ਬੱਚਨ ਸਾਹਿਬ ਨੇ ''ਚੈੱਸ ਕਵੀਨ'' ਦਾ ਦਿੱਤਾ ਨਾਮ : ਸ਼ਵੇਤਾ
Sunday, Sep 17, 2017 - 08:05 AM (IST)
ਚੰਡੀਗੜ੍ਹ (ਲਲਨ) - 'ਕੌਨ ਬਨੇਗਾ ਕਰੋੜਪਤੀ' ਦੇ ਨੌਵੇਂ ਅਡੀਸ਼ਨ ਵਿਚ ਨਾ ਸਿਰਫ ਚੰਡੀਗੜ੍ਹ ਦਾ ਨਾਮ ਚਮਕਾਇਆ, ਬਲਕਿ ਚੈੱਸ ਦੀ ਖੇਡ ਵਿਚ ਮਾਹਿਰ ਭੈਣ-ਭਰਾ ਸ਼ਵੇਤਾ ਰਾਠੌਰ ਤੇ ਨਿਤਿਨ ਰਾਠੌਰ ਨੇ ਸ਼ਤਰੰਜ ਨੂੰ ਵੀ ਅਮਿਤਾਬ ਬੱਚਨ ਨਾਲ ਕੇ. ਬੀ. ਸੀ. ਪਲੇਟਫਾਰਮ ਵਿਚ ਚਰਚਾ ਦਾ ਵਿਸ਼ਾ ਬਣਾ ਦਿੱਤਾ। ਸ਼ਵੇਤਾ ਨੂੰ ਕਰੀਬ ਦੋ ਕਰੋੜ ਉਮੀਦਵਾਰਾਂ ਵਿਚੋਂ ਪੰਜਵੇਂ ਦੌਰ ਤੋਂ ਬਾਅਦ ਮੁੰਬਈ ਵਿਚ ਸੱਦਾ ਦਿੱਤਾ ਗਿਆ ਸੀ। ਮੁੰਬਈ ਸਥਿਤ ਸੈੱਟ ਵਿਚ ਸ਼ਵੇਤਾ ਨੇ 10 ਉਮੀਦਵਾਰਾਂ ਨਾਲ ਫਾਸਟੈਸਟ ਫਿੰਗਰ ਫਸਟ ਖੇਡ ਕੇ ਸਭ ਤੋਂ ਘੱਟ ਸਮੇਂ ਵਿਚ ਜਵਾਬ ਦੇ ਕੇ ਹਾਟ ਸੀਟ ਲਈ ਆਪਣੀ ਥਾਂ ਬਣਾਈ। ਇਹ ਐਪੀਸੋਡ ਸ਼ੂਟ ਹੋ ਚੁੱਕਾ ਹੈ, ਜੋ ਕਿ 18 ਸਤੰਬਰ ਨੂੰ ਰਾਤ 9 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਚੰਡੀਗੜ੍ਹ ਪ੍ਰੈੱਸ ਕਲੱਬ ਵਿਚ ਭਰਾ ਨਿਤਿਨ ਰਾਠੌਰ ਨਾਲ ਪਹੁੰਚੀ ਸ਼ਵੇਤਾ ਨੇ ਕਿਹਾ ਕਿ ਹਾਟ ਸੀਟ 'ਤੇ ਪਹੁੰਚਣ ਦੌਰਾਨ ਬੱਚਨ ਸਾਹਿਬ ਨੇ ਮੈਨੂੰ 'ਚੈੱਸ ਕੁਈਨ' ਦਾ ਨਵਾਂ ਨਾਂ ਦੇ ਕੇ ਸਟੇਜ 'ਤੇ ਸਨਮਾਨਿਤ ਵੀ ਕੀਤਾ। ਉਸ ਨੇ ਦੱਸਿਆ ਕਿ ਉਹ ਹੁਣ ਪੀ. ਯੂ. ਵਿਚ ਕਲਰਕ ਦੇ ਨਾਲ-ਨਾਲ ਚੈੱਸ ਟੀਮ ਦੀ ਵੀ ਕੋਚ ਹੈ। ਉਨ੍ਹਾਂ ਦੇ ਭਰਾ ਨਿਤਿਨ ਟ੍ਰਾਈਸਿਟੀ ਵਿਚ ਚੈੱਸ ਅਕਾਦਮੀ ਚਲਾਉਂਦੇ ਹਨ ਤੇ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਹਨ।
ਸ਼ਵੇਤਾ ਤੇ ਨਿਤਿਨ ਦੇ ਪਿਤਾ ਬੈਜਨਾਥ ਤੇ ਮਾਤਾ ਅਨੀਤਾ ਖੁਦ ਇਕ ਚੈੱਸ ਪਲੇਅਰ ਰਹੇ ਹਨ। ਉਹ ਜਦੋਂ ਖੇਡਦੇ ਸਨ ਤਾਂ ਬੱਚੇ ਵੀ ਇਸ ਖੇਡ ਵਿਚ ਰੁਚੀ ਦਿਖਾਉਣ ਲੱਗੇ। ਬੈਜਨਾਥ ਤੇ ਅਨੀਤਾ ਨੇ ਆਪਣੇ ਬੱਚਿਆਂ ਨੂੰ ਚੈੱਸ ਦੀ ਬੇਸਿਕ ਜਾਣਕਾਰੀ ਦੇਣੀ ਸ਼ੁਰੂ ਕੀਤੀ। ਮਾਪਿਆਂ ਦੇ ਮਾਰਗ ਦਰਸ਼ਨ ਤੋਂ ਬਾਅਦ ਸ਼ਵੇਤਾ ਤੇ ਨਿਤਿਨ ਇਸ ਖੇਡ 'ਚ ਅੱਗੇ ਵਧਦੇ ਹੋਏ ਤਮਗੇ ਜਿੱਤਣ ਵਿਚ ਜੁਟ ਗਏ।
