ਮਾਂ ਦੇ ਅੰਤਿਮ ਸੰਸਕਾਰ ਲਈ ਛੁੱਟੀ ਲੈ ਕੇ ਆ ਰਿਹਾ ਸੀ ਫੌਜੀ ਪੁੱਤ, ਰਸਤੇ 'ਚ ਹੋਈ ਮੌਤ

11/01/2019 9:47:23 PM

ਫਤਿਆਬਾਦ,(ਕੰਵਲ) : ਜ਼ਿਲਾ ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਵੜਿੰਗ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦ ਆਪਣੀ ਮਾਂ ਦੇ ਅੰਤਿਮ ਸੰਸਕਾਰ 'ਚ ਸ਼ਰੀਕ ਹੋਣ ਲਈ ਫੌਜ਼ 'ਚੋਂ ਛੁੱਟੀ ਲੈ ਕੇ ਵਾਪਸ ਆ ਰਹੇ ਪੁੱਤ ਦੀ ਘਰ ਆਉਂਦੇ ਸਮੇਂ ਰਸਤੇ 'ਚ ਸੜਕੀ ਹਾਦਸੇ ਕਾਰਨ ਮੌਤ ਹੋ ਗਈ। ਜਿਸ ਦੀ ਖ਼ਬਰ ਪਿੰਡ ਪੁੱਜਦਿਆਂ ਹੀ ਪੂਰੇ ਪਿੰਡ 'ਚ ਮਾਤਮ ਛਾ ਗਿਆ। ਫੌਜੀ ਦਲਜੀਤ ਸਿੰਘ ਉਰਫ ਗਗਨ ਪੁੱਤਰ ਕਰਮ ਸਿੰਘ ਦੀ ਦੇਹ ਤਿਰੰਗੇ 'ਚ ਲਪੇਟੀ ਉਨ੍ਹਾਂ ਦੇ ਘਰ ਪਹੁੰਚੀ ਤੇ ਪਿੰਡ ਦੇ ਸ਼ਮਸ਼ਾਨਘਾਟ 'ਚ ਦੋਵੇ ਮਾਂ-ਪੁੱਤ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਫੌਜੀ ਦਲਜੀਤ ਸਿੰਘ ਜੋ ਕਿ ਵਿਆਹਿਆ ਹੋਇਆ ਸੀ ਤੇ ਉਸਦਾ ਇਕ ਪੁੱਤਰ ਜੋ ਕਿ ਡੇਢ ਸਾਲ ਦਾ ਹੈ। ਫੌਜ਼ੀ ਦਲਜੀਤ ਸਿੰਘ ਦਾ ਪੂਰਾ ਪਰਿਵਾਰ ਦੇਸ਼ ਦੀ ਸੇਵਾ 'ਚ ਜੁੱਟਿਆ ਹੋਇਆ ਹੈ। ਉਨ੍ਹਾਂ ਦੇ ਪਿਤਾ ਤੇ ਭਰਾ ਦੋਨੋਂ ਫੌਜ਼ 'ਚੋਂ ਰਿਟਾਇਰ ਹੋ ਚੁੱਕੇ ਹਨ ਤੇ ਦਲਜੀਤ ਸਿੰਘ ਘਰ 'ਚੋਂ ਛੋਟਾ ਸੀ, ਜੋ ਪਿਛਲੇ 9 ਸਾਲਾ ਤੋਂ ਆਰਮੀ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰ ਰਿਹਾ ਸੀ। ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਨੇ ਕਿਹਾ ਕਿ ਇਹ ਸਮਾਂ ਬਹੁਤ ਹੀ ਦੁੱਖ ਦਾਇਕ ਸਮਾਂ ਹੈ।  

PunjabKesari

ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਪਾਸੋਂ ਮੰਗ ਕਰਦੇ ਹਾਂ ਕਿ ਫੌਜ਼ੀ ਦਲਜੀਤ ਸਿੰਘ ਦੀ ਯਾਦ 'ਚ ਪਿੰਡ 'ਚ ਕੋਈ ਯਾਦਗਾਰ ਖੇਡ ਸਟੇਡੀਆਮ ਜਾਂ ਸਕੂਲ ਬਣਾਇਆ ਜਾਵੇ ਤਾਂ ਕਿ ਉਸ ਦੀ ਯਾਦ ਹਮੇਸ਼ਾ ਅਮਰ ਰਹੇ। ਜਿਥੇ ਮਾਂ-ਪੁੱਤ ਦੋਵਾਂ ਦੇ ਇੱਕਠਿਆ ਅੰਤਿਮ ਸੰਸਕਾਰ ਸਮੇਂ ਵੱਡੀ ਗਿਣਤੀ 'ਚ ਪਹੁੰਚੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਸਨ। ਉਥੇ ਹੀ ਫੌਜ਼ੀ ਦਲਜੀਤ ਸਿੰਘ ਦੀ ਦੇਹ ਨੂੰ ਭਾਰਤੀ ਫੌਜ਼ ਦੀ ਟੁਕੜੀ ਨੇ ਸਲਾਮੀ ਨਾਲ ਸ਼ਰਧਾਂਜਲੀ ਤਾਂ ਦਿੱਤੀ ਪਰ ਜ਼ਿਲਾ ਤਰਨ ਤਾਰਨ ਦਾ ਕੋਈ ਵੀ ਪ੍ਰਸ਼ਾਸ਼ਨ ਅਧਿਕਾਰੀ ਪਰਿਵਾਰ ਦੇ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਨਹੀਂ ਪੁੱਜਿਆ।


Related News