ਪੈਂਦੀ ਹੈ। ਇਸ ਮੌਕੇ ਇੰਸਪੈਕਟਰ ਸੁਰਜੀਤ ਬਹਿਲ, ਅਮਿਤ ਕੁਮਾਰ, ਸੰਨੀ, ਗੌਰਵ ਸ਼ਰਮਾ, ਲੇਖ ਰਾਜ, ਕੁਲਵਿੰਦਰ ਸਿੰਘ ਅਤੇ ਪੁਲਸ ਵਿਭਾਗ ਦੇ ਕਰਮਚਾਰੀ ਵੀ ਸ਼ਾਮਲ ਸਨ।
