ਮਾਂ-ਧੀ ਦਾ ਕੀਤਾ ਸੀ ਬੇਰਹਿਮੀ ਨਾਲ ਕਤਲ, ਅਦਾਲਤ ਨੇ ਦੋਸ਼ੀ ਵੱਲੋਂ ਦਾਇਰ ਪਟੀਸ਼ਨ ਕੀਤੀ ਖਾਰਿਜ
Wednesday, Nov 08, 2017 - 12:46 PM (IST)

ਹੁਸ਼ਿਆਰਪੁਰ (ਅਮਰਿੰਦਰ)— ਸ਼ਹਿਰ ਦੇ ਸ਼ਿਮਲਾ ਪਹਾੜੀ ਇਲਾਕੇ 'ਚ 21 ਸਤੰਬਰ 2010 ਨੂੰ ਦਿਨ-ਦਿਹਾੜੇ ਮਾਂ ਪੂਰਨਿਮਾ ਪੁਰੀ ਅਤੇ ਧੀ ਰੋਹਿਨੀ ਪੁਰੀ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ੀ ਰਾਹੁਲ ਯਾਦਵ ਵਾਸੀ ਦਿੱਲੀ ਦੇ ਮਾਮਲੇ ਦੀ ਸੁਣਵਾਈ ਮੰਗਲਵਾਰ ਜ਼ਿਲਾ ਅਤੇ ਸੈਸ਼ਨ ਜੱਜ ਪ੍ਰਿਆ ਸੂਦ ਦੀ ਅਦਾਲਤ 'ਚ ਹੋਈ। ਅਦਾਲਤ ਨੇ ਦੋਸ਼ੀ ਰਾਹੁਲ ਯਾਦਵ ਵੱਲੋਂ ਦਾਇਰ ਪਟੀਸ਼ਨ ਨੂੰ ਖਾਰਿਜ ਕਰਦਿਆਂ ਜੁਵੇਨਾਈਲ ਜੇਲ ਭੇਜਣ ਲਈ ਹਿਰਾਸਤ 'ਚ ਲੈਣ ਦੇ ਹੁਕਮ ਦਿੱਤੇ। ਅਦਾਲਤ ਦੇ ਹੁਕਮਾਂ ਅਨੁਸਾਰ ਰਾਹੁਲ ਯਾਦਵ ਨੂੰ ਹੇਠਲੀ ਅਦਾਲਤ ਤੋਂ ਮਿਲੀ 3 ਸਾਲ ਦੀ ਸਜ਼ਾ ਕੱਟਣੀ ਪਵੇਗੀ। ਵਰਣਨਯੋਗ ਹੈ ਕਿ ਇਸ ਦੋਹਰੇ ਕਤਲ ਕਾਂਡ 'ਚ ਜੁਵੇਨਾਈਲ ਅਦਾਲਤ ਵੱਲੋਂ ਦੋਸ਼ੀ ਰਾਹੁਲ ਮੰਨਣ ਤੇ ਰਾਹੁਲ ਯਾਦਵ ਵਾਸੀ ਬੁਰਾੜੀ ਦਿੱਲੀ ਨੂੰ 3-3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦਕਿ ਇਕ ਦੋਸ਼