ਕੇਂਦਰ ਦੇ ਖੇਤੀ ਬਿੱਲਾਂ ਖ਼ਿਲਾਫ਼ ਅਕਾਲੀ ਦਲ ਦਾ ਧਰਨਾ, ਨਿਸ਼ਾਨੇ 'ਤੇ ਕੈਪਟਨ

Friday, Sep 25, 2020 - 04:57 PM (IST)

ਸ੍ਰੀ ਮੁਕਤਸਰ ਸਾਹਿਬ : ਕੇਂਦਰ ਵਲੋਂ ਪਾਸ ਕੀਤੇ ਗਏ ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਸੂਬੇ ਭਰ 'ਚ ਅੰਦੋਲਨ ਕੀਤਾ ਜਾ ਰਿਹਾ ਹੈ। ਇਸ ਤਹਿਤ ਲੰਬੀ ਵਿਖੇ ਲਗਾਏ ਗਏ ਕਿਸਾਨਾਂ ਦੇ ਧਰਨੇ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਅਤੇ ਅਕਾਲੀ ਆਗੂਆਂ ਸਮੇਤ ਸ਼ਾਮਲ ਹੋਏ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨ, ਖੇਤ ਮਜ਼ਦੂਰਾਂ ਅਤੇ ਗਰੀਬਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਦਾ ਦਰਦ ਸਿਰਫ਼ ਕਿਸਾਨ ਹੀ ਸਮਝ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਕਿਸਾਨਾਂ ਤੋਂ ਕੁਝ ਪੁੱਛਿਆ ਨਾ ਜਾਵੇ ਤੇ ਫ਼ੈਸਲੇ ਉਹ ਕਰਨ ਜਿਨ੍ਹਾਂ ਨੂੰ ਕਿਸਾਨੀ ਬਾਰੇ ਜ਼ਿਆਦਾ ਪਤਾ ਨਹੀਂ ਤਾਂ ਫਿਰ ਕਦੇ ਵੀ ਸਹੀ ਫ਼ੈਸਲਾ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾਂ ਕਿਸਾਨਾਂ ਲਈ ਲੜਾਈ ਲੜੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੁਰਸੀ ਦਾ ਕੋਈ ਲਾਲਚ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਬਾਦਲ ਸਾਹਿਬ ਨੂੰ ਕੁਰਸੀ ਪਿਆਰੀ ਹੁੰਦੀ ਤਾਂ ਕਦੇ ਐਮਰਜੈਂਸੀ ਦੀ ਲੜਾਈ ਨਾ ਲੜਦੇ ਤੇ ਨਾ ਹੀ ਜੇਲਾਂ ਕੱਟਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਟਨ 'ਤੇ ਨਿਸ਼ਾਨਾ ਵਿਨ੍ਹਦਿਆਂ ਕਿਹਾ ਕਿ ਕੈਪਟਨ ਨੂੰ ਕਿਸਾਨਾਂ ਨਾਲ ਧਰਨੇ 'ਚ ਸ਼ਾਮਲ ਹੋਣਾ ਚਾਹੀਦਾ ਸੀ ਪਰ ਉਹ ਨਹੀਂ ਹੋਏ ਕਿਉਂਕਿ ਉਨ੍ਹਾਂ ਨੂੰ ਡਰ ਸੀ ਕੀ ਕਿਤੇ ਉਹ ਮਰ ਨਾ ਜਾਵੇ। ਉਨ੍ਹਾਂ ਕਿਹਾ ਕਿ ਮਰਨਾ ਜੀਣਾ ਤਾਂ ਰੱਬ ਦੇ ਹੱਥ 'ਚ ਹੈ ਤੇਰੇ ਹੱਥ 'ਚ ਨਹੀਂ। ਉਨ੍ਹਾਂ ਕਿਹਾ ਕਿ ਜਿਹੜਾ ਖੇਤੀ ਬਿੱਲ ਮੋਦੀ ਸਰਕਾਰ ਵਲੋਂ ਹੁਣ ਪਾਸ ਕੀਤਾ ਗਿਆ ਉਹ ਤਿੰਨ ਸਾਲ ਪਹਿਲਾਂ ਆਪਣੇ ਚੋਣ ਪੱਤਰ 'ਚ ਕੈਪਟਨ ਅਮਰਿੰਦਰ ਸਿੰਘ ਨੇ ਕਰ ਦਿੱਤੇ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੋਗਲੀ ਹੈ। 

ਇਹ ਵੀ ਪੜ੍ਹੋ : 15 ਸਾਲਾ ਕੁੜੀ ਨੂੰ ਵਰਗਲਾ ਕੇ ਮੋਟਰ 'ਤੇ ਲੈ ਗਿਆ ਨੌਜਵਾਨ, ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ

ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਦਿੱਲੀ 'ਚ ਗੰਦ ਪਾਇਆ ਹੋਇਆ ਹੈ ਅਤੇ ਇਹ ਬਹੁਤ ਮਾੜੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਪਸ 'ਚ ਰਲੇ ਹੋਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦਾ ਅਜੇ ਤੱਕ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ, ਜੋ ਉਨ੍ਹਾਂ ਨੇ ਕਾਫ਼ੀ ਸਮਾਂ ਪਹਿਲਾਂ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸ ਸਮੇਂ ਦੋਗਲੇ ਲੋਕਾਂ ਨੂੰ ਪਛਾਨਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਹਿਲੀ ਅਕਤੂਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਨੂੰ ਚੰਡੀਗੜ੍ਹ ਤੱਕ ਮਾਰਚ ਕੱਢਿਆ ਜਾਵੇਗਾ, ਜੋ ਕੈਪਟਨ ਅਤੇ ਦਿੱਲੀ ਦੇ ਤਖ਼ਤ ਨੂੰ ਹਿਲਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸਾਨਾਂ ਦੇ ਹੱਕ ਵਿਚ ਖੜ੍ਹ ਕੇ ਅੱਗੇ ਹੋ ਕੇ ਸੰਘਰਸ਼ ਕਰੇਗਾ।

ਇਹ ਵੀ ਪੜ੍ਹੋ :  1 ਅਕਤੂਬਰ ਤੋਂ ਕੋਰੋਨਾ ਮਰੀਜ਼ਾਂ ਦਾ ਹੋਵੇਗਾ 4 ਸਰਕਾਰੀ ਹਸਪਤਾਲਾਂ 'ਚ ਇਲਾਜ, ਸਿਰਫ 400 ਬੈੱਡ ਰਾਖਵੇਂ


Baljeet Kaur

Content Editor

Related News