ਕੇ. ਬੀ. ਸੀ. 'ਚ ਜਿੱਤੀ ਰਾਸ਼ੀ ਨੂੰ ਖੇਡ 'ਤੇ ਕਰਾਂਗੀ ਖਰਚ
ਸ਼ਵੇਤਾ ਨੇ ਦੱਸਿਆ ਕਿ ਕੇ. ਬੀ. ਸੀ. ਵਿਚ ਕਿੰਨੀ ਰਾਸ਼ੀ ਉਸਨੇ ਜਿੱਤੀ ਹੈ, ਅਜੇ ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਇਸ ਸ਼ੋਅ ਵਿਚ ਜਿੰਨੀ ਵੀ ਰਾਸ਼ੀ ਜਿੱਤੀ ਹੈ, ਉਸ ਨੂੰ ਆਪਣੀ ਸਪੋਰਟਸ ਸਕਿੱਲ ਤੇ ਇੰਪਰੂਵਮੈਂਟ ਵਿਚ ਖਰਚ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਝ ਪੈਸੇ ਚੈੱਸ ਅਕਾਦਮੀ ਤੇ ਖਿਡਾਰੀਆਂ ਦੀ ਸਕਿੱਲ ਨੂੰ ਬਿਹਤਰ ਬਣਾਉਣ 'ਤੇ ਖਰਚ ਕਰੇਗੀ।
ਪੂਰੇ ਪਰਿਵਾਰ ਨੇ ਇਕੱਠੇ ਖੇਡਿਆ ਹੈ ਚੈੱਸ ਈਵੈਂਟ
ਸ਼ਵੇਤਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ 2004-05 ਵਿਚ ਪੁਣੇ ਵਿਚ ਆਯੋਜਿਤ ਚੈੱਸ ਮੁਕਾਬਲੇ ਵਿਚ ਪੂਰੇ ਪਰਿਵਾਰ ਨੇ ਇਕੱਠੇ ਭਾਗ ਲਿਆ ਸੀ। ਸ਼ਵੇਤਾ ਨੇ ਦੱਸਿਆ ਕਿ ਵੂਮੈਨ ਮੁਕਾਬਲੇ ਵਿਚ ਮਾਂ-ਬੇਟੀ ਤੇ ਮਰਦਾਂ ਦੇ ਮੁਕਾਬਲੇ ਵਿਚ ਪਿਓ-ਪੁੱਤ ਖੇਡੇ ਸਨ।
ਸ਼ਵੇਤਾ ਨੇ ਕਈ ਅਵਾਰਡ ਕੀਤੇ ਆਪਣੇ ਨਾਂ
ਸ਼ਵੇਤਾ ਨੇ ਦੱਸਿਆ ਕਿ ਉਸ ਨੇ ਆਪਣਾ ਕਰੀਅਰ 1993 ਵਿਚ ਸ਼ੁਰੂ ਕੀਤਾ ਸੀ ਤੇ 2008 ਵਿਚ ਉਹ ਚੰਡੀਗੜ੍ਹ ਮਹਿਲਾ ਸ਼ਤਰੰਜ ਚੈਂਪੀਅਨ ਬਣੀ ਸੀ। 2006 ਵਿਚ ਪੁਣੇ ਨੈਸ਼ਨਲ ਚੰਡੀਗੜ੍ਹ ਚੈੱਸ ਟੀਮ ਦੀ ਵੀ ਅਗਵਾਈ ਕੀਤੀ। 2010 ਵਿਚ ਯੂਥ ਸ਼ਤਰੰਜ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਵੀ ਜਿੱਤਿਆ। ਸ਼ਵੇਤਾ ਨੇ ਦੱਸਿਆ ਕਿ ਪਹਿਲਾਂ ਉਹ ਚੰਡੀਗੜ੍ਹ ਚੈੱਸ ਐਸੋਸੀਏਸ਼ਨ ਵਲੋਂ ਖੇਡਦੀ ਸੀ ਪਰ ਖੇਡ ਵਿਭਾਗ ਵਲੋਂ ਗ੍ਰੇਡੇਸ਼ਨ ਨਾ ਕਰਨ ਕਾਰਨ ਚੈੱਸ ਐਸੋਸੀਏਸ਼ਨ ਵਲੋਂ ਖੇਡਣਾ ਸ਼ੁਰੂ ਕੀਤਾ। ਸ਼ਵੇਤਾ 2006 ਵਿਚ ਵਰਲਡ ਯੂਨੀਵਰਸਿਟੀ ਚੈੱਸ ਮੁਕਾਬਲੇ ਵਿਚ ਵੀ ਦੇਸ਼ ਦੀ ਅਗਵਾਈ ਕਰ ਚੁੱਕੀ ਹੈ। ਇਹ ਮੁਕਾਬਲਾ ਮਲੇਸ਼ੀਆ ਵਿਚ ਖੇਡਿਆ ਗਿਆ, ਜਿਥੇ ਟੀਮ ਨੇ 8ਵਾਂ ਸਥਾਨ ਹਾਸਿਲ ਕੀਤਾ ਸੀ।