ਮੋਗਾ ’ਚ ਮੋਟਰਸਾਈਕਲ ਚੋਰ ਗਿਰੋਹ ਬੇਨਕਾਬ, ਬੁਲੇਟ ਮੋਟਰਸਾਈਕਲ ਸਮੇਤ 8 ਵਹੀਕਲ ਬਰਾਮਦ

Wednesday, Jan 04, 2023 - 01:02 PM (IST)

ਮੋਗਾ (ਅਜ਼ਾਦ) : ਮੋਗਾ ਪੁਲਸ ਵਲੋਂ ਵ੍ਹੀਕਲ ਚੋਰ ਗਿਰੋਹ ਨੂੰ ਕਾਬੂ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਕੋਟ ਈਸੇ ਖਾਂ ਪੁਲਸ ਨੇ ਵ੍ਹੀਕਲ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਚੋਰੀ ਦੇ ਮੋਟਰਸਾਈਕਲ, ਐਕਟਿਵਾ ਅਤੇ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਧਰਮਕੋਟ ਰਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਮੁਖੀ ਮੋਗਾ ਗੁਲਨੀਤ ਸਿੰਘ ਖੁਰਾਣਾ ਦੇ ਨਿਰਦੇਸ਼ਾਂ ’ਤੇ ਜਦ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਤੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਪੁਲਸ ਚੌਕੀ ਬਲਖੰਡੀ ਪੁਲਸ ਪਾਰਟੀ ਸਮੇਤ ਇਲਾਕੇ ਵਿਚ ਗਸ਼ਤ ਕਰਦੇ ਹੋਏ ਜਾ ਰਹੇ ਸੀ ਤਾਂ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਗੁਰਜੰਟ ਸਿੰਘ ਉਰਫ ਸ਼ੈਂਟੀ, ਜੱਗਾ ਸਿੰਘ, ਗੁਰਸਿਮਰਨ ਸਿੰਘ ਸੁਮਨਾ, ਗੁਰਪ੍ਰੀਤ ਸਿੰਘ ਪ੍ਰੀਤ ਅਤੇ ਅਕਾਸ਼ਦੀਪ ਸਿੰਘ ਅਕਾਸ਼ੀ ਸਾਰੇ ਨਿਵਾਸੀ ਪਿੰਡ ਚਿਰਾਗਸ਼ਾਹ ਵਾਲਾ ਨੇ ਮਿਲ ਕੇ ਮੋਟਰਸਾਈਕਲ ਚੋਰੀ ਕਰਨ ਦਾ ਗਿਰੋਹ ਬਣਾਇਆ ਹੋਇਆ ਹੈ ਅਤੇ ਅੱਜ ਵੀ ਉਹ ਚੋਰੀ ਦੇ ਮੋਟਰਸਾਈਕਲ ’ਤੇ ਇਲਾਕੇ ਵਿਚ ਘੁੰਮ ਰਹੇ ਹਨ।

ਉਹ ਮੋਟਰਸਾਈਕਲ ਅਤੇ ਹੋਰ ਵ੍ਹੀਕਲ ਚੋਰੀ ਕਰਨ ਦੇ ਬਾਅਦ ਉਸ ਨੂੰ ਵਿਕਰੀ ਕਰ ਦਿੰਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਜੱਗਾ ਸਿੰਘ, ਗੁਰਸਿਮਰਨ ਸਿੰਘ ਸੁਮਨਾ, ਗੁਰਪ੍ਰੀਤ ਸਿੰਘ ਪ੍ਰੀਤ, ਅਕਾਸ਼ਦੀਪ ਸਿੰਘ ਕਾਸ਼ੀ ਨੂੰ ਕਾਬੂ ਕਰ ਲਿਆ, ਜਦਕਿ ਗੁਰਜੰਟ ਸਿੰਘ ਉਰਫ ਸੈਂਟੀ ਪੁਲਸ ਦੇ ਕਾਬੂ ਨਹੀਂ ਆ ਸਕਿਆ। ਪੁਲਸ ਨੇ ਉਕਤ ਗਿਰੋਹ ਤੋਂ 8 ਮੋਟਰਸਾਈਕਲ, ਦੋ ਐਕਟਿਵਾ ਅਤੇ ਇਕ ਬੋਲਟ ਮੋਟਰਸਾਈਕਲ ਬਰਾਮਦ ਕੀਤਾ। ਸਾਰੇ ਕਥਿਤ ਦੋਸ਼ੀਆਂ ਦੇ ਖਿਲਾਫ਼ ਥਾਣਾ ਕੋਟ ਈਸੇ ਖਾਂ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਕਾਬੂ ਕੀਤੇ ਗਏ ਗਿਰੋਹ ਦੇ ਹੋਰ ਮੈਂਬਰਾਂ ਦੀ ਜਾਣਕਾਰੀ ਮਿਲ ਸਕੇ ਅਤੇ ਪਤਾ ਲੱਗ ਸਕੇ ਕਿ ਉਨ੍ਹਾਂ ਨੇ ਕਿੰਨੇ ਵ੍ਹੀਕਲ ਚੋਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਕਿੱਥੇ-ਕਿੱਥੇ ਵੇਚਿਆ ਅਤੇ ਕਿੱਥੋਂ ਚੋਰੀ ਕੀਤੇ ਸਨ।


Gurminder Singh

Content Editor

Related News