MP ਸਿਮਰਨਜੀਤ ਮਾਨ ਨੇ PM ਮੋਦੀ ਨੂੰ ਲਿਖੀ ਚਿੱਠੀ, ਬੰਦੀ ਸਿੰਘਾਂ ਨੂੰ ਲੈ ਕੇ ਕੀਤੀ ਇਹ ਮੰਗ
Saturday, Oct 22, 2022 - 08:58 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਸੰਸਦ ਮੈਂਬਰ ਮਾਨ ਨੇ ਇਕ ਵਾਰ ਫਿਰ ਬੰਦੀ ਸਿੰਘਾਂ ਦੀ ਰਿਆਹੀ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਕਿ ਬੰਦੀਛੋੜ ਦਿਵਸ ਮੌਕੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ’ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਜਾਵੇ। ਮਾਨ ਨੇ ਕਿਹਾ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰ ਕੇ ਸਰਕਾਰ ਹੁਕਮਰਾਨਾਂ ਤੇ ਸਿੱਖ ਕੌਮ ਵਿਚਕਾਰ ਇਕ ਨਫ਼ਰਤ ਤੇ ਗੁੱਸੇ ਵਾਲਾ ਮਾਹੌਲ ਸਿਰਜ ਰਹੀ ਹੈ।
ਇਹ ਵੀ ਪੜ੍ਹੋ : ਕੰਪਿਊਟਰ ਅਧਿਆਪਕਾਂ ਨੂੰ 6ਵੇਂ ਪੇਅ ਕਮਿਸ਼ਨ ਦਾ ਲਾਭ ਦੇਣ ਸਬੰਧੀ ਕਾਰਵਾਈ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ : ਬੈਂਸ
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬੰਦੀਛੋੜ ਦਿਵਸ ਮੌਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਦੀ ਹੈ ਤਾਂ ਇਸ ਦਿਹਾੜੇ ਦਾ ਮਹੱਤਵ ਕੌਮਾਂਤਰੀ ਪੱਧਰ ’ਤੇ ਹੋਰ ਚੰਗਾ ਹੋ ਜਾਵੇਗਾ ਤੇ ਕੇਂਦਰ ਸਰਕਾਰ ਤੇ ਸਿੱਖਾਂ ਵਿਚਾਲੇ ਜੋ ਗੁੱਸੇ ਦੀ ਲਕੀਰ ਪਿਛਲੇ ਸਮੇਂ ਤੋਂ ਖਿੱਚ ਹੋਈ ਹੈ, ਉਹ ਵੀ ਘੱਟ ਹੋ ਸਕਦੀ ਹੈ।
ਮਾਨ ਨੇ ਕਿਹਾ ਕਿ ਜੇਕਰ ਭਾਰਤ ਸਰਕਾਰ ਭਾਰਤ ਨੂੰ ਕੰਨਿਆਕੁਮਾਰੀ ਤੱਕ ਇਕ ਮੁਲਕ ਕਹਿੰਦੀ ਹੈ ਤਾਂ ਇਸ ਮੁਲਕ ਦਾ ਕੋਈ ਵੀ ਵਿਅਕਤੀ ਆਪਣੀ ਮਰਜ਼ੀ ਨਾਲ ਕਿਤੇ ਵੀ ਜਾ ਸਕਦਾ ਹੈ ਪਰ ਬੀਤੀ 17 ਅਕਤੂਬਰ ਨੂੰ ਉਨ੍ਹਾਂ ਦੀ ਅਗਵਾਈ ’ਚ ਜੰਮੂ-ਕਸ਼ਮੀਰ ਜਾ ਰਹੇ ਜੱਥੇ ਨੂੰ ਰੋਕ ਦਿੱਤਾ ਗਿਆ। ਇਸ ਕਾਰਨ ਸਿੱਖ ਕੌਮ, ਪੰਜਾਬੀਆਂ, ਕਸ਼ਮੀਰੀਆਂ ਤੇ ਘੱਟਗਿਣਤੀ ਵਰਗ ’ਚ ਰੋਸ ਦੀ ਲਹਿਰ ਹੈ ਤੇ ਸਾਡੇ ਸੰਵਿਧਾਨਿਕ ਹੱਕਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : RGP ਹਮਲਾ : ਮੁੱਖ ਦੋਸ਼ੀ ਚੜ੍ਹਤ ਦੀ ਨਿਸ਼ਾਨਦੇਹੀ ’ਤੇ AK-56 ਰਾਈਫਲ ਤੇ 2 ਪਨਾਹਗ਼ਾਰ ਕਾਬੂ
ਇਸ ਮੌਕੇ ਅੱਗੇ ਬੋਲਦਿਆਂ ਮਾਨ ਨੇ ਕਿਹਾ ਕਿ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਬੰਦੀਛੋੜ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਅਪੀਲ ਕੀਤੀ ਕਿ ਕੇਂਦਰ ਸਰਕਾਰ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਨੂੰ ਰਿਹਾਈ ਦੀ ਮੰਗ ਕੀਤੀ ਹੈ।