ਮਾਂ ਬੋਲੀ ਦਿਹਾੜੇ ’ਤੇ ਵਿਸ਼ੇਸ਼: ਪੜ੍ਹੋ ਕਿਸਾਨੀ ਘੋਲ ਨੂੰ ਬਿਆਨ ਕਰਦੇ ਪੰਜਾਬੀ  ਭਾਸ਼ਾ ਦਾ ਨਾਯਾਬ ਖ਼ਜ਼ਾਨਾ ‘ਅਖਾਣ’

2/21/2021 9:50:09 AM

ਜਲੰਧਰ (ਹਰਨੇਕ ਸਿੰਘ ਸੀਚੇਵਾਲ ): ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਦਰਮਿਆਨ ਪੈਦਾ ਹੋਏ ਹਾਲਾਤਾਂ ਵਿੱਚ ਸਿਖਿਆਰਥੀਆਂ ਨੂੰ ਦਿਮਾਗ਼ੀ ਕੰਮ ’ਚ ਲਗਾਉਣ, ਉਨ੍ਹਾਂ ਨੂੰ ਕੁਝ ਨਵਾਂ ਸਿਰਜਣ/ਸੋਚਣ ਦੀ ਚਿਣਗ ਲਗਾਉਣ ਅਤੇ ਸੌਖੇ ਤਰੀਕੇ ਨਾਲ ਪੜ੍ਹਣ ਦਾ ਢੰਗ ਦੱਸਣ ਲਈ ਮੋਹਾਲੀ ਦੇ ਇੱਕ ਸਿੱਖਿਆ-ਸ਼ਾਸਤਰੀ ਨੇ ਅਖਾਣਾਂ ਦੀ ਨਿਵੇਕਲੇ ਢੰਗ ਦੀ ਵਰਤੋਂ ਕੀਤੀ ਹੈ। ਇਸ ਉੱਦਮ ਪਿੱਛੇ ਉਨ੍ਹਾਂ ਦਾ ਤਰਕ ਹੈ ਕਿ ਅਖਾਣਾਂ ਦੀ ਵਾਕਾਂ ਵਿੱਚ ਵਰਤੋਂ ਕਰਨ ਲਈ ਅਕਸਰ ਵਿਦਿਆਰਥੀਆਂ ਨੂੰ ਰੱਟੇ ਰਟਾਏ ਵਾਕ ਦੇ ਦਿੱਤੇ ਜਾਂਦੇ ਹਨ ਜਿਸ ਕਾਰਨ ਵਿਦਿਆਰਥੀ ਇਨ੍ਹਾਂ ਅਖਾਣਾਂ ਨੂੰ ਕੇਵਲ ਪੇਪਰਾਂ ’ਚ ਕੁਝ ਅੰਕ ਲੈਣ ਲਈ ਹੀ ਯਾਦ ਕਰਦੇ ਹਨ। ਅਜਿਹੇ ਵਿਦਿਆਰਥੀ ਇਸ ਗੱਲ ਨੂੰ ਸਾਰੀ ਉਮਰ ਹੀ ਸਮਝ ਨਹੀਂ ਪਾਉਂਦੇ ਕਿ ਇਨ੍ਹਾਂ ਦੀ ਵਰਤੋਂ ਕੀਤੀ ਹੀ ਕਿਉਂ ਜਾਂਦੀ ਹੈ। ਜਦੋਂ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਪੈਂਦੀ ਤਾਂ ਵੱਡੇ ਹੋ ਕੇ ਆਪਣੀ ਰੋਜ਼ਾਨਾ ਜ਼ਿੰਦਗੀ ’ਚ ਆਪਣੀ ਬੋਲ-ਚਾਲ ਦੀ ਭਾਸ਼ਾ ਨੂੰ ਪ੍ਰਭਾਵੀ ਬਣਾਉਣ ਹਿੱਤ ਉਹ ਇਨ੍ਹਾਂ ਦੀ ਵਰਤੋਂ ਕਰ ਹੀ ਨਹੀਂ ਸਕਦੇ। ਇਸ ਕਾਰਨ ਉਹ ਕਈ ਥਾਈਂ ਨੁਕਸਾਨ ਵਾਲੀ ਸਥਿਤੀ ਦਾ ਸਾਹਮਣਾ ਕਰਨ ਲਈ ਲਾਚਾਰ ਹੋ ਜਾਂਦੇ ਹਨ। ਐਨਾਂ ਹੀ ਨਹੀਂ ਅਖਾਣਾਂ ਵਿੱਚ ਸਾਡੀਆਂ ਪੁਰਾਣੀਆਂ ਪੀੜ੍ਹੀਆਂ ਦੀ ਸਦੀਆਂ ਦੀ ਸੋਚ ਅਤੇ ਸਮਝ ਬੱਝੀ ਪਈ ਹੁੰਦੀ ਹੈ। ਇਨ੍ਹਾਂ ਦੀ ਅਸਲੀ ਮਹੱਤਤਾ ਨੂੰ ਪਛਾਣਨ ਨਾਲ ਅਜੋਕੀ ਪੀੜ੍ਹੀ ਆਪਣੇ ਪੁਰਖਿਆਂ ਨਾਲ ਜੁੜਦੀ ਹੈ ਜਿਸ ਕਾਰਨ ਪੀੜ੍ਹੀਆਂ ਦਾ ਪਾੜਾ ਘਟਦਾ ਹੈ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਅਖਾਣਾਂ ਦੀ ਰੱਟਾ ਅਧਾਰਤ ਸਕੂਲੀ ਵਰਤੋਂ ਦੀ ਥਾਂ ਜੇਕਰ ਇਨ੍ਹਾਂ ਦੀ ਸੁਭਾਵਿਕ ਵਰਤੋਂ ਹੋਣ ਲੱਗਦੀ ਹੈ ਤਾਂ ਸਮਾਜਿਕ ਸੰਤੁਲਨ ਬਣਾਈ ਰੱਖਣ ਵਿੱਚ ਵੀ ਯਕੀਨਨ ਸਹਾਇਤਾ ਮਿਲ ਸਕਦੀ ਹੈ।
ਇਹ ਉਪਰਾਲਾ ਕੀਤਾ ਹੈ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਜੋ ਕਿ ਮੋਹਾਲੀ ਵਿਖੇ ਹੈੱਡਮਾਸਟਰ ਵਜੋਂ ਤਾਇਨਾਤ ਹਨ। ਇਸ ਸਟੇਟ ਐਵਾਰਡੀ ਹੈੱਡਮਾਸਟਰ ਦਾ ਮੰਨਣਾ ਹੈ ਕਿ ਇਨ੍ਹਾਂ ਅਖਾਣਾਂ  ਦੀ ਪੰਜਾਬੀ ਵਿੱਚ ਵਰਤੋਂ ਕਰਨ ਨਾਲ ਪੰਜਾਬੀ ਵਿਦਿਆਰਥੀਆਂ ਅੰਦਰ ਮਾਂ ਬੋਲੀ ਪ੍ਰਤੀ ਮੋਹ ਵੀ ਵਧੇਗਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਪੰਜਾਬੀ ਦੇ ਅਧਿਆਪਕ/ਵਿਦਿਆਰਥੀ ਖ਼ੁਦ ਕਰਕੇ ਦੇਖ ਸਕਦੇ ਹਨ। ਡਾ. ਜਿੰਦਲ ਨੇ ਦੱਸਿਆ ਕਿ ਇਨ੍ਹਾਂ ਅਖਾਣਾਂ ਦੀ ਵਰਤੋਂ ਨਵੇਂ ਤਰੀਕੇ ਨਾਲ ਕਰਦਿਆਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਹ ਬਣਦੀ ਸਿੱਖਿਆ ਵੀ ਵਿਦਿਆਰਥੀਆਂ ਨੂੰ ਦੇਣ। 

1. ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ (ਜਦੋਂ ਇਹ ਦੱਸਣਾ ਹੋਵੇ ਕਿ ਔਖਾ ਕੰਮ ਆਰੰਭ ਕਰ ਕੇ ਉਸ ਦੀਆਂ ਔਕੜਾਂ ਤੋਂ ਡਰਨਾ ਨਹੀਂ ਚਾਹੀਦਾ): ਜਦੋਂ ਕੁਝ ਮੀਡੀਆ ਕਰਮੀਆਂ ਨੇ ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਨੂੰ ਪੁੱਛਿਆ ਕਿ ਉਪਰੋਂ ਡਿੱਗਣ ਵਾਲੀ ਠੰਡ ‘ਚ ਉਹ ਕਿਵੇਂ ਧਰਨਾ ਦੇਣਗੇ ਤਾਂ ਉਨ੍ਹਾਂ ਦੇ ਨੁਮਾਇੰਦੇ ਨੇ ਝੱਟ ਕਹਿ ਦਿੱਤਾ, “ਉੱਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ, ਹੁਣ ਤਾਂ ਜੇ ਜਿਉਂਦੇ ਮੁੜੇ ਤਾਂ ਕਾਲੇ ਕਾਨੂੰਨ ਵਾਪਸ ਕਰਵਾ ਕੇ ਈ ਮੁੜਾਂਗੇ।

2. ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ: ਕਿਸਾਨ-ਮਜ਼ਦੂਰ ਜੱਥੇਬੰਦੀ ਦੇ ਨੇਤਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਕਦੇ ਸੋਕੇ ਦੀ ਮਾਰ ਝੱਲਣੀ ਪੈਂਦੀ ਹੈ, ਕਦੇ ਭਾਰੀ ਮੀਹਾਂ ਦੀ, ਕਦੇ ਸੁੰਡੀਆਂ ਦੀ, ਕਦੇ ਨਦੀਨਾਂ ਦੀ ਤਾਂ ਕਦੇ ਪਸ਼ੂ-ਮਹਾਂਮਾਰੀਆਂ ਦੀ। ਹੁਣ ਆਹ ਨਵੇਂ ਖੇਤੀ ਕਾਨੂੰਨਾਂ ਨੇ ਸਾਡੀਆਂ ਜ਼ਮੀਨਾਂ ਤੇ ਸਾਡੀ ਆਪਣੀ ਹੋਂਦ ਈ ਖਤਰੇ ‘ਚ ਪਾ ਦਿੱਤੀ ਹੈ। ਸਾਡੇ ਨਾਲ ਤਾਂ ਓਹੀ ਕੰਮ ਹੋਇਆ ਰਹਿੰਦੈ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ।

3. ਇੱਕ ਅਨਾਰ ਸੌ ਬਿਮਾਰ (ਜਦੋਂ ਚੀਜ਼ ਘੱਟ ਹੋਵੇ ਅਤੇ ਉਸ ਦੀ ਮੰਗ ਕਰਨ ਵਾਲੇ ਬਹੁਤੇ ਹੋਣ): ਖੇਤੀ ਕਾਨੂੰਨਾਂ ਵਿਰੁੱਧ ਜਦੋਂ ਦਾ ਕਿਸਾਨਾਂ ਦਾ ਰੋਹ ਭਖਿਆ ਹੈ, ਕਿਸਾਨ-ਮਜ਼ਦੂਰ ਏਕਤਾ ਦੇ ਝੰਡਿਆਂ ਦੀ ਮੰਗ ਐਨੀ ਵਧ ਗਈ ਹੈ ਕਿ ਝੰਡੇ ਮੰਗਿਆਂ ਨਹੀਂ ਮਿਲ ਰਹੇ। ਇਨ੍ਹਾਂ ਝੰਡਿਆਂ ਦੀ ਓਹੀ ਗੱਲ ਹੋ ਗਈ ਹੈ ਕਿ ਇੱਕ ਅਨਾਰ ਸੌ ਬਿਮਾਰ।

4. ਆਪ ਬੀਬੀ ਕੋਕਾਂ, ਮੱਤੀ ਦੇਵੇ ਲੋਕਾਂ (ਜਦੋਂ ਕੋਈ ਆਪਣੀਆਂ ਖਾਮੀਆਂ (ਕਮਜ਼ੋਰੀਆਂ) ਵੱਲ ਤਾਂ ਧਿਆਨ ਨਾ ਦੇਵੇ ਪਰ ਦੂਸਰਿਆਂ ਨੂੰ ਸਿੱਖਿਆ ਦੇਵੇ) ਫਿਲਮੀ ਅਦਾਕਾਰਾ ਤੋਂ ਰਾਜਨੇਤਾ ਬਣ ਰਹੀ ਇੱਕ ਬੀਬੀ ਨੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਜਦੋਂ ਖੇਤੀ ਕਾਨੂੰਨਾਂ ਦੀ ਮਹੱਤਤਾ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਜ਼ਾਹਰਾਕਾਰੀ ਵਿਰੋਧ ਕਰਦੇ ਹੋਏ ਕਹਿਣ ਲੱਗੇ “ਆਪ ਬੀਬੀ ਕੋਕਾਂ, ਮੱਤੀ ਦੇਵੇ ਲੋਕਾਂ”।

5. ਊਠ ਨਾ ਕੁੱਦੇ ਬੋਰੇ ਕੁੱਦੇ (ਜਦੋਂ ਕਿਸੇ ਚੀਜ਼ ਦਾ ਅਸਲੀ ਹੱਕਦਾਰ ਤਾਂ ਚੁੱਪ ਰਹੇ ਪਰ ਦੂਸਰਾ ਐਵੇਂ ਹੀ ਰੌਲਾ ਪਾਈ ਜਾਵੇ: ਦਿੱਲੀ ਮੋਰਚੇ 'ਤੇ ਬੈਠੇ ਕਿਸਾਨਾਂ ਬਾਬਤ ਕੇਂਦਰ ਸਰਕਾਰ ਦਾ ਵਿਚਾਰ ਹੈ ਕਿ ਊਠ ਨਾ ਕੁੱਦੇ ਬੋਰੇ ਕੁੱਦੇ । ਸਰਕਾਰ ਕਹਿ ਰਹੀ ਹੈ ਕਿ ਇਸ ਸੰਘਰਸ਼ ਨੂੰ ਹੱਲ ਵੱਲ ਜਾਣ ਤੋਂ ਉਹ ਲੋਕੀ ਰੋਕ ਰਹੇ ਹਨ ਜਿਨ੍ਹਾਂ ਦਾ ਕਿਸਾਨੀ ਜਾਂ ਖੇਤੀ ਨਾਲ ਕੋਈ ਵਾਹ ਵਾਸਤਾ ਨਹੀਂ ਹੈ।

6. ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ: ਜਦੋਂ ਸਮੀਖਿਆ ਕਮੇਟੀ ਮੈਂਬਰਾਂ ਨੇ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਦੇ ਨੇਤਾਵਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਤਾਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਕੁਝ ਸਾਲ ਲਈ ਨਿਲੰਬਿਤ ਕਰ ਦਿੱਤਾ ਗਿਆ ਹੈ, ਹੁਣ ਤਾਂ ਤੁਹਾਡੇ ਕਾਡਰ ਨੂੰ ਆਪੋ ਆਪਣੇ ਘਰੀਂ ਚਲੇ ਜਾਣਾ ਚਾਹੀਦਾ ਹੈ ਤਾਂ ਉਨ੍ਹਾਂ ਕਹਿ ਦਿੱਤਾ ਕਿ ਇਹ ਤਾਂ ਸਰਕਾਰੀ ਚਾਲ ਹੈ - ਉਨ੍ਹਾਂ ਦੇ ਰੋਹ ਨੂੰ ਇੱਕ ਵਾਰ ਠੰਡਾ ਕਰਕੇ ਬਾਜ਼ੀ ਹਥਿਆਉਣ ਦੀ। ਉਹ ਇਸ ਝਾਂਸੇ ‘ਚ ਨਹੀਂ ਆਉਣ ਵਾਲੇ। ਜੇ ਇੱਕ ਵਾਰ ਸੰਘਰਸ਼ ਖਿੰਡ ਗਿਆ ਤਾਂ ਦੋਬਾਰਾ ਇਸੇ ਪੱਧਰ ਦਾ ਮੋਰਚਾ ਲਾਉਣ ਲਈ ਹੋਰ ਵਧੇਰੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਸਿਆਣਿਆਂ ਨੇ ਵੀ ਕਿਹਾ ਹੈ ਕਿ ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ।

7. ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੌਣ (ਜਦੋਂ ਇਹ ਦੱਸਣਾ ਹੋਵੇ ਕਿ ਉੱਦਮ ਅਤੇ ਮਿਹਨਤ ਕੀਤਿਆਂ ਸਫਲਤਾ ਪ੍ਰਾਪਤ ਹੁੰਦੀ ਹੈ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ): ਜਦੋਂ ਕੁਝ ਮੀਡੀਆ ਕਰਮੀਆਂ ਨੇ ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਨੂੰ ਪੁੱਛਿਆ ਕਿ ਡਾਹਢੀ ਸਰਕਾਰ ਨਾਲ ਉਹ ਕਿਵੇਂ ਨਜਿੱਠਣਗੇ ਤਾਂ ਉਨ੍ਹਾਂ ਦੇ ਨੁਮਾਇੰਦੇ ਨੇ ਝੱਟ ਕਹਿ ਦਿੱਤਾ, “ਉੱਦਮ ਅੱਗੇ ਲੱਛਮੀ ਪੱਖੇ ਅੱਗੇ ਪੈਣ। ਸਾਡੀ ਕੌਮ ਦਾ ਇਤਿਹਾਸ ਗਵਾਹ ਹੈ ਕਿ ਅਸੀਂ ਜ਼ੁਲਮ ਤੇ ਅੱਤਿਆਚਾਰ ਅੱਗੇ ਕਦੇ ਗੋਡੇ ਨਹੀਂ ਟੇਕੇ”।

8. ਸਹਿਜ ਪੱਕੇ ਸੋ ਮਿੱਠਾ ਹੋਏ (ਠਰੰਮੇ ਨਾਲ ਕੀਤਾ ਕੰਮ ਕਾਹਲੀ ਵਿੱਚ ਕੀਤੇ ਕੰਮ ਤੋਂ ਹਮੇਸ਼ਾ ਠੀਕ ਹੁੰਦਾ ਹੈ):  ਜਦੋਂ ਕੁਝ ਮੀਡੀਆ ਕਰਮੀਆਂ ਨੇ ਦਿੱਲੀ ਮੋਰਚੇ ‘ਤੇ ਬੈਠੇ ਕਿਸਾਨਾਂ ਨੂੰ ਪੁੱਛਿਆ ਕਿ ਉਹ ਕੋਈ ਤਕੜਾ ਤੇ ਤੇਜ਼ ਐਕਸ਼ਨ ਕਿਉਂ ਨਹੀਂ ਕਰਦੇ ਤਾਂ ਉਨ੍ਹਾਂ ਦੇ ਨੇਤਾ ਨੇ ਝੱਟ ਕਹਿ ਦਿੱਤਾ, “ਬੀਬਾ ਜੀ, ਸਹਿਜ ਪੱਕੇ ਸੋ ਮਿੱਠਾ ਹੋਏ । ਕਾਨੂੰਨ ਤਾਂ ਅਸੀਂ ਵਾਪਸ ਕਰਵਾ ਕੇ ਹੀ ਰਹਾਂਗੇ”।

9. ਅੱਗੇ ਸੱਪ ਤੇ ਪਿੱਛੇ ਸੀਂਹ: ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਤਾਂ ਸਵਿਕਾਰ ਰਹੀ ਹੈ ਪਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਮੁਨਕਰ ਹੋ ਰਹੀ ਹੈ। ਲਗਦੈ ਕੇਂਦਰ ਸਰਕਾਰ ਲਈ ਤਾਂ ਉਹ ਗੱਲ ਬਣ ਗਈ ਹੈ ਕਿ ਅੱਗੇ ਸੱਪ ਤੇ ਪਿੱਛੇ ਸੀਂਹ।

10. ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ: ਕਿਸਾਨ-ਸੰਘਰਸ਼ ਨੂੰ ਦੇਸ਼-ਵਿਦੇਸ਼ ਤੋਂ ਮਿਲ ਰਹੇ ਸਹਿਯੋਗ ਦੇ ਮੱਦੇ ਨਜ਼ਰ ਜਦੋਂ ਮੈਂ ਕੁਝ ਕਿਸਾਨਾਂ ਨਾਲ ਗੱਲ ਕਰਨੀ ਚਾਹੀ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਅਜਿਹਾ ਕਿਵੇਂ ਸੰਭਵ ਹੋਇਆ ਹੈ ਤਾਂ ਉੱਥੇ ਬੈਠੇ ਇੱਕ ਬਜ਼ੁਰਗ ਨੇ ਝੱਟ ਜਵਾਬ ਦਿੱਤਾ, “ਜੁਆਨਾਂ, ਇਸੇ ਲਈ ਤਾਂ ਕਹਿੰਦੇ ਨੇ - ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਕਿਸਾਨ ਹੱਕ-ਸੱਚ ਦੀ ਲੜਾਈ ਲੜ ਰਿਹਾ ਹੈ”।

11. ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀ ਲਹਿੰਦੀ: ਜਦੋਂ ਕੁਝ ਮੀਡੀਆ ਕਰਮੀਆਂ ਨੇ ਦਿੱਲੀ ਮੋਰਚੇ 'ਤੇ ਬੈਠੇ ਕਿਸਾਨਾਂ ਨੂੰ ਪੁੱਛਿਆ ਕਿ ਕੇਂਦਰ ਸਰਕਾਰ ਨਵੇਂ ਖੇਤੀ ਕਾਨੂੰਨਾਂ ਦੀਆਂ ਖਾਮੀਆਂ ਦੂਰ ਕਰਨ ਲਈ ਤਿਆਰ ਹੈ, ਉਹ ਕਿਉਂ ਨਹੀਂ ਮੰਨ ਰਹੇ ਤਾਂ ਉਨ੍ਹਾਂ ਦੇ ਨੁਮਾਇੰਦੇ ਨੇ ਝੱਟ ਕਹਿ ਦਿੱਤਾ, “ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀ ਲਹਿੰਦੀ। ਇਹ ਕਾਲੇ ਕਾਨੂੰਨ ਵਾਪਸ ਕਰਵਾਉਣ ਤੋਂ ਬਿਨਾਂ ਸਾਨੂੰ ਕੁਝ ਵੀ ਹੋਰ ਮਨਜ਼ੂਰ ਨਹੀਂ”।

12. ਆਪਣੀਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ: ਕਿਸਾਨ-ਸੰਘਰਸ਼ ਦੇ ਮੱਦੇ ਨਜ਼ਰ ਅਜਕੱਲ੍ਹ ਇਹੀ ਚਰਚਾ ਹਰ ਘਰ ਵਿੱਚ ਹੋ ਰਹੀ ਹੈ ਕਿ ਕੁਝ ਕਾਰਪੋਰੇਟਾਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਆਪਣੇ ਕਿਸਾਨਾਂ, ਜੋ ਸਾਰੇ ਮੁਲਕ ਨੂੰ ਅੰਨ ਮੁਹੱਈਆ ਕਰਾਉਂਦੇ ਹਨ, ਨੂੰ ਨੁਕਸਾਨ ਪਹੁੰਚਾਉਣ ‘ਤੇ ਕਿਉਂ ਤੁਲੀ ਹੋਈ ਹੈ। ਲੋਕੀ ਕਹਿ ਰਹੇ ਹਨ ਕਿ ਇਹ ਤਾਂ ਉਹੀ ਗੱਲ ਹੋਈ, ਅਖੇ ਆਪਣੀਆਂ ਦੇ ਮੈਂ ਗਿੱਟੇ ਭੰਨਾਂ ਚੁੰਮਾਂ ਪੈਰ ਪਰਾਇਆਂ ਦੇ।

13. ਆਪੇ ਫਾਥੜੀਏ ਤੇਨੂੰ ਕੌਣ ਛੁਡਾਏ: ਕਿਸਾਨ-ਸੰਘਰਸ਼ ਦੇ ਮੱਦੇ ਨਜ਼ਰ ਜਦੋਂ ਮੈਂ ਕੁਝ ਕਿਸਾਨਾਂ ਨਾਲ ਗੱਲ ਕਰਨੀ ਚਾਹੀ ਕਿ ਦੇਸ਼-ਵਿਦੇਸ਼ ਤੋਂ ਮਿਲ ਰਹੇ ਸਹਿਯੋਗ ਕਾਰਨ ਕੇਂਦਰ ਸਰਕਾਰ ਤਾਂ ਬੇਚਾਰੀ ਕੁੜਿੱਕੀ ਵਿੱਚ ਫਸ ਗਈ ਹੈ ਤਾਂ ਉੱਥੇ ਬੈਠੇ ਇੱਕ ਬਜ਼ੁਰਗ ਨੇ ਝੱਟ ਜਵਾਬ ਦਿੱਤਾ, “ਜੁਆਨਾਂ, ਇਸੇ ਲਈ ਤਾਂ ਕਹਿੰਦੇ ਨੇ ਆਪੇ ਫਾਥੜੀਏ ਤੇਨੂੰ ਕੌਣ ਛੁਡਾਏ, ਲੋਕਤੰਤਰੀ ਸਰਕਾਰਾਂ ਲੋਕਾਂ ਲਈ ਹੁੰਦੀਆਂ ਨੇ ਨਾਂ ਕਿ ਜੋਕਾਂ ਲਈ”। 

14. ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ: ਮੌਜੂਦਾ ਕਿਸਾਨੀ ਸੰਘਰਸ਼ ਦਾ ਜਾਹੋ ਜਲਾਲ ਤੇ ਹਰ ਵਰਗ ਦਾ ਜੋਸ਼ ਦੇਖ ਕੇ ਕੁਝ ਲੋਕ ਨੌਜਵਾਨਾਂ ਨੂੰ ਹਿੰਸਕ ਕਾਰਵਾਈਆਂ ਲਈ ਇਹ ਕਹਿ ਕੇ ਉਕਸਾ ਰਹੇ ਹਨ ਕਿ ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਣ। ਉਨ੍ਹਾਂ ਦਾ ਮੰਨਣਾ ਹੈ ਕਿ ਹੁਣ ਸ਼ਾਂਤੀ ਨਾਲ ਕੇਂਦਰ ਸਰਕਾਰ ਨਾਲ ਨਜਿੱਠ ਕੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕਰਵਾਏ ਜਾ ਸਕਣਗੇ। ਧੰਨ ਜਾਈਏ ਉਨ੍ਹਾਂ ਕਿਸਾਨ ਲੀਡਰਾਂ ਦੇ ਜਿੰਨ੍ਹਾਂ ਨੇ ਇਸ ਸੰਘਰਸ਼ ਨੂੰ ਹਿੰਸਕ ਨਹੀਂ ਹੋਣ ਦਿੱਤਾ ਜਿਸ ਕਾਰਨ ਕਿਸਾਨਾਂ ਵਿਰੁੱਧ ਸ਼ਕਤੀ ਵਰਤ ਕੇ ਅੰਦੋਲਨ ਨੂੰ ਖਤਮ ਕਰਨ ਦਾ ਕੇਂਦਰ ਸਰਕਾਰ ਦਾ ਸੁਪਨਾ ਧਰਿਆ-ਧਰਾਇਆ ਰਹਿ ਗਿਆ। 

15. ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ: ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉੱਤਰਾਂਚਲ, ਕਰਨਾਟਕ, ਮੱਧ ਪ੍ਰਦੇਸ਼, ਕੇਰਲ, ਬਿਹਾਰ, ਗੁਜਰਾਤ, ਤੇ ਰਾਜਸਥਾਨ ਤੱਕ ਫੈਲਣ ਤੋਂ ਬਾਅਦ ਹੁਣ ਦੇਸ਼ ਦੇ ਬਾਕੀ ਭਾਗਾਂ ਵਿੱਚ ਵੀ ਜ਼ੋਰ ਫੜਦਾ ਜਾ ਰਿਹਾ ਹੈ। ਕਿਸੇ ਨੇ ਸੱਚ ਹੀ ਕਿਹਾ ਹੈ, ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜਾ ਰੰਗ ਫੜਦਾ ਹੈ।

16. ਸਵੈ ਭਰੋਸਾ ਵੱਡਾ ਤੋਸਾ: ਮੌਜੂਦਾ ਕਿਸਾਨੀ ਸੰਘਰਸ਼ ਲਈ ਨਿਹੱਥੇ ਕਿਸਾਨਾਂ ਨੂੰ ਸਰਕਾਰੀ ਰੋਕਾਂ ਅਤੇ ਹੋਰ ਰੁਕਾਵਟਾਂ ਦੇ ਬਾਵਜੂਦ ਜਦੋਂ ਅੱਗੇ ਵਧਣ ਤੋਂ ਨਾ ਡਰਦੇ ਦੇਖਿਆ ਤਾਂ ਸਭ ਦੇ ਮੂਹੋਂ ਸਹਿ-ਸੁਭਾ ਨਕਲ ਰਿਹਾ ਸੀ ਕਿ ਸਵੈ ਭਰੋਸਾ ਵੱਡਾ ਤੋਸਾ।

17. ਸੁੱਤਿਆਂ ਦੇ ਕੱਟੇ ਜਾਗਦਿਆਂ ਦੀਆਂ ਕੱਟੀਆਂ: ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਸਭ ਸੁੱਖ-ਅਰਾਮ ਤੇ ਘਰ-ਬਾਰ ਤਿਆਗ ਕੇ ਕੱਤਕ-ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਦਿੱਲੀ ਦੀ ਸੀਮਾ 'ਤੇ ਦਿਨ-ਰਾਤ ਦੇ ਧਰਨੇ ਸ਼ੁਰੂ ਕੀਤੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਸੁੱਤਿਆਂ ਦੇ ਕੱਟੇ ਜਾਗਦਿਆਂ ਦੀਆਂ ਕੱਟੀਆਂ । ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਜੇਕਰ ਉਹ ਖੁਦ ਹਿੰਮਤ ਨਹੀਂ ਦਿਖਾਉਣਗੇ ਤਾਂ ਰਾਜਨੀਤਿਕ ਪਾਰਟੀਆਂ ਆਪਸੀ ਗੰਢ-ਤੁੱਪ ਜਾਂ ਦਬਾਅ ਦਾ ਸ਼ਿਕਾਰ ਵੀ ਹੋ ਸਕਦੀਆਂ ਹਨ। 

18. ਹੱਥ ਨੂੰ ਹੱਥ ਧੋਂਦਾ ਹੈ: ਮੌਜੂਦਾ ਕਿਸਾਨੀ ਸੰਘਰਸ਼ ਲਈ ਮਜ਼ਦੂਰਾਂ, ਵਕੀਲਾਂ, ਵਿਦਿਆਰਥੀਆਂ, ਡਾਕਟਰਾਂ, ਪਰਫ਼ੈਸਰਾਂ, ਵਿਗਿਆਨੀਆਂ, ਅਧਿਆਪਕਾਂ, ਦੁਕਾਨਦਾਰਾਂ, ਗੀਤਕਾਰਾਂ, ਗਾਇਕਾਂ, ਬੁੱਧੀਜੀਵੀਆਂ ਆਦਿ ਸਭ ਦੁਆਰਾ ਸਹਿਯੋਗ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਹੱਥ ਨੂੰ ਹੱਥ ਧੋਂਦਾ ਹੈ । ਕਿਸਾਨ ਸਭਨਾਂ ਲਈ ਅੰਨ ਉਗਾਉਂਦਾ ਹੀ ਨਹੀਂ ਉਨ੍ਹਾਂ ਨੂੰ ਵਾਜਵ ਰੇਟਾਂ ‘ਤੇ ਅੰਨ ਮੁਹੱਈਆ ਵੀ ਕਰਵਾਉਂਦਾ ਹੈ। ਇਸ ਲਈ ਸਭ ਨੇ ਇਸ ਔਖੀ ਘੜੀ ਕਿਸਾਨਾਂ ਦਾ ਸਾਥ ਦੇਣਾ ਆਪਣਾ ਇਖਲਾਕੀ ਫਰਜ਼ ਸਮਝਿਆ। 

19. ਚਾਹੇ ਛੂਰੀ ਖ਼ਰਬੂਜੇ ਉੱਤੇ ਡਿੱਗੇ ਚਾਹੇ ਖ਼ਰਬੂਜਾ ਛੂਰੀ ਉੱਤੇ, ਨੁਕਸਾਨ ਖ਼ਰਬੂਜੇ ਦਾ: ਜਦੋਂ ਕੁਝ ਸਰਕਾਰੀ ਏਜੰਸੀਆਂ ਨੇ ਕਿਸਾਨ ਲੀਡਰਾਂ ਨੂੰ ਸਮਝਾਉਣਾ ਚਾਹਿਆ ਕਿ ਜੇਕਰ ਮੰਡੀ-ਪ੍ਰਣਾਲੀ ਖਤਮ ਵੀ ਹੋ ਜਾਂਦੀ ਹੈ ਤਾਂ ਵੀ ਉਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਕਿਉਂਕਿ ਕਿਸਾਨ ਆਪਣਾ ਮਾਲ ਆਪਣੀ ਮਰਜ਼ੀ ਨਾਲ ਕਿਤੇ ਵੀ ਵੇਚ ਸਕਣਗੇ ਤਾਂ ਉਨ੍ਹਾਂ ਝੱਟ ਕਹਿ ਦਿੱਤਾ, “ਚਾਹੇ ਛੁਰੀ ਖ਼ਰਬੂਜੇ ਉੱਤੇ ਡਿੱਗੇ ਚਾਹੇ ਖ਼ਰਬੂਜਾ ਛੂਰੀ ਉੱਤੇ, ਨੁਕਸਾਨ ਖ਼ਰਬੂਜੇ ਦਾ। ਇਹ ਕਾਲੇ ਖੇਤੀ ਕਾਨੂੰਨਾਂ ਦਾ ਨੁਕਸਾਨ ਸਾਨੂੰ ਹੀ ਹੋਣਾ ਹੈ; ਕਿਸੇ ਕਾਰਪੋਰੇਟ ਨੂੰ ਕੋਈ ਨੁਕਸਾਨ ਨਹੀਂ ਹੋਣਾ। 

20. ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ: ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨੇ ਸਭ ਸੁੱਖ-ਅਰਾਮ ਤੇ ਘਰ-ਬਾਰ ਤਿਆਗ ਕੇ ਕੱਤਕ-ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਦਿੱਲੀ ਦੀ ਸੀਮਾ ‘ਤੇ ਦਿਨ-ਰਾਤ ਦੇ ਧਰਨੇ ਸ਼ੁਰੂ ਕੀਤੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਜੋ ਰਾਤੀ ਜਾਗਣ ਕਾਲੀਆਂ ਸੋਈ ਖਾਣ ਸੁਖਾਲੀਆਂ । ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਆਪਣੀ ਹੋਂਦ ਬਚਾਉਣ ਲਈ ਇਹ ਤਾਂ ਕੀ, ਇਸ ਤੋਂ ਔਖਾ ਇਮਤਿਹਾਨ ਵੀ ਦੇਣਾ ਪਿਆ ਤਾਂ ਵੀ ਕੋਈ ਵੱਡੀ ਗੱਲ ਨਹੀਂ।

21. ਉਂਗਲੀਆਂ ਕਟਾ ਕੇ ਸ਼ਹੀਦਾਂ ਵਿਚ ਰਲਣਾ: ਤਾਜ਼ਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਜਦੋਂ ਕੁਝ ਸਰਕਾਰੀ ਏਜੰਸੀਆਂ ਨੇ ਸਮਝਾਉਣ ਦੇ ਬਹਾਨੇ ਡਰਾਉਣਾ ਚਾਹਿਆ ਤਾਂ ਕਿਸਾਨਾਂ ਦੇ ਲੀਡਰਾਂ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਕਿਸਾਨ ਹਰ ਤਰ੍ਹਾਂ ਦੀ ਮੁਸੀਬਤ ਝੱਲਣ ਲਈ ਤਿਆਰ ਹਨ ਪਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾਂ ਉਨ੍ਹਾਂ ਵਾਪਸ ਨਹੀਂ ਮੁੜਣਾ ਕਿਉਂਕਿ ਉਂਗਲੀਆਂ ਕਟਾ ਕੇ ਸ਼ਹੀਦਾਂ ਵਿਚ ਰਲਣਾ ਉਨ੍ਹਾਂ ਨੂੰ ਨਹੀਂ ਸਿਖਾਇਆ ਗਿਆ। ਉਹ ਤਾਂ ਮਹਾਨ ਗੁਰੂਆਂ ਦੀ ਧਰਤੀ ਦੇ ਜਾਏ ਹਨ। 

22. ਉੱਖਲੀ ਵਿਚ ਸਿਰ ਦਿਤਾ ਤਾਂ ਮੋਹਲਿਆਂ ਦਾ ਕੀ ਡਰ : ਤਾਜ਼ਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਜਦੋਂ ਕੁਝ ਸਾਰਕਾਰੀ ਏਜੰਸੀਆਂ ਨੇ ਸਮਝਾਉਣ ਦੇ ਬਹਾਨੇ ਸਰਕਾਰੀ ਸਖਤੀ ਦੇ ਡਰ ਦਾ ਦਾਬਾ ਮਾਰਨਾ ਚਾਹਿਆ ਤਾਂ ਕਿਸਾਨਾਂ ਦੇ ਲੀਡਰਾਂ ਨੇ ਠੋਕਵਾਂ ਜਵਾਬ ਦਿੰਦਿਆਂ ਕਿਹਾ ਕਿ ਉਹ ਤੇ ਉਨ੍ਹਾਂ ਦੇ ਸਾਥੀ ਕਿਸਾਨ ਹਰ ਤਰ੍ਹਾਂ ਦੀ ਮੁਸੀਬਤ ਝੱਲਣ ਲਈ ਤਿਆਰ ਹਨ ਪਰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਬਿਨਾਂ ਉਨ੍ਹਾਂ ਵਾਪਸ ਨਹੀਂ ਮੁੜਣਾ; ਉੱਖਲੀ ਵਿਚ ਸਿਰ ਦਿਤਾ ਤਾਂ ਮੋਹਲਿਆਂ ਦਾ ਕੀ ਡਰ।

23. ਉੱਚੀ ਦੁਕਾਨ ਵਿੱਕਾ ਪਕਵਾਨ ਜਦੋਂ ਕੁਝ ਸਾਰਕਾਰੀ ਏਜੰਸੀਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਕਿਸਾਨਾਂ ਨੂੰ ਸਮਝਾਉਂਦਿਆਂ ਇਨ੍ਹਾਂ ਦੇ ਲਾਭ ਗਿਨਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਕਹਿ ਦਿੱਤਾ, “ਇਹ ਸਭ ਉੱਚੀ ਦੁਕਾਨ ਵਿੱਕਾ ਪਕਵਾਨ ਵਾਲੀ ਗੱਲ ਹੈ। ਸ਼ਬਦਾਂ ਦੇ ਸਬਜ਼ਬਾਗਾਂ ਰਾਹੀ ਜੋ ਸੁੰਦਰ ਤਸਵੀਰ ਸਿਰਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਨਿਰਾ ਧੋਖਾ ਹੈ ਧੋਖਾ।

24. ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀ ਹੁੰਦਾ: ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਨੂੰ ਘੇਰਾ ਪਾਈ ਬੈਠੇ ਕਿਸਾਨਾਂ ਨੇ ਸਭ ਨੂੰ ਇੱਕ ਬਰਾਬਰ ਸਮਝ ਕੇ ਲੰਗਰ ਛਕਾਇਆ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਮਾਹਾਂ ਮੋਠਾਂ ਵਿੱਚ ਕੋਈ ਵੱਡਾ ਛੋਟਾ ਨਹੀ ਹੁੰਦਾ।

25. ਰਾਣੀ ਆਪਣੇ ਪੈਰ ਧੋਦੀ ਗੋਲੀ ਨਹੀਂ ਕਹਾਉਂਦੀ: ਤਾਜ਼ਾ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀ ਸੀਮਾ ‘ਤੇ ਦਿਨ-ਰਾਤ ਡਟੇ ਹੋਏ ਕਿਸਾਨਾਂ ਦੇ ਬਹੁਤੇ ਨੇਤਾਵਾਂ ਕੋਲ ਵੱਡੀਆਂ-ਵੱਡੀਆਂ ਡਿਗਰੀਆਂ ਦੇ ਨਾਲ-ਨਾਲ ਚੰਗੀਆਂ ਜਾਇਦਾਦਾਂ ਹਨ। ਫਿਰ ਵੀ ਉਹ ਆਪਣਾ ਭਵਿੱਖ ਬਚਾਉਣ ਖਾਤਰ ਸੜਕਾਂ 'ਤੇ ਸੋ ਕੇ ਗੁਜ਼ਾਰਾ ਕਰਦੇ ਆ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਰਾਣੀ ਆਪਣੇ ਪੈਰ ਧੋਦੀ ਗੋਲੀ ਨਹੀਂ ਕਹਾਉਂਦੀ।

ਡਾ. ਸੁਰਿੰਦਰ ਕੁਮਾਰ ਜਿੰਦਲ, ਮੋਹਾਲੀ
98761 - 35823


Shyna

Content Editor Shyna