ਲਾਵਾਰਿਸ ਪਏ ਬਿਜਲੀ ਮੀਟਰਾਂ ਦੇ ਬਕਸਿਆਂ ਦਾ ਵਾਰਿਸ ਬਣਨ ਤੋਂ ਬਿਜਲੀ ਵਿਭਾਗ ਅਜੇ ਮੁਨਕਰ

Tuesday, Jun 13, 2017 - 02:11 AM (IST)

ਲਾਵਾਰਿਸ ਪਏ ਬਿਜਲੀ ਮੀਟਰਾਂ ਦੇ ਬਕਸਿਆਂ ਦਾ ਵਾਰਿਸ ਬਣਨ ਤੋਂ ਬਿਜਲੀ ਵਿਭਾਗ ਅਜੇ ਮੁਨਕਰ

ਬਾਘਾਪੁਰਾਣਾ,   (ਚਟਾਨੀ, ਮੁਨੀਸ਼)- ਬਿਜਲੀ ਦੀ ਚੋਰੀ ਨੂੰ ਰੋਕਣ ਦੇ ਮਨਸ਼ੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਘਰਾਂ 'ਚੋਂ ਕੱਢ ਕੇ ਬਾਹਰ ਲਾਏ ਗਏ ਮੀਟਰਾਂ ਦੀ ਨਿਯਮਿਤ ਸੰਭਾਲ ਤੋਂ ਕਾਰਪੋਰੇਸ਼ਨ ਲਗਾਤਾਰ ਟਾਲਾ ਵੱਟਦੀ ਆ ਰਹੀ ਹੈ, ਜਿਸ ਕਾਰਨ ਖੁੱਲ੍ਹੇ ਅਤੇ ਜ਼ਮੀਨ ਉਪਰ ਡਿੱਗੇ ਅਜਿਹੇ ਮੀਟਰ ਬਕਸੇ ਲੋਕਾਂ ਦੀ ਜਾਨ ਲਈ ਵੱਡਾ ਖਤਰਾ ਬਣੇ ਹੋਏ ਹਨ। 
ਸਥਾਨਕ ਸ਼ਹਿਰ 'ਚ ਲਗਭਗ ਹਰੇਕ ਗਲੀ ਦੇ ਮੋੜ ਅਤੇ 100-100 ਮੀਟਰ ਗਜ਼ ਦੀ ਦੂਰੀ 'ਤੇ ਸਥਾਪਤ ਕੀਤੇ ਗਏ ਅਜਿਹੇ ਬਕਸਿਆਂ ਦੇ 95 ਫੀਸਦੀ ਬਕਸੇ ਪਿਛਲੇ ਇਕ ਅਰਸੇ ਤੋਂ ਨਾ ਸਿਰਫ ਤਾਲਾ ਰਹਿਤ ਹੀ ਹਨ ਸਗੋਂ ਇਨ੍ਹਾਂ ਅੰਦਰਲੇ ਮੀਟਰ ਅਤੇ ਤਾਰਾਂ ਨੰਗੀਆਂ ਅਤੇ ਲਮਕਦੀਆਂ ਫਿਰਦੀਆਂ ਹਨ। ਬੀਤੇ ਦਿਨੀਂ ਤੇਜ਼ ਧੁੱਪ ਦੀ ਤਪਸ਼ ਕਾਰਨ ਕਈ ਬਕਸੇ ਸਪਾਰਿੰਗ ਲੱਗੀ ਹੋਣ ਕਾਰਨ ਅੱਗ ਦੀ ਲਪੇਟ ਵੀ ਚੜ੍ਹ ਚੁੱਕੇ ਹਨ। ਬਾਰਿਸ਼ਾਂ ਦੇ ਦਿਨਾਂ 'ਚ ਅਜਿਹੇ ਬਕਸਿਆਂ ਵਿਚ ਅਕਸਰ ਹੀ ਕਰੰਟ ਆਉਣ ਦੀਆਂ ਸ਼ਿਕਾਇਤਾਂ ਵੀ ਮਿਲਦੀਆਂ ਹਨ। ਨੰਗੀਆਂ ਤਾਰਾਂ ਵਾਲੇ ਅਜਿਹੇ ਬਕਸਿਆਂ 'ਚ ਕਰੰਟ ਆਉਣ ਕਾਰਨ ਇਕ-ਦੋ ਪਸ਼ੂਆਂ ਦੀਆਂ ਜਾਨਾਂ ਵੀ ਚਲੀਆਂ ਗਈਆਂ ਹਨ। 
ਖੁੱਲ੍ਹੇ 'ਚ ਪਏ ਅਜਿਹੇ ਬਕਸਿਆਂ ਅੰਦਰਲੇ ਮੀਟਰਾਂ ਨਾਲ ਸ਼ਰਾਰਤੀ ਖਪਤਕਾਰ ਅਕਸਰ ਹੀ ਛੇੜਛਾੜ ਕਰ ਕੇ ਦੂਜੇ ਖਪਤਕਾਰਾਂ ਦੇ ਮੀਟਰਾਂ 'ਚੋਂ ਬਿਜਲੀ ਚੋਰੀ ਕਰ ਕੇ ਅਣਜਾਣ ਖਪਤਕਾਰਾਂ ਨੂੰ ਲਗਾਤਾਰ ਚੂਨਾ ਲਾਉਂਦੇ ਆ ਰਹੇ ਹਨ। ਮੀਟਰ ਬਕਸਿਆਂ ਦੀ ਅਜਿਹੀ ਤਰਸਯੋਗ ਹਾਲਤ ਲਈ ਵੱਖ-ਵੱਖ ਮੁਹੱਲਿਆਂ ਦੇ ਖਪਤਕਾਰ ਵਿਭਾਗ ਦੇ ਅਧਿਕਾਰੀ ਨਾ ਸਿਰਫ ਨਿੱਜੀ ਤੌਰ 'ਤੇ ਮਿਲ ਕੇ ਸ਼ਿਕਾਇਤਾਂ ਕਰ ਚੁੱਕੇ ਹਨ ਸਗੋਂ ਲਿਖਤੀ ਸ਼ਿਕਾਇਤਾਂ ਵੀ ਉੱਚ ਅਧਿਕਾਰੀਆਂ ਤੱਕ ਪੁੱਜਦੀਆਂ ਕਰ ਚੁੱਕੇ ਹਨ ਪਰ ਬਕਸਿਆਂ ਦੀ ਸੰਭਾਲ ਲਈ ਸਬੰਧਿਤ ਵਿਭਾਗ ਵੱਲੋਂ ਅਜੇ ਤੱਕ ਕੋਈ ਵੀ ਪੁਖਤਾ ਕਦਮ ਨਹੀਂ ਚੁੱਕਿਆ ਗਿਆ।  ਅਧਿਕਾਰੀਆਂ ਵੱਲੋਂ ਖਪਤਕਾਰਾਂ ਨੂੰ ਦਿੱਤੇ ਗਏ ਭਰੋਸਿਆਂ ਦੇ ਬਾਵਜੂਦ ਪਰਨਾਲਾ ਅਜੇ ਤੱਕ ਉੱਥੇ ਦਾ ਉੱਥੇ ਹੀ ਰਹਿਣ ਕਾਰਨ ਸ਼ਿਕਾਇਤਕਰਤਾਵਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਦੀ ਅਵੇਸਲੀ ਕਾਰਗੁਜ਼ਾਰੀ ਅਤੇ ਲਾਰਿਆਂ ਵਾਲੀ ਨੀਤੀ ਖਿਲਾਫ ਖਪਤਕਾਰਾਂ ਨੇ ਲਾਮਬੰਦੀ ਤੇਜ਼ ਕਰ ਦਿੱਤੀ ਹੈ, ਜੋ ਜਲਦ ਹੀ ਤਿੱਖੇ ਸੰਘਰਸ਼ ਵੱਲ ਤੁਰਨਗੇ।


Related News