ਮੋਟਰਸਾਈਕਲਾਂ ਦੀ ਟੱਕਰ ''ਚ 1 ਦੀ ਮੌਤ, 2 ਗੰਭੀਰ ਜ਼ਖ਼ਮੀ
Saturday, Jul 01, 2017 - 06:22 PM (IST)

ਦਸੂਹਾ (ਝਾਵਰ) : ਸਿਵਲ ਹਸਪਤਾਲ ਦਸੂਹਾ ਤੇ ਰੈਸਟ ਹਾਊਸ ਲਿੰਕ ਸੜਕ ਵਿਚਕਾਰ 2 ਮੋਟਰਸਾਈਕਲਾਂ ਦੀ ਟੱਕਰ ਵਿਚ ਇਕ ਵਿਅਕਤੀ ਦੀ ਮੌਤ ਤੇ 2 ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਇਕ ਮੋਟਰਸਾਈਕਲ 'ਤੇ ਸਵਾਰ ਸੰਦੀਪ ਕੁਮਾਰ ਚੌਧਰੀ (ਡੀ. ਪੀ. ਈ.) ਪੁੱਤਰ ਸੁਰਿੰਦਰ ਕਿਸ਼ਨ ਚੌਧਰੀ ਵਾਸੀ ਮੁਹੱਲਾ ਕੈਂਥਾਂ ਦਸੂਹਾ ਦੀ ਮੌਤ ਹੋ ਗਈ। ਜਦਕਿ ਦੂਸਰੇ ਮੋਟਰਸਾਈਕਲ 'ਤੇ ਸਵਾਰ ਵਿਕਾਸ ਬਾਵਾ ਪੁੱਤਰ ਸ਼ਾਮ ਲਾਲ ਤੇ ਬਾਬਰ ਗਿੱਲ ਪੁੱਤਰ ਅਸ਼ੋਕ ਗਿੱਲ ਵਾਸੀ ਜੰਮੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਪਹਿਲਾਂ ਸਿਵਲ ਹਸਪਤਾਲ ਦਸੂਹਾ ਵਿਖੇ ਦਾਖ਼ਲ ਕਰਵਾਇਆ ਗਿਆ, ਜਿਥੋਂ ਉਨ੍ਹਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ।
ਜਾਂਚ ਅਧਿਕਾਰੀ ਏ. ਐੱਸ. ਆਈ. ਭੁਪਿੰਦਰ ਸਿੰਘ ਤੇ ਹਵਲਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਜੰਮੂ ਵਾਸੀ ਇਹ ਨੌਜਵਾਨ ਤੇਜ਼ ਰਫ਼ਤਾਰ ਮੋਟਰਸਾਈਕਲ ਚਲਾ ਰਹੇ ਸਨ, ਜਿਨ੍ਹਾਂ ਨੇ ਮ੍ਰਿਤਕ ਸੰਦੀਪ ਕੁਮਾਰ ਚੌਧਰੀ ਦੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਮਾਤਾ ਤੇ ਹੋਰ ਪਰਿਵਾਰਕ ਮੈਂਬਰ ਵਿਦੇਸ਼ ਵਿਚ ਰਹਿੰਦੇ ਹਨ, ਜਿਨ੍ਹਾਂ ਦੀ ਉਡੀਕ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਸਰਕਾਰੀ ਹਾਈ ਸਕੂਲ ਖਿਜਰਪੁਰ ਵਿਖੇ ਬਤੌਰ ਡੀ. ਪੀ. ਈ. ਸੇਵਾਵਾਂ ਨਿਭਾਅ ਰਿਹਾ ਸੀ।