ਮਾਂ-ਪੁੱਤ ਦੇ ਕਾਰੇ ਨੂੰ ਜਾਣ ਹੋਵੋਗੇ ਹੈਰਾਨ, ਨੀਗਰੋ ਗਰੁੱਪ ਨਾਲ ਜੁੜ ਪੰਜਾਬ 'ਚ ਇੰਝ ਚਲਾਉਂਦੇ ਰਹੇ ਹੈਰੋਇਨ ਦਾ ਧੰਦਾ
Wednesday, Dec 28, 2022 - 02:02 PM (IST)
ਜਲੰਧਰ (ਵਰੁਣ)–ਅਰਬਨ ਅਸਟੇਟ ਫੇਜ਼-2 ਵਿਚ ਐੱਨ. ਸੀ. ਬੀ. ਵੱਲੋਂ ਰੇਡ ਕਰਕੇ ਅੱਧਾ ਕਿਲੋ ਹੈਰੋਇਨ ਨਾਲ ਫੜੇ ਮਾਂ-ਬੇਟੇ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਮਾਂ-ਬੇਟਾ ਦਿੱਲੀ ਦੇ ਨੀਗਰੋ ਗਰੁੱਪ ਨਾਲ ਜੁੜੇ ਸਨ ਅਤੇ ਦਿੱਲੀ ਤੋਂ ਹੈਰੋਇਨ ਲਿਆ ਕੇ ਜਲੰਧਰ ਹੀ ਨਹੀਂ, ਸਗੋਂ ਪੰਜਾਬ ਭਰ ਵਿਚ ਸਪਲਾਈ ਦੇ ਰਹੇ ਸਨ। ਐੱਨ. ਸੀ. ਬੀ. ਨੇ ਮਾਂ-ਬੇਟੇ ਨੂੰ ਪੂਰੀ ਰਾਤ ਸਪੈਸ਼ਲ ਆਪ੍ਰੇਸ਼ਨ ਯੂਨਿਟ ਵਿਚ ਰੱਖਿਆ। ਦੋਵਾਂ ਨੂੰ ਰਿਮਾਂਡ ’ਤੇ ਲੈ ਕੇ ਐੱਨ. ਸੀ. ਬੀ. ਦਿੱਲੀ ਲਈ ਰਵਾਨਾ ਹੋ ਚੁੱਕੀ ਹੈ। ਐੱਨ. ਸੀ. ਬੀ. ਦੀ ਜਾਂਚ ਵਿਚ ਪਤਾ ਲੱਗਾ ਕਿ ਗ੍ਰਿਫ਼ਤਾਰ ਔਰਤ ਨਵਦੀਪ ਕੌਰ ਡਰੱਗਜ਼ ਦੇ ਮਾਮਲੇ ਵਿਚ ਮਈ ਮਹੀਨੇ ਸਜ਼ਾ ਕੱਟ ਕੇ ਬਾਹਰ ਆਈ ਸੀ। ਉਸ ਦੇ ਜੇਲ੍ਹ ਵਿਚ ਹੋਰ ਜ਼ਿਆਦਾ ਸੈੱਲ ਬਣ ਗਏ ਅਤੇ ਬਾਹਰ ਆ ਕੇ ਆਪਣੇ ਬੇਟੇ ਨਵਜੋਤ ਨਵੀ ਨਾਲ ਮਿਲ ਕੇ ਦਿੱਲੀ ਦੇ ਨੀਗਰੋ ਗਰੁੱਪ ਤੋਂ ਹੈਰੋਇਨ ਖ਼ਰੀਦ ਕੇ ਵੇਚਣ ਲੱਗੀ। ਨਵਦੀਪ ਕੌਰ ਦਾ ਪਤੀ ਵੀ ਡਰੱਗਜ਼ ਵੇਚਦਾ ਸੀ, ਜਿਹੜਾ ਇਸ ਸਮੇਂ ਉਨ੍ਹਾਂ ਦੇ ਟੱਚ ਵਿਚ ਨਹੀਂ ਹੈ ਪਰ ਵਿਦੇਸ਼ ਵਿਚ ਰਹਿ ਰਿਹਾ ਹੈ। ਨਵੀ ਕੋਲੋਂ ਇਕ ਪਿਸਟਲ ਵੀ ਬਰਾਮਦ ਹੋਈ ਹੈ, ਜਿਹੜੀ ਨਾਜਾਇਜ਼ ਹੈ।
ਇਸ ਤੋਂ ਇਲਾਵਾ ਨਵੀ ਤੋਂ ਅਫੀਮ ਵੀ ਮਿਲੀ ਹੈ, ਜਿਹੜੀ ਉਹ ਖ਼ੁਦ ਖਾਂਦਾ ਸੀ। ਐੱਨ. ਸੀ . ਬੀ. ਪੂਰੇ ਨੈੱਟਵਰਕ ਨੂੰ ਬ੍ਰੇਕ ਕਰਨ ਲਈ ਦੋਵਾਂ ਨੂੰ ਦਿੱਲੀ ਲਿਜਾਣ ਲਈ ਰਵਾਨਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਂ-ਬੇਟੇ ਕੋਲ ਵੱਡੀ ਮਾਤਰਾ ਵਿਚ ਹੈਰੋਇਨ ਹੋਣ ਦੀ ਇਨਪੁੱਟ ’ਤੇ ਐੱਨ. ਸੀ. ਬੀ. ਨੇ ਇਹ ਰੇਡ ਕੀਤੀ ਸੀ।
ਦੱਸਣਯੋਗ ਹੈ ਕਿ ਐੱਨ. ਸੀ. ਬੀ. ਨੇ ਸੋਮਵਾਰ ਤੜਕੇ ਅਰਬਨ ਅਸਟੇਟ ਫੇਜ਼-2 ਵਿਚ ਇਕ ਐੱਨ. ਆਰ. ਆਈ. ਦੀ ਕੋਠੀ ਵਿਚ ਰੇਡ ਕਰਕੇ ਕਿਰਾਏ ’ਤੇ ਰਹਿ ਰਹੇ ਮਾਂ-ਬੇਟੇ ਨੂੰ ਗ੍ਰਿਫ਼ਤਾਰ ਕੀਤਾ ਸੀ। ਘਰ ਵਿਚ ਅਲਮਾਰੀ ਦੀ ਤਲਾਸ਼ੀ ਲੈਣ ’ਤੇ ਐੱਨ. ਸੀ. ਬੀ. ਨੇ ਅੱਧਾ ਕਿਲੋ ਹੈਰੋਇਨ ਬਰਾਮਦ ਕੀਤੀ ਸੀ, ਜਿਸ ਦੀ ਕੀਮਤ ਢਾਈ ਕਰੋੜ ਦੇ ਨੇੜੇ-ਤੇੜੇ ਹੈ।
ਇਹ ਵੀ ਪੜ੍ਹੋ : ਅਲਵਿਦਾ 2022: ਦੇਸ਼-ਵਿਦੇਸ਼ ’ਚ ਮਸ਼ਹੂਰ ਹੋਇਆ ਜਲੰਧਰ ਦਾ 'ਲਤੀਫ਼ਪੁਰਾ', ਕਈਆਂ ਨੇ ਵੰਡਾਇਆ ਬੇਘਰ ਲੋਕਾਂ ਨਾਲ ਦੁੱਖ਼
ਪੁਰਾਣਾ ਬਲੈਕਮੇਲਰ ਰਹਿ ਚੁੱਕਾ ਹੈ ਗ੍ਰਿਫ਼ਤਾਰ ਔਰਤ ਦਾ ਪਤੀ
ਸੂਤਰਾਂ ਦੀ ਮੰਨੀਏ ਤਾਂ ਨਵਦੀਪ ਕੌਰ ਦਾ ਪਤੀ ਹਰਜਿੰਦਰ ਸਿੰਘ ਕਾਫ਼ੀ ਪੁਰਾਣਾ ਬਲੈਕਮੇਲਰ ਹੈ, ਜਿਹੜਾ ਪਾਕਿਸਤਾਨ ਤੋਂ ਆਉਣ ਵਾਲੀ ਹੈਰੋਇਨ ਸਪਲਾਈ ਕਰਦਾ ਸੀ। ਪਤੀ ਦੇ ਇਸ ਕਾਰੋਬਾਰ ਬਾਰੇ ਨਵਦੀਪ ਕੌਰ ਚੰਗੀ ਤਰ੍ਹਾਂ ਵਾਕਿਫ ਸੀ ਕਿਉਂਕਿ ਜਦੋਂ ਦੋਵਾਂ ਵਿਚ ਕੋਈ ਵਿਵਾਦ ਨਹੀਂ ਸੀ ਤਾਂ ਉਹ ਪੈਸੇ ਲੈ ਕੇ ਸਪਲਾਈ ਕਰਨ ਦਾ ਢੰਗ ਉਸ ਨੂੰ ਦੱਸਦਾ ਰਹਿੰਦਾ ਸੀ। ਅਣਬਣ ਹੋਣ ਤੋਂ ਬਾਅਦ ਨਵਦੀਪ ਨੇ ਆਪਣਾ ਪੁਰਾਣਾ ਨੈੱਟਵਰਕ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਲਗਭਗ 3 ਸਾਲ ਪਹਿਲਾਂ ਜਦੋਂ ਨਸ਼ੇ ਨਾਲ ਫੜੀ ਗਈ ਤਾਂ ਜੇਲ੍ਹ ਵਿਚ ਉਸ ਨੇ ਵੱਡੇ ਨੈੱਟਵਰਕ ਨਾਲ ਹੱਥ ਮਿਲਾ ਕੇ ਜ਼ਿਆਦਾ ਮਾਤਰਾ ਵਿਚ ਹੈਰੋਇਨ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਸੁਖਬੀਰ ਨੂੰ ਲੋਕ ਘਰੋਂ ਬਾਹਰ ਨਹੀਂ ਨਿਕਲਣ ਦਿੰਦੇ ਸਨ, ਅਸੀਂ 24 ਘੰਟੇ ਕਰ ਰਹੇ ਹਾਂ ਜਨਤਾ ਦੀ ਸੇਵਾ: ਗੁਰਮੀਤ ਖੁੱਡੀਆਂ
ਰੇਡ ਨੂੰ ਲੈ ਕੇ ਐੱਨ. ਸੀ. ਬੀ. ਨੇ ਬਣਾਈ ਥਾਣਾ ਨੰਬਰ 7 ਤੋਂ ਦੂਰੀ
ਹੈਰਾਨੀ ਦੀ ਗੱਲ ਹੈ ਕਿ ਅਰਬਨ ਅਸਟੇਟ ਫੇਜ਼-2 ਥਾਣਾ ਨੰਬਰ 7 ਅਧੀਨ ਆਉਂਦਾ ਹੈ ਪਰ ਐੱਨ. ਸੀ. ਬੀ. ਨੇ ਥਾਣਾ ਨੰਬਰ 7 ਤੋਂ ਪੁਲਸ ਪਾਰਟੀ ਲਿਜਾਣ ਦੀ ਥਾਂ ਰੇਡ ਦੀ ਲੀਕੇਜ ਨੂੰ ਰੋਕਣ ਲਈ ਸਪੈਸ਼ਲ ਆਪ੍ਰੇਸ਼ਨ ਯੂਨਿਟ ਨੂੰ ਚੁਣਿਆ। ਥਾਣਾ ਨੰਬਰ 7 ਦੀ ਪੁਲਸ ਤੋਂ ਲੈ ਕੇ ਏ. ਸੀ. ਪੀ. ਮਾਡਲ ਟਾਊਨ ਨੂੰ ਇਸ ਰੇਡ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਰੇਡ ਤੋਂ ਬਾਅਦ ਉਨ੍ਹਾਂ ਕੋਈ ਸਟੇਟਮੈਂਟ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਐੱਨ. ਸੀ. ਬੀ. ਦੀ ਟੀਮ ਨੇ ਸਪੈਸ਼ਲ ਆਪ੍ਰੇਸ਼ਨ ਯੂਨਿਟ ਦੀ ਟੀਮ ਨੂੰ ਨਾਲ ਲਿਜਾਣ ਲਈ ਉੱਚ ਅਧਿਕਾਰੀਆਂ ਨਾਲ ਪਹਿਲਾਂ ਹੀ ਗੱਲ ਕਰ ਲਈ ਸੀ।
ਇਹ ਵੀ ਪੜ੍ਹੋ : ਕਤਲ ਕੀਤੇ 2 ਭਰਾਵਾਂ ਦਾ ਇਕੱਠਿਆਂ ਹੋਇਆ ਅੰਤਿਮ ਸੰਸਕਾਰ, ਜਵਾਨ ਪੁੱਤਾਂ ਦੀਆਂ ਲਾਸ਼ਾਂ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