ਮੋਟਰਸਾਈਕਲ ਅਤੇ ਛੋਟੇ ਹਾਥੀ ਦੀ ਟੱਕਰ ''ਚ ਮਾਂ-ਪੁੱਤਰ ਦੀ ਮੌਤ

Sunday, Jun 07, 2020 - 09:56 PM (IST)

ਮੋਟਰਸਾਈਕਲ ਅਤੇ ਛੋਟੇ ਹਾਥੀ ਦੀ ਟੱਕਰ ''ਚ ਮਾਂ-ਪੁੱਤਰ ਦੀ ਮੌਤ

ਮਮਦੋਟ,(ਸ਼ਰਮਾ, ਜਸਵੰਤ)– ਫਿਰੋਜ਼ਪੁਰ-ਸ਼੍ਰੀ ਮੁਕਤਸਰ ਸਾਹਿਬ ਜੀ. ਟੀ. ਰੋਡ 'ਤੇ ਸਟਾਰ ਪੈਲੇਸ ਦੇ ਨਜ਼ਦੀਕ ਅੱਜ ਸਵੇਰੇ ਕਰੀਬ ਸਵਾ ਦਸ ਵਜੇ ਛੋਟੇ ਹਾਥੀ ਅਤੇ ਮੋਟਰਸਾਈਕਲ ਵਿਚਾਲੇ ਵਾਪਰੇ ਭਿਆਨਕ ਸੜਕੀ ਹਾਦਸੇ 'ਚ ਮੋਟਰਸਾਈਕਲ ਸਵਾਰ ਮਾਂ-ਪੁੱਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਤਿੰਨ ਸਾਲਾ ਬੱਚੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ 'ਚ ਭਰਤੀ ਕਰਾਇਆ ਗਿਆ। ਉਧਰ ਥਾਣਾ ਮਮਦੋਟ ਦੀ ਪੁਲਸ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਸਿਵਲ ਹਸਪਤਾਲ 'ਚ ਭੇਜ ਦਿੱਤਾ ਹੈ ਅਤੇ ਛੋਟੇ ਹਾਥੀ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੌਰਤਲਬ ਹੈ ਕਿ ਛੋਟੇ ਹਾਥੀ ਦਾ ਚਾਲਕ ਘਟਨਾ ਨੂੰ ਅੰਜ਼ਾਮ ਦੇਣ ਪਿੱਛੋਂ ਫਰਾਰ ਹੋ ਗਿਆ ।
ਸ਼ਿਕਾਇਤਕਰਤਾ ਜਗਸੀਰ ਪੁੱਤਰ ਕਾਲਾ ਰਾਮ ਵਾਸੀ ਬਾਂਸੀ ਗੇਟ, ਬਸਤੀ ਗੋਲਬਾਗ ਫਿਰੋਜ਼ਪੁਰ ਨੇ ਮਮਦੋਟ ਪੁਲਸ ਕੋਲ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਅੱਜ ਸਵੇਰੇ ਉਸ ਦਾ ਸਾਲਾ ਵਰਿੰਦਰ ਪੁੱਤਰ ਅਨੈਤ ਅਤੇ ਉਸ ਦੀ ਮਾਤਾ ਜੋਗਿੰਦਰ ਕੌਰ ਆਪਣੀ ਤਿੰਨ ਸਾਲਾ ਪੋਤੀ ਦਿਲਕਸ਼ ਨਾਲ ਮੋਟਰਸਾਈਕਲ 'ਤੇ ਜਾ ਰਹੇ ਸਨ ਕਿ ਸ੍ਰੀ ਮੁਕਤਸਰ ਸਾਹਿਬ ਵੱਲੋਂ ਤੇਜ਼ ਰਫਤਾਰ ਨਾਲ ਆ ਰਹੇ ਛੋਟੇ ਹਾਥੀ ਮੈਕਸੀ ਮਹਿੰਦਰਾ ਦੇ ਚਾਲਕ ਗੁਰਮੇਲ ਪੁੱਤਰ ਜਵਾਹਰ ਵਾਸੀ ਬਠਿੰਡਾ ਨੇ ਲਾਪ੍ਰਵਾਹੀ ਨਾਲ ਗਲਤ ਦਿਸ਼ਾ 'ਚ ਉਨ੍ਹਾਂ 'ਚ ਮਾਰਿਆ, ਜਿਸ ਨਾਲ ਮੇਰੀ ਸੱਸ ਜੋਗਿੰਦਰ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸਾਲੇ ਵਰਿੰਦਰ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ। ਜਿਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ।

ਉਧਰ ਥਾਣਾ ਮਮਦੋਟ ਦੇ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਫਿਰੋਜ਼ਪੁਰ ਵਿਖੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ ਅਤੇ ਛੋਟੇ ਹਾਥੀ ਦੇ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Bharat Thapa

Content Editor

Related News