ਆਪਣੇ ਕੋਲ ਕੰਮ ਕਰਨ ਵਾਲੇ ਕਾਮਿਆਂ ਦੇ ਨਾਂ ਕਰ ’ਤੀ 30 ਏਕੜ ਜ਼ਮੀਨ, ਜਾਣੋ ਕੀ ਰਹੀ ਵਜ੍ਹਾ
Wednesday, Feb 15, 2023 - 02:56 PM (IST)
ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਮੁਕਤਸਰ ਸਾਹਿਬ ਦੇ 87 ਸਾਲਾ ਬਜ਼ੁਰਗ ਨੇ ਆਪਣੀ 30 ਏਕੜ ਜ਼ਮੀਨ ਅਤੇ ਆਲੀਸ਼ਾਨ ਕੋਠੀ ਆਪਣੇ ਕੋਲ ਕੰਮ ਕਰਨ ਵਾਲੇ ਕਾਮਿਆਂ ਦੇ ਨਾਂ ਕਰ ਦਿੱਤੀ। ਪਿੰਡ ਬਾਮ ਦੇ ਰਹਿਣ ਵਾਲੇ ਬਜ਼ੁਰਗ ਬਲਜੀਤ ਸਿੰਘ ਮਾਨ ਸਬੰਧੀ ਸੋਸ਼ਲ ਮੀਡੀਆ 'ਤੇ ਵੱਖ-ਵੱਖ ਵੀਡੀਓ ਸਾਹਮਣੇ ਆ ਰਹੀਆਂ ਹਨ। ਦੱਸ ਦੇਈਏ ਕਿ ਬਲਜੀਤ ਸਿੰਘ ਦੀ ਆਪਣੀ ਕੋਈ ਵੀ ਔਲਾਦ ਨਹੀਂ ਹੈ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਪਿੰਡ ਬਾਮ ਵਿਖੇ ਸਥਿਤ 30 ਏਕੜ ਦੇ ਕਰੀਬ ਜ਼ਮੀਨ ਉਨ੍ਹਾਂ ਕਾਮਿਆਂ ਨੂੰ ਦਾਨ ਕਰ ਦਿੱਤੀ, ਜੋ ਉਨ੍ਹਾਂ ਕੋਲ ਕੰਮ ਕਰਦੇ ਸਨ। ਇਸ ਮੌਕੇ ਉਨ੍ਹਾਂ ਨੇ ਗੱਲਬਾਤ ਕਰਦਿਆਂ ਬਲਜੀਤ ਸਿੰਘ ਨੇ ਦੱਸਿਆ ਕਿ 2011 'ਚ ਉਸਦੀ ਪਤਨੀ ਦੀ ਮੌਤ ਹੋ ਗਈ ਸੀ। ਪਤਨੀ ਦੇ ਜਿਊਂਦੇ ਸਮੇਂ ਦੋਹਾਂ ਜੀਆਂ ਨੇ ਫ਼ੈਸਲਾ ਲਿਆ ਸੀ ਕਿ ਉਹ ਆਪਣੀ ਜਾਇਦਾਦ ਕਿਸੇ ਕੀਮਤ 'ਤੇ ਸ਼ਰੀਕਾਂ ਦੇ ਹੱਥ ਨਹੀਂ ਲੱਗਣ ਦੇਣਗੇ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਭਾਰਤ-ਪਾਕਿ ਸਰਹੱਦ ਨੇੜਿਓ ਮਿਲੇ ਹੈਂਡ ਗਰਨੇਡ ਤੇ ਕਾਰਤੂਸ
ਬਲਜੀਤ ਸਿੰਘ ਅਨੁਸਾਰ ਕਥਿਤ ਤੌਰ 'ਤੇ ਇਕ ਵਾਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ ਦੀ ਜ਼ਮੀਨ ਦੀ ਕੁਰਕੀ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ, ਜਿਸ ਉਪਰੰਤ ਉਨ੍ਹਾਂ ਨੇ ਜਾਇਦਾਦ ਨੂੰ ਦਾਨ ਕਰਨ ਦਾ ਪੱਕਾ ਮਨ ਬਣਾ ਲਿਆ ਸੀ। ਬਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕੋਲ ਬਠਿੰਡਾ ਪੈਟਰੋਲ 'ਤੇ ਕੰਮ ਕਰਨ ਵਾਲੇ ਇਕਬਾਲ ਸਿੰਘ ਦੇ ਨਾਮ 19 ਏਕੜ ਜ਼ਮੀਨ ਕਰ ਦਿੱਤੀ ਹੈ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਦੇ ਨਾਂ 6 ਅਤੇ 4 ਏਕੜ ਜ਼ਮੀਨ ਕੀਤੀ ਗਈ ਹੈ ਅਤੇ ਸਾਰੇ ਕਾਮਿਆਂ ਦੇ ਨਾਂ 'ਤੇ ਰਜ਼ਿਸਟਰੀਆਂ ਵੀ ਕਰਵਾ ਲਈਆਂ ਗਈਆਂ ਹਨ।
ਇਹ ਵੀ ਪੜ੍ਹੋ- ਜੇਲ੍ਹ ਵਾਰਡਨ ਦੀ ਸ਼ਰਮਨਾਕ ਕਰਤੂਤ, ਮਹਿਲਾ ਕਾਂਸਟੇਬਲ ਦੇ ਇੰਸਟਾਗ੍ਰਾਮ 'ਤੇ ਫੋਟੋ ਅਪਲੋਡ ਕਰ ਕੀਤਾ ਵੱਡਾ ਕਾਂਡ
ਓਧਰ ਹੀ ਜਦੋਂ ਇਸ ਬਾਰੇ ਇਕਬਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਮੈਂ ਖ਼ੂਬ ਮਿਹਨਤ ਨਾਲ ਕੰਮ ਕੀਤਾ ਹੈ ਅਤੇ ਇਹ ਜ਼ਮੀਨ ਮਿਲਣ ਕਾਰਨ ਉਹ ਕਾਫ਼ੀ ਖ਼ੁਸ਼ੀ ਮਹਿਸੂਸ ਕਰ ਰਿਹਾ ਹੈ। ਇਕਬਾਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ ਨੇ ਆਪਣੀ ਆਲੀਸ਼ਾਨ ਕੋਠੀ ਵੀ ਉਸ ਨੂੰ ਸੌਂਪ ਦਿੱਤੀ ਹੈ ਅਤੇ ਖ਼ੁਦ ਬਲਜੀਤ ਸਿੰਘ ਖੇਤ 'ਚ ਬਣੇ ਦੋ ਕਮਰਿਆਂ ਵਾਲੇ ਮਕਾਨ 'ਚ ਰਹਿ ਰਿਹਾ ਹੈ। ਬਲਜੀਤ ਸਿੰਘ ਦੇ ਰਿਸ਼ਤੇਦਾਰਾਂ ਨਾਲ ਚੱਲਦੇ ਪੈਸੇ ਦੇ ਲੈਣ-ਦੇਣ ਦੇ ਵਿਵਾਦ 'ਤੇ ਗੱਲ ਕਰਦਿਆਂ ਇਕਬਾਲ ਨੇ ਕਿਹਾ ਕਿ ਉਹ ਲੈਣ-ਦੇਣ ਪੈਟਰੋਲ ਪੰਪ ਨਾਲ ਸਬੰਧਿਤ ਹਨ ਪਰ ਜ਼ਮੀਨ ਸਬੰਧੀ ਕੋਈ ਅਜਿਹਾ ਮਾਮਲਾ ਨਹੀਂ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।