ਸ਼ਹਿਰ ’ਚ ਇਕੋ ਰਾਤ ’ਚ ਹੋਈਆਂ 10 ਚੋਰੀਆਂ, ਪੁਲਸ ਸੁਰੱਖਿਆ ਪ੍ਰਬੰਧਾਂ ’ਤੇ ਖੜ੍ਹੇ ਹੋਏ ਸਵਾਲ
Wednesday, Apr 08, 2020 - 03:46 PM (IST)
ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) - ਇਕ ਪਾਸੇ ਕਰਫ਼ਿਊ ਅਤੇ ਦੂਜੇ ਪਾਸੇ ਇਕੋਂ ਰਾਤ ਵਿਚ 10 ਵੱਖ-ਵੱਖ ਦੁਕਾਨਾਂ ’ਤੇ ਹੋਈਆਂ ਚੋਰੀ ਦੀਆਂ ਘਟਨਾਵਾਂ ਦੇ ਕਾਰਨ ਪੁਲਸ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ’ਤੇ ਕਈ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕਰਫ਼ਿਊ ਦੌਰਾਨ ਸ਼ਹਿਰ ’ਚ ਚੋਰੀ ਦੀਆਂ 10 ਘਟਨਾਵਾਂ ਸਾਹਮਣੇ ਆਈਆਂ ਹਨ, ਜਿੰਨ੍ਹਾਂ ਵਿਚ ਵੱਖ-ਵੱਖ ਦੁਕਾਨਾਂ ਤੋਂ ਹਜ਼ਾਰਾਂ ਰੁਪਏ ਦੀ ਚੋਰੀ ਦਰਜ ਕੀਤੀ ਗਈ ਹੈ। ਸਵੇਰ ਵੇਲੇ ਤੋਂ ਹੀ ਚੋਰੀਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਪੁਲਸ ਨੇ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਹਨ ਪਰ ਨਾਲ ਹੀ ਪੁਲਸ ਦਾ ਕਹਿਣਾ ਹੈ ਕਿ ਚੋਰੀ ਦੀਆਂ ਘਟਨਾਵਾਂ ਇਕ ਰਾਤ ਦੀ ਘਟਨਾ ਨਹੀਂ, ਸਗੋਂ ਪਿਛਲੇ ਕਈ ਦਿਨਾਂ ਤੋਂ ਚੋਰੀਆਂ ਰੁਕ-ਰੁਕ ਕੇ ਹੋ ਰਹੀਆਂ ਹਨ। ਕਰਫਿਊ ਦੌਰਾਨ ਬੰਦ ਪਈਆਂ ਦੁਕਾਨਾਂ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦਿਆਂ ਛੱਤਾਂ ’ਤੇ ਲੱਗੇ ਗੇਟਾਂ ਨੂੰ ਤੋੜਦਿਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇਸ ਵਿਚਾਲੇ ਹੈਰਾਨੀ ਦੀ ਗੱਲ ਇਹ ਹੈ ਕਿ ਥਾਣਾ ਸਿਟੀ ਦੇ ਬਿਲਕੁਲ ਨੇੜੇ ਸਥਿਤ ਕੁਝ ਦੁਕਾਨਾਂ ’ਤੇ ਵੀ ਚੋਰੀਆਂ ਹੋਈਆਂ ਹਨ, ਜਿੱਥੇ ਚੋਰ ਹਜ਼ਾਰਾਂ ਦਾ ਸਮਾਨ ਲੈ ਕੇ ਰਫ਼ੂ ਚੱਕਰ ਹੋ ਗਏ ਹਨ।
ਇਸ ਮਾਮਲੇ ਦੇ ਸਬੰਧ ’ਚ ਭਾਵੇਂ ਪੁਲਸ ਗਸ਼ਤ ਕਰ ਰਹੀ ਹੈ ਪਰ ਅੰਦਾਜ਼ਨ ਰਾਤ ਸਮੇਂ ਹੋਈਆਂ ਚੋਰੀਆਂ ਵਿਚ ਚੋਰਾਂ ਵਲੋਂ ਤੇਜ਼ਧਾਰ ਸੰਦਾਂ ਦੀ ਵਰਤੋਂ ਕਰਦਿਆਂ ਸ਼ਟਰਾਂ ਤੇ ਗੇਟਾਂ ਨੂੰ ਤੋੜਦਿਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਪੀੜਤ ਦੁਕਾਨਦਾਰਾਂ ਨੇ ਦੋਸ਼ ਲਾਉਂਦਿਆਂ ਕਿਹਾ ਕਿ ਕਰਫ਼ਿਊ ਦੌਰਾਨ ਉਹ ਆਪਣੀਆਂ ਦੁਕਾਨਾਂ ਬੰਦ ਕਰਕੇ ਘਰ ਬੈਠੇ ਹਨ। ਅਜਿਹੇ ਵਿਚ ਕਈ ਲੋਕ ਉਨ੍ਹਾਂ ਦੀਆਂ ਦੁਕਾਨਾਂ ਦੇ ਬਰਾਂਡਿਆਂ ’ਤੇ ਪਰਦੇ ਪਾ ਕੇ ਰਾਤਾਂ ਗੁਜ਼ਾਰ ਰਹੇ ਹਨ, ਜਿਸ ਕਰਕੇ ਉਨ੍ਹਾਂ ਦੀਆਂ ਦੁਕਾਨਾਂ ਦੇ ਮੇਨ ਗੇਟ ਲੁਕ ਚੁੱਕੇ ਹਨ, ਜੋ ਸ਼ਾਇਦ ਚੋਰੀਆਂ ਦਾ ਕਾਰਨ ਬਣੇ ਹਨ। ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਤੋਂ ਅਜਿਹੇ ਲੋਕਾਂ ਨੂੰ ਦੁਕਾਨਾਂ ਅੱਗੇ ਨਾ ਰਹਿਣ ਦਿੱਤੇ ਜਾਣ ਦੀ ਮੰਗ ਵੀ ਕੀਤੀ ਹੈ।
ਇੰਨ੍ਹਾਂ ਥਾਵਾਂ ’ਤੇ ਵਾਪਰੀਆਂ ਚੋਰੀ ਦੀਆਂ ਘਟਨਾਵਾਂ
. ਸਥਾਨਕ ਰੈਡ ਕਰਾਸ ਦੇ ਸਾਹਮਣੇ ਸਥਿਤ ਸੰਨੀ ਸਲੈਕਸ਼ਨ ਦੀ ਦੁਕਾਨ ਤੋਂ ਛੱਤ ਦਾ ਗੇਟ ਤੋਡ਼ਦਿਆਂ ਚੋਰਾਂ ਨੇ ਕਰੀਬ 5 ਹਜ਼ਾਰ ਦਾ ਸਮਾਨ ਚੋਰੀ ਕੀਤਾ ਹੈ, ਜਿਸਦਾ ਪਤਾ ਦੁਕਾਨ ਮਾਲਕ ਨੂੰ ਅੱਜ ਸਵੇਰੇ ਚੱਲਿਆ।
. ਰਿੰਕੂ ਸਲੈਕਸ਼ਨ ਦੇ ਮਾਲਕ ਰਿੰਕੂ ਕੁਮਾਰ ਨੇ ਦੱਸਿਆ ਕਿ ਉਸਦੀ ਦੁਕਾਨ ’ਚ ਰਾਤ ਸਮੇਂ ਚੋਰਾਂ ਨੇ 8 ਹਜ਼ਾਰ ਨਗਦੀ ਸਮੇਤ 25 ਹਜ਼ਾਰ ਦਾ ਸਮਾਨ ਚੋਰੀ ਕਰ ਲਿਆ ਹੈ।
. ਰੈਡ ਕਰਾਸ ਦੇ ਸਾਹਮਣੇ ਸੰਦਾਂ ਦੀ ਦੁਕਾਨ ਦੇ ਮਾਲਕ ਅਮਰ ਸਿੰਘ, ਜਤਿੰਦਰ ਸਿੰਘ, ਅਮਰ ਸਿੰਘ ਦੀ ਦੁਕਾਨ ’ਤੇ 5 ਤੋਂ 7 ਹਜ਼ਾਰ ਰੁਪਏ ਦੇ ਨੁਕਸਾਨ ਦੀ ਖ਼ਬਰ ਹੈ।
. ਰਣਜੀਤ ਕਲਾਥ ਹਾਊਸ ਦੇ ਮਾਲਕ ਰਣਜੀਤ ਸਿੰਘ ਨੇ ਦੱਸਿਆ ਕਿ ਉਸਦੀ ਦੁਕਾਨ ਅੰਦਰੋਂ 2 ਹਜ਼ਾਰ ਦੀ ਨਗਦੀ ਤੇ 20 ਹਜ਼ਾਰ ਦਾ ਸਮਾਨ ਚੋਰੀ ਹੋਇਆ ਹੈ।
. ਜੋਗਿੰਦਰ ਸਿੰਘ ਅਚਾਰ ਵਾਲੇ ਦੀ ਦੁਕਾਨ ’ਤੇ ਵੀ ਚੋਰਾਂ ਨੇ 5 ਹਜ਼ਾਰ ਦਾ ਸਮਾਨ ਤੇ ਨਗਦੀ ਚੋਰੀ ਕੀਤੀ ਹੈ।
. ਭਠੇਜਾ ਸਲੈਕਸ਼ਨ ਦੇ ਮਾਲਕ ਵਿਸ਼ੂ ਭਠੇਜਾ ਨੇ ਦੱਸਿਆ ਕਿ ਰਾਤ ਸਮੇਂ ਚੋਰਾਂ ਨੇ 2 ਹਜ਼ਾਰ ਦੀ ਨਗਦੀ ਤੇ 20 ਹਜ਼ਾਰ ਦੀ ਕੀਮਤ ਦਾ ਸਮਾਨ ਚੋਰੀ ਕੀਤਾ ਹੈ।
. ਬੇਦੀ ਬੂਟ ਹਾਊਸ ਤੋਂ 2 ਹਜ਼ਾਰ ਦੀ ਨਗਦੀ ਤੇ 5 ਹਜ਼ਾਰ ਦਾ ਸਮਾਨ ਚੋਰੀ ਹੋਇਆ ਹੈ।
. ਪ੍ਰਦੀਪ ਬੂਟ ਹਾਊਸ ਤੇ ਕਾਉਣੀ ਵਾਲਿਆਂ ਦੀ ਹੱਟੀ ਤੋਂ ਚੋਰਾਂ ਨੇ 5 ਹਜ਼ਾਰ ਦੀ ਨਗਦੀ ਤੇ 12 ਹਜ਼ਾਰ ਦਾ ਸਮਾਨ ਚੋਰੀ ਕੀਤਾ ਹੈ।
. ਵੈਦ ਚੰਦੂ ਵਾਲਾ ਦੇ ਮਾਲਕ ਚੰਦ ਨੇ ਦੱਸਿਆ ਹੈ ਕਿ ਉਸਦੀ ਦੁਕਾਨ ’ਚੋਂ 2 ਹਜ਼ਾਰ ਦਾ ਸਮਾਨ ਚੋਰੀ ਹੋਇਆ ਹੈ।
. ਕਸ਼ਮੀਰ ਕਲਾਥ ਹਾਊਸ ਵਿਚੋਂ ਇਕ ਸਾਇਕਲ ਚੋਰੀ ਹੋਣ ਦੀ ਖ਼ਬਰ ਵੀ ਮਿਲੀ ਹੈ।
ਕੀ ਕਹਿਣਾ ਹੈ ਪੁਲਸ ਅਧਿਕਾਰੀਆਂ ਦਾ
ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰੀ ਦੀਆਂ ਘਟਨਾਵਾਂ ਦੀ ਸ਼ਿਕਾਇਤ ਪੁਲਸ ਨੂੰ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਮੌਕੇ ’ਤੇ ਜਾ ਕੇ ਸਾਰੀ ਸੂਚਨਾ ਇਕੱਠੀ ਕੀਤੀ ਹੈ। ਇਸ ਤੋਂ ਬਾਅਦ ਪਤਾ ਚੱਲਿਆ ਕਿ ਦਸ ਦੁਕਾਨਾਂ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਚੋਰੀਆਂ ਇਕੋਂ ਰਾਤ ਦੀ ਵਾਰਦਾਤ ਨਹੀਂ ਜਾਪਦੀਆਂ, ਕਿਉਂਕਿ ਜਿਵੇਂ ਹੀ ਇਕ ਦੁਕਾਨਦਾਰ ਨੂੰ ਚੋਰੀ ਦਾ ਪਤਾ ਚੱਲਿਆ ਤਾਂ ਉਸਨੂੰ ਦੇਖਦਿਆਂ ਬਾਕੀ ਦੁਕਾਨਦਾਰਾਂ ਨੇ ਜਦੋਂ ਆਪਣੀਆਂ ਦੁਕਾਨਾਂ ਚੈਕ ਕੀਤੀਆਂ ਤਾਂ ਪਤਾ ਚੱਲਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਤੋਂ ਵੀ ਹਜ਼ਾਰਾਂ ਦੀ ਚੋਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਕਈ ਦੁਕਾਨਾਂ ਦੇ ਅੱਗੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਬੰਦ ਪਾਏ ਗਏ ਹਨ, ਜਿਸ ਕਰਕੇ ਚੋਰਾਂ ਦਾ ਕੋਈ ਸੁਰਾਗ ਅਜੇ ਪੁਲਸ ਨੂੰ ਨਹੀਂ ਮਿਲ ਸਕਿਆ, ਪਰ ਫ਼ਿਰ ਪੁਲਸ ਨੇ ਮਾਮਲੇ ਦਰਜ ਕਰਕੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।