ਸੜਕ ''ਤੇ ਖੜ੍ਹੇ ਟਰੱਕ ਦੇ ਪਿਛੋਂ ਟਕਰਾਉਣ ਕਾਰਨ ਮੋਟਰਸਾਇਕਲ ਚਾਲਕ ਦੀ ਮੌਤ
Tuesday, Jul 14, 2020 - 02:48 PM (IST)
ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ਤੋਂ ਪਟਿਆਲਾ ਨੂੰ ਨੈਸ਼ਨਲ ਹਾਈਵੇ ਉਪਰ ਬੀਤੀ ਰਾਤ ਵਾਪਰੇ ਸੜਕ ਹਾਦਸੇ 'ਚ ਇਕ ਮੋਟਰਸਾਇਕਲ ਚਾਲਕ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾਂ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਹਾਈਵੇ ਪੈਟਰੋਲਿੰਗ ਪੁਲਸ ਪਾਰਟੀ ਦੇ ਸਹਾਇਕ ਸਬ ਇੰਸਪੈਕਟਰ ਗੁਰਪਾਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸੁਖਬੀਰ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਫਰੀਦਕੋਟ ਜਦੋਂ ਆਪਣੇ ਮੋਟਰਸਾਇਕਲ ਰਾਹੀਂ ਪਟਿਆਲਾ ਵਾਲੇ ਪਾਸਿਓਂ ਭਵਾਨੀਗੜ੍ਹ ਵੱਲ ਨੂੰ ਆ ਰਿਹਾ ਸੀ ਤਾਂ ਉਸ ਦਾ ਮੋਟਰਸਾਇਕਲ ਪਿੰਡ ਬਾਲਕ ਕਲ੍ਹਾਂ ਨੇੜੇ ਸੜਕ ਉਪਰ ਖੜੇ ਇਕ ਟਰੱਕ ਟਰਾਲੇ ਵਿਚ ਪਿਛੋਂ ਟਕਰਾ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਥੇ ਇਹ ਖਾਸ਼ ਜ਼ਿਕਰਯੋਗ ਹੈ ਕਿ ਸ਼ਹਿਰ ਅਤੇ ਸ਼ਹਿਰ ਤੋਂ ਬਾਹਰ ਨੈਸ਼ਨਲ ਹਾਈਵੇ ਉਪਰ ਸਥਿਤ ਹੋਟਲਾਂ, ਖਾਸ ਕਰਕੇ ਢਾਬਿਆਂ ਅਤੇ ਰੈਂਸਟੋਰੈਂਟਾਂ ਆਦ ਅੱਗੇ ਲੋਕ ਖਾਣ ਪੀਣ ਲਈ ਰੁਕਣ ਸਮੇਂ ਆਪਣੇ ਵਾਹਨਾਂ ਨੂੰ ਹਾਈਵੇ ਉਪਰ ਹੀ ਖੜ੍ਹਾ ਕਰਕੇ ਚਲੇ ਜਾਂਦੇ ਹਨ ਅਤੇ ਇਹ ਵਾਹਨ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਹਾਈਵੇ ਉਪਰ ਖੜ੍ਹੇ ਕੀਤੇ ਜਾਣ ਵਾਲੇ ਇਨ੍ਹਾਂ ਵਹਾਨਾਂ ਦੇ ਚਾਲਕਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਸ ਕਰਮਚਾਰੀਆਂ ਨੇ ਦੱਸਿਆ ਕਿ ਉਹ ਇਸ ਸੰਬੰਧੀ ਕਈ ਵਾਰ ਇਨ੍ਹਾਂ ਹੋਟਲ ਢਾਬਿਆਂ ਦੇ ਮਾਲਕਾਂ ਨੂੰ ਵੀ ਇਸ ਸੰਬੰਧੀ ਬੇਨਤੀ ਕਰ ਚੁੱਕੇ ਹਨ ਕਿ ਉਹ ਹੋਟਲ ਢਾਬੇ ਉਪਰ ਖਾਣ-ਪੀਣ ਲਈ ਰੁਕਣ ਵਾਲੇ ਵਿਅਕਤੀਆਂ ਨੂੰ ਆਪਣੇ ਵਾਹਨ ਹਾਈਵੇ 'ਤੇ ਖੜੇ ਕਰਨ ਦੀ ਥਾਂ ਹੋਟਲ ਢਾਬੇ ਦੀ ਪਾਰਕਿੰਗ ਵਿਚ ਖੜੇ ਕਰਨ ਲਈ ਕਹਿਣ।