ਮੇਅਰ ਦੇ ਹੁਕਮਾਂ ’ਤੇ ਨਿਗਮ ਦਾ ਐਕਸ਼ਨ: ਰਾਮਾ ਮੰਡੀ, ਢਿੱਲਵਾਂ ਰੋਡ ਤੇ ਪੰਜਾਬ ਐਵੇਨਿਊ ਤੋਂ ਹਟਾਏ ਨਾਜਾਇਜ਼ ਕਬਜ਼ੇ
Wednesday, Feb 05, 2025 - 03:39 PM (IST)
ਜਲੰਧਰ (ਪੁਨੀਤ)–ਬੀਤੇ ਦਿਨੀਂ ਮੇਅਰ ਵਿਨੀਤ ਧੀਰ ਵੱਲੋਂ ਤਹਿਬਾਜ਼ਾਰੀ ਵਿਭਾਗ ਨਾਲ ਮੀਟਿੰਗ ਕਰ ਕੇ ਸੜਕਾਂ ’ਤੇ ਹੋਣ ਵਾਲੇ ਅਸਥਾਈ ਕਬਜ਼ਿਆਂ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਹੁਕਮਾਂ ਦੇ ਅਗਲੇ ਹੀ ਦਿਨ ਕਾਰਵਾਈ ਹੁੰਦੀ ਨਜ਼ਰ ਆਈ ਹੈ ਅਤੇ ਸੜਕਾਂ ਤੋਂ ਕਬਜ਼ੇ ਹਟਣ ਲੱਗੇ ਹਨ। ਨਗਰ ਨਿਗਮ ਦੇ ਤਹਿਬਾਜ਼ਾਰੀ ਵਿਭਾਗ ਨੇ ਅੱਜ ਰਾਮਾ ਮੰਡੀ, ਢਿੱਲਵਾਂ ਰੋਡ ਅਤੇ ਪੰਜਾਬ ਐਵੇਨਿਊ ਤੋਂ ਅਸਥਾਈ ਕਬਜ਼ੇ ਹਟਾਉਂਦੇ ਹੋਏ ਸੜਕਾਂ ’ਤੇ ਪਿਆ ਸਾਮਾਨ, ਦੁਕਾਨਾਂ ਦੇ ਬਾਹਰ ਲੱਗੇ ਮੇਜ਼ ਅਤੇ ਨਾਜਾਇਜ਼ ਰੇਹੜੀਆਂ ਨੂੰ ਜ਼ਬਤ ਕਰ ਲਿਆ ਹੈ, ਉਥੇ ਹੀ ਭਵਿੱਖ ਵਿਚ ਭਾਰੀ ਜੁਰਮਾਨਾ ਲਾਉਣ ਦੀ ਚਿਤਾਵਨੀ ਦਿੱਤੀ ਗਈ ਹੈ।
ਮੇਅਰ ਵਿਨੀਤ ਧੀਰ ਦੇ ਹੁਕਮ ’ਤੇ ਸ਼ੁਰੂ ਹੋਈ ਨਾਜਾਇਜ਼ ਕਬਜ਼ੇ ਹਟਾਓ ਮੁਹਿੰਮ ਤੇਜ਼ ਹੁੰਦੀ ਨਜ਼ਰ ਆ ਰਹੀ ਹੈ, ਜਿਸ ਨਾਲ ਜਨਤਾ ਨੂੰ ਰਾਹਤ ਮਿਲੇਗੀ ਅਤੇ ਸੜਕਾਂ ਤੋਂ ਅਸਥਾਈ ਕਬਜ਼ੇ ਹਟਦੇ ਹੋਏ ਨਜ਼ਰ ਆਉਣਗੇ। ਅੱਜ ਦੀ ਇਹ ਕਾਰਵਾਈ ਨਿਗਮ ਕਮਿਸ਼ਨਰ ਗੌਤਮ ਜੈਨ ਅਤੇ ਜੁਆਇੰਟ ਕਮਿਸ਼ਨਰ ਡਾ. ਸੁਮਨਦੀਪ ਕੌਰ ਦੀ ਅਗਵਾਈ ਵਿਚ ਕੀਤੀ ਗਈ। ਇਸ ਵਿਚ ਤਹਿਬਾਜ਼ਾਰੀ ਸੁਪਰਿੰਟੈਂਡੈਂਟ ਅਸ਼ਵਨੀ ਗਿੱਲ ਅਤੇ ਤਹਿਬਾਜ਼ਾਰੀ ਇੰਸ. ਹਿਤੇਸ਼ ਨਾਹਰ ਨੇ ਆਪਣੀ ਟੀਮ ਨਾਲ ਮਿਲ ਕੇ ਮੁਹਿੰਮ ਨੂੰ ਸਫ਼ਲ ਬਣਾਇਆ।
ਇਹ ਵੀ ਪੜ੍ਹੋ : ਫਾਇਰਿੰਗ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ, ਸਾਬਕਾ ਮਹਿਲਾ ਸਰਪੰਚ ਦੇ ਘਰ ਚੱਲੀਆਂ ਗੋਲ਼ੀਆਂ
ਨਗਰ ਨਿਗਮ ਦੀ ਟੀਮ ਨੇ ਸੜਕ ’ਤੇ ਰੱਖੇ ਗਏ ਡਿਸਪਲੇਅ ਸਾਮਾਨ, ਦੁਕਾਨਾਂ ਦੇ ਬਾਹਰ ਰੱਖਿਆ ਸਾਮਾਨ ਜ਼ਬਤ ਕੀਤਾ ਅਤੇ ਕਬਜ਼ੇ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੱਤੀ। ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਦੁਬਾਰਾ ਕਬਜ਼ਾ ਕੀਤਾ ਗਿਆ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਭਾਰੀ ਜੁਰਮਾਨਾ ਅਤੇ ਕਾਨੂੰਨੀ ਕਾਰਵਾਈ ਦਾ ਪ੍ਰਬੰਧ ਵੀ ਰਹੇਗਾ। ਨਗਰ ਨਿਗਮ ਦੇ ਮੁਤਾਬਕ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਵੀ ਜਾਰੀ ਰਹੇਗੀ ਅਤੇ ਸ਼ਹਿਰ ਦੇ ਹੋਰਨਾਂ ਹਿੱਸਿਆਂ ਵਿਚ ਵੀ ਕਾਰਵਾਈ ਕੀਤੀ ਜਾਵੇਗੀ।
ਲੋਕਾਂ ਨੂੰ ਰਾਹਤ, ਵਪਾਰੀਆਂ ’ਚ ਹਲਚਲ
ਨਗਰ ਨਿਗਮ ਦੀ ਇਸ ਕਾਰਵਾਈ ਨਾਲ ਵਪਾਰੀਆਂ ਵਿਚ ਹਲਚਲ ਮਚ ਗਈ ਹੈ, ਉਥੇ ਹੀ ਸਥਾਨਕ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਹੈ। ਰਾਮਾ ਮੰਡੀ, ਢਿੱਲਵਾਂ ਰੋਡ ਅਤੇ ਪੰਜਾਬ ਐਵੇਨਿਊ (ਅਰਬਨ ਅਸਟੇਟ-2) ਦੇ ਨਾਗਰਿਕਾਂ ਨੇ ਨਗਰ ਨਿਗਮ ਦੀ ਇਸ ਪਹਿਲ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਨਾਜਾਇਜ਼ ਕਬਜ਼ਿਆਂ ਕਾਰਨ ਸੜਕਾਂ ’ਤੇ ਟ੍ਰੈਫਿਕ ਵਿਚ ਅੜਿੱਕਾ ਪੈ ਰਿਹਾ ਸੀ ਅਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਸੀ। ਇਕ ਸਥਾਨਕ ਨਿਵਾਸੀ ਨੇ ਕਿਹਾ ਿਕ ਇਹ ਮੁਹਿੰਮ ਜ਼ਰੂਰੀ ਹੈ। ਨਾਜਾਇਜ਼ ਕਬਜ਼ਿਆਂ ਕਾਰਨ ਪੈਦਲ ਚੱਲਣਾ ਵੀ ਮੁਸ਼ਕਿਲ ਹੋ ਗਿਆ ਹੈ। ਨਿਗਮ ਨੂੰ ਤੰਗ ਬਾਜ਼ਾਰਾਂ ਵਿਚ ਵੀ ਮੁਹਿੰਮ ਚਲਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਖੇਤਾਂ 'ਚ ਪਾਣੀ ਲਾਉਣ ਗਏ ਕਿਸਾਨ ਨੂੰ ਮੌਤ ਨੇ ਪਾ ਲਿਆ ਘੇਰਾ, ਤੜਫ਼-ਤੜਫ਼ ਕੇ ਨਿਕਲੀ ਜਾਨ
ਅਧਿਕਾਰੀਆਂ ਦੀ ਦੋ-ਟੁੱਕ, ਇਹ 1 ਦਿਨ ਦੀ ਕਾਰਵਾਈ ਨਹੀਂ
ਨਗਰ ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਸਿਰਫ਼ ਇਕ ਦਿਨ ਦੀ ਕਾਰਵਾਈ ਨਹੀਂ, ਸਗੋਂ ਸ਼ਹਿਰ ਨੂੰ ਅਸਥਾਈ ਕਬਜ਼ਿਆਂ ਤੋਂ ਮੁਕਤ ਬਣਾਉਣ ਦੀ ਮੁਹਿੰਮ ਹੈ। ਉਨ੍ਹਾਂ ਨੇ ਵਪਾਰੀਆਂ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਫੁੱਟਪਾਥਾਂ ਅਤੇ ਸੜਕਾਂ ’ਤੇ ਨਾਜਾਇਜ਼ ਰੂਪ ਨਾਲ ਸਾਮਾਨ ਨਾ ਰੱਖਣ ਅਤੇ ਆਵਾਜਾਈ ਨੂੰ ਸੁਚਾਰੂ ਬਣਾਈ ਰੱਖਣ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਨਗਰ ਨਿਗਮ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਦੁਬਾਰਾ ਕਬਜ਼ਾ ਕਰਦਾ ਹੈ ਤਾਂ ਨਾ ਸਿਰਫ ਉਸ ਦਾ ਸਾਮਾਨ ਜ਼ਬਤ ਕੀਤਾ ਜਾਵੇਗਾ, ਸਗੋਂ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਵੀ ਹੋਵੇਗੀ।
ਸ਼ਹਿਰ ਨੂੰ ਕਬਜ਼ਾ-ਮੁਕਤ ਬਣਾਉਣ ਦਾ ਸੰਕਲਪ : ਵਿਨੀਤ ਧੀਰ
ਮੇਅਰ ਵਿਨੀਤ ਧੀਰ ਨੇ ਇਸ ਮੁਹਿਮ ਨੂੰ ਲੈ ਕੇ ਸਖ਼ਤ ਰੁਖ਼ ਅਪਣਾਉਣ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਬਜ਼ੇ ਹਟਾਉਣ ਨਾਲ ਸ਼ਹਿਰ ਦੀ ਸੁੰਦਰਤਾ ਨਿਖਰੇਗੀ, ਆਵਾਜਾਈ ਦੇ ਪ੍ਰਬੰਧ ਸੁਧਰਨਗੇ ਅਤੇ ਨਾਗਰਿਕਾਂ ਨੂੰ ਸੁਵਿਧਾਜਨਕ ਮਾਹੌਲ ਮਿਲੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਿਗਮ ਦਾ ਸਹਿਯੋਗ ਕਰਨ ਤਾਂ ਕਿ ਸ਼ਹਿਰ ਦੀਆਂ ਸਮੱਸਿਆਵਾਂ ਦਾ ਹੱਲ ਤੇਜ਼ੀ ਨਾਲ ਹੋਵੇ।
ਇਹ ਵੀ ਪੜ੍ਹੋ : Alert 'ਤੇ ਪੰਜਾਬ, ਥਾਣਿਆਂ ਦੀਆਂ ਕੰਧਾਂ ਕਰ 'ਤੀਆਂ ਉੱਚੀਆਂ, ਰਾਤ ਸਮੇਂ ਇਹ ਰਸਤੇ ਰਹਿਣਗੇ ਬੰਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e