ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਹੋਏੇ ਸਰਗਰਮ

Friday, Oct 06, 2017 - 06:56 AM (IST)

ਮੋਟਰਸਾਈਕਲਾਂ ਦੇ ਪਟਾਕੇ ਵਜਾਉਣ ਵਾਲੇ ਹੋਏੇ ਸਰਗਰਮ

ਸੁਲਤਾਨਪੁਰ ਲੋਧੀ(ਸੋਢੀ)-ਪਵਿੱਤਰ ਨਗਰੀ ਸੁਲਤਾਨਪੁਰ ਲੋਧੀ 'ਚ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਕੁਝ ਸ਼ਰਾਰਤੀ ਲੋਕ ਸ਼ਰੇਆਮ ਮੋਟਰਸਾਈਕਲਾਂ 'ਤੇ ਪਟਾਕੇ ਮਾਰ ਕੇ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ। ਭਾਵੇਂ ਸਰਕਾਰ ਦੇ ਪ੍ਰਦੂਸ਼ਣ ਵਿਭਾਗ ਤੇ ਪੁਲਸ ਵਲੋਂ ਮੋਟਰਸਾਈਕਲਾਂ ਤੋਂ ਪਟਾਕੇ ਮਾਰਨ ਵਾਲਿਆਂ ਦੇ ਚਲਾਨ ਵੀ ਪੰਜਾਬ 'ਚ ਵੱਖ-ਵੱਖ ਥਾਵਾਂ 'ਤੇ ਕੱਟੇ ਜਾ ਰਹੇ ਹਨ ਪਰ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਤਲਵੰਡੀ ਰੋਡ 'ਤੇ ਪੁਲਸ ਨਾਕੇ ਤੋਂ ਥੋੜ੍ਹੀ ਦੂਰੀ 'ਤੇ ਹੀ ਕੁੱਝ ਨੌਜਵਾਨ ਬੁਲਿਟ ਤੋਂ ਪਟਾ ਕੇ ਮਾਰ ਕੇ ਬੜੀ ਅਸਾਨੀ ਨਾਲ ਨਿਕਲ ਜਾਂਦੇ ਹਨ ਪਰ ਪੁਲਸ ਵਲੋਂ ਸਿਰਫ ਖਾਨਾਪੂਰਤੀ ਲਈ ਹੀ ਦੋ ਚਾਰ ਹੀ ਚੈਕਿੰਗ ਕਰਕੇ ਚਲਾਨ ਕੱਟ ਕੇ ਡਿਊਟੀ ਨਿਭਾਈ ਜਾ ਰਹੀ ਹੈ। ਸ਼ਹਿਰ 'ਚ ਵੀ ਮੋਟਰਸਾਈਕਲਾਂ ਦੇ ਸਾਇਲੰਸਰਾਂ ਤੋਂ ਖੂੰਖਾਰ ਤੇ ਡਰਾਉਣੀਆਂ ਆਵਾਜ਼ਾਂ ਕੱਢ ਕੇ ਆਮ ਜਨਤਾ 'ਚ ਦਹਿਸ਼ਤ ਪਾਈ ਜਾ ਰਹੀ ਹੈ। ਇਸੇ ਹੀ ਤਰ੍ਹਾਂ ਸ਼ਹੀਦ ਊਧਮ ਸਿੰਘ ਚੌਕ ਤੇ ਦਾਣਾ ਮੰਡੀ ਰੋਡ ਵੱਲ ਵੀ ਭਿਆਨਕ ਅਵਾਜ਼ਾਂ ਕੱਢਣ ਵਾਲੇ ਮੋਟਰਸਾਈਕਲ ਚਾਲਕ ਆਮ ਜਨਤਾ ਲਈ ਸਿਰਦਰਦੀ ਬਣੇ ਹੋਏ ਹਨ। ਹੋਰ ਤਾਂ ਹੋਰ ਕੁਝ ਮੋਟਰਸਾਈਕਲ ਚਾਲਕਾਂ ਨੇ ਤਾਂ ਆਪਣੇ ਮੋਟਰਸਾਈਕਲ ਦੇ ਸਲੰਸਰ ਦੀ ਜਾਲੀ ਜਾਣ ਬੁੱਝ ਕੇ ਤੋੜੀ ਹੋਈ ਹੈ ਤਾਂ ਜੋ ਉਨ੍ਹਾਂ ਦੀ ਡਰਾਉਣੀ ਤੇ ਭਿਆਨਕ ਆਵਾਜ਼ ਦੂਰ-ਦੂਰ ਤੱਕ ਸੁਣੀ ਜਾ ਸਕੇ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਪੁਲਸ ਇਸ ਪਾਸੇ ਜ਼ਰੂਰ ਧਿਆਨ ਦੇਵੇ। ਸ਼ਹਿਰ 'ਚ ਟ੍ਰੈਫਿਕ ਦਾ ਵੀ ਬਹੁਤ ਭੈੜਾ ਹਾਲ ਹੈ। ਪ੍ਰਸ਼ਾਸਨ ਦੀ ਚਿਤਾਵਨੀ ਦੇ ਬਾਵਜੂਦ ਵੀ ਲੋਕ ਆਪਣੀਆਂ ਗੱਡੀਆਂ ਤੇ ਕਾਰਾਂ ਆਦਿ ਬਾਜ਼ਾਰਾਂ 'ਚ ਤੇ ਹੋਰ ਮੁੱਖ ਸੜਕਾਂ 'ਚ ਹੀ ਖੜ੍ਹੀਆਂ ਕਰਕੇ ਰਸਤੇ ਜਾਮ ਕਰ ਰਹੇ ਹਨ ਪਰ ਪੁਲਸ ਦੀ ਕੋਈ ਵੀ ਕਾਰਵਾਈ ਨਾ ਹੋਣ ਕਾਰਨ ਜਨਤਾ ਪ੍ਰੇਸ਼ਾਨ ਹੋ ਰਹੀ ਹੈ। 
ਕੀ ਕਹਿੰਦੇ ਹਨ ਐੱਸ. ਐੱਚ. ਓ. 
ਇਸ ਸਬੰਧੀ ਥਾਣਾ ਮੁਖੀ ਸਰਬਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਦਿਨ ਤਿਉਹਾਰਾਂ ਦੇ ਕਾਰਨ ਕੁਝ ਦਿਨ ਪੁਲਸ ਰੁੱਝੀ ਰਹੀ ਸੀ ਪਰ ਹੁਣ ਕੱਲ ਤੋਂ ਹੀ ਅਜਿਹੇ ਗਲਤ ਅਨਸਰਾਂ ਖਿਲਾਫ ਸਖਤੀ ਨਾਲ ਕਾਰਵਾਈ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ਹਿਰ 'ਚੋਂ ਇਕ ਪਟਾਕੇ ਮਾਰਨ ਵਾਲੇ ਦਾ ਮੋਟਰਸਾਈਕਲ ਫੜ ਕੇ ਕੱਲ ਹੀ ਥਾਣੇ ਬੰਦ ਕੀਤਾ ਹੈ ਤੇ ਹੋਰ ਮੋਟਰਸਾਈਕਲਾਂ ਦੀ ਵੀ ਜਾਂਚ ਕੀਤੀ ਜਾਵੇਗੀ। ਥਾਣਾ ਮੁਖੀ ਨੇ ਕਿਹਾ ਕਿ ਹੁਣ ਮੋਟਰਸਾਈਕਲ ਦੇ ਸਲੰਸਰਾਂ ਦੀ ਜਾਲੀ ਪਾੜ ਕੇ ਭਿਆਨਕ ਆਵਾਜ਼ਾਂ ਕੱਢਣ ਵਾਲੇ ਅਨਸਰ ਵੀ ਫੜ ਕੇ ਕਾਰਵਾਈ ਹੋਵੇਗੀ। 


Related News