ਮੋਗਾ ’ਚ ਟ੍ਰੇਨ ਹੇਠਾਂ ਆ ਕੇ ਦਮ ਤੋੜਨ ਵਾਲੇ ਮਾਂ-ਪੁੱਤ ਦੇ ਮਾਮਲੇ ’ਚ ਵੱਡਾ ਖ਼ੁਲਾਸਾ
Tuesday, Jan 23, 2024 - 06:25 PM (IST)
ਮੋਗਾ (ਕਸ਼ਿਸ਼ ਸਿੰਗਲਾ) : ਬੀਤੀ ਰਾਤ ਟ੍ਰੇਨ ਹੇਠਾਂ ਆ ਕੇ ਖ਼ੁਦਕੁਸ਼ੀ ਕਰਨ ਵਾਲੀ ਮਹਿਲਾ ਅਤੇ ਬੱਚੇ ਦੀ ਪਹਿਚਾਣ ਹੋ ਗਈ ਹੈ। ਮਹਿਲਾ ਦਾ ਨਾਮ ਸੁਖਵਿੰਦਰ ਕੌਰ ਉਰਫ਼ ਬੱਬੂ ਪਤਨੀ ਵਿਨੋਦ ਕੁਮਾਰ ਵਰਮਾ ਵਾਸੀ ਮੋਗਾ ਤੇ ਬੱਚੇ ਦਾ ਨਾਮ ਦਾਨਸ਼ ਵਰਮਾ ਹੈ। ਮ੍ਰਿਤਕਾ ਲੜਕੀ ਦੇ ਪਿਤਾ ਦੇ ਦੱਸਣ ਮੁਤਾਬਕ ਲੜਕੀ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਕਰਦਾ ਸੀ ਜਿਸ ਨੂੰ ਲੈ ਕੇ ਉਸ ਦੀ ਧੀ ਪ੍ਰੇਸ਼ਾਨ ਰਹਿੰਦੀ ਸੀ। ਉਸਨੇ ਦੱਸਿਆ ਕਿ ਜਦੋਂ ਲੜਕੀ ਦੀ 11 ਮਹੀਨੇ ਪਹਿਲਾਂ ਸ਼ਾਦੀ ਕੀਤੀ ਤਾਂ ਉਨ੍ਹਾਂ ਦਾ ਜਵਾਈ ਅਮਰੀਕਾ ਤੋਂ ਆਇਆ ਦੱਸਿਆ ਗਿਆ ਸੀ ਪਰ ਵਿਆਹ ਤੋਂ ਬਾਅਦ ਨਾ ਤਾਂ ਉਹ ਅਮਰੀਕਾ ਗਿਆ ਨਾ ਹੀ ਇੱਥੇ ਕੋਈ ਕੰਮਕਾਰ ਕਰਦਾ ਸੀ ਜਿਸ ਨੂੰ ਲੈ ਕੇ ਉਸ ਦੀ ਲੜਕੀ ਉਸ ਨੂੰ ਕੰਮ ਕਰਨ ਲਈ ਕਹਿੰਦੀ ਸੀ ਪਰ ਉਹ ਕੰਮ ਕਰਨ ਤੋਂ ਇਨਕਾਰ ਕਰਦਾ ਸੀ। ਉਹ ਕਹਿੰਦਾ ਸੀ ਕਿ ਮੈਂ ਨਾ ਤਾ ਬਾਹਰ ਜਾਣਾ ਨਾ ਮੈਂ ਇੱਥੇ ਕੋਈ ਕੰਮ ਕਰਨਾ।
ਇਹ ਵੀ ਪੜ੍ਹੋ : ਪੰਜਾਬ ਅੰਦਰ ਸਰਕਾਰੀ ਬੱਸਾਂ ’ਚ ਸਫ਼ਰ ਕਰਨਾ ਹੋਵੇਗਾ ਔਖਾ, ਅੱਜ ਤੋਂ ਲਿਆ ਗਿਆ ਇਹ ਸਖ਼ਤ ਫ਼ੈਸਲਾ
ਲੜਕੀ ਦੇ ਪਿਤਾ ਦੇਸਰਾਜ ਨੇ ਇਹ ਵੀ ਕਿਹਾ ਕਿ ਉਹ ਨਸ਼ੇ ਕਰਨ ਦਾ ਆਦੀ ਸੀ ਜਿਸ ਲਈ ਉਨ੍ਹਾਂ ਦੀ ਲੜਕੀ ਦੇ ਜਿਹੜਾ ਬੱਚਾ ਉਹ ਵੀ ਸੱਤਵੇਂ ਮਹੀਨੇ ਹੋਇਆ ਜਿਸ ਦਾ ਖਰਚਾ ਵੀ ਸਾਰਾ ਉਨ੍ਹਾਂ ਵੱਲੋਂ ਹੀ ਕੀਤਾ ਗਿਆ ਤੇ ਹੁਣ ਲੜਕੇ ਦਾ ਇਲਾਜ ਵੀ ਚੱਲ ਰਿਹਾ ਸੀ। ਡਾਕਟਰਾਂ ਨੇ ਕਿਹਾ ਸੀ ਕਿ ਉਸ ਨੂੰ ਛੇ ਮਹੀਨੇ ਤੱਕ ਇਕ ਬੰਦ ਕਮਰੇ ਵਿਚ ਰੱਖਿਆ ਜਾਵੇ ਡਿਲੀਵਰੀ ਤੋਂ ਬਾਅਦ ਤਿੰਨ ਮਹੀਨੇ ਬੱਚੇ ਨੂੰ ਟਿਊਬਾਂ ਵਿਚ ਰੱਖਿਆ ਗਿਆ ਸੀ। ਲੜਕੀ ਬੱਚੇ ਦੇ ਇਲਾਜ ਤੋਂ ਵੀ ਪ੍ਰੇਸ਼ਾਨ ਸੀ। ਰਾਤ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਝਗੜਾ ਹੋਇਆ ਜਿਸ ਤੋਂ ਬਾਅਦ ਸੁਖਵਿੰਦਰ ਉਰਫ ਬੱਬੂ ਆਪਣੇ ਬੱਚੇ ਦਾਨਸ਼ ਵਰਮਾ ਨੂੰ ਲੈ ਕੇ ਰੇਲਵੇ ਟਰੈਕ ’ਤੇ ਚਲੀ ਗਈ ਜਿਸ ਨੇ ਟ੍ਰੇਨ ਆਉਣ ’ਤੇ ਟ੍ਰੇਨ ਅੱਗੇ ਛਾਲ ਮਾਰ ਦਿੱਤੀ। ਜਿਸ ਨੂੰ ਬਚਾਉਣ ਲਈ ਇਕ ਦੁਕਾਨਦਾਰ ਵੱਲੋਂ ਕੋਸ਼ਿਸ਼ ਕੀਤੀ ਗਈ ਜਿਸ ਕਾਰਣ ਦੁਕਾਨਦਾਰ ਜ਼ਖਮੀ ਹੋ ਗਿਆ ਅਤੇ ਉਸ ਦੀ ਲੱਤ ’ਤੇ ਸੱਟ ਲੱਗੀ ਹੈ ਜੋ ਇਲਾਜ ਅਧੀਨ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਘਟਨਾ, ਪਿਓ-ਪੁੱਤ ਦੀ ਇਕੱਠਿਆਂ ਮੌਤ
ਇਸ ਤੋਂ ਬਾਅਦ ਰਾਹਗੀਰਾਂ ਨੇ ਸੁਖਵਿੰਦਰ ਤੇ ਉਸਦੇ ਬੱਚੇ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਜਿੱਥੇ ਜਾ ਕੇ ਉਸਦੀ ਮੌਤ ਹੋ ਗਈ। ਹੁਣ ਰੇਲਵੇ ਪੁਲਸ ਵੱਲੋਂ ਲੜਕੀ ਦੇ ਪਿਤਾ ਦੇਸ ਰਾਜ ਦੇ ਬਿਆਨਾਂ ’ਤੇ ਸਹੁਰਾ ਪਰਿਵਾਰ ਦੇ ਪੰਜ ਮੈਂਬਰਾਂ ਪਤੀ, ਜੇਠ, ਜੇਠ ਦਾ ਲੜਕਾ, ਸੱਸ, ਨਨਾਣ ਦੇ ਖ਼ਿਲਾਫ 306 ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਰੇਲਵੇ ਪੁਲਸ ਫਰੀਦਕੋਟ ਰੇਂਜ ਦੇ ਐੱਸ. ਐੱਚ. ਓ ਜੀਵਨ ਸਿੰਘ ਨੇ ਦੱਸਿਆ ਕਿ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ ’ਚ ਵੱਡੀ ਵਾਰਦਾਤ, ਵਿਆਹ ਤੋਂ ਪਰਤ ਰਹੇ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8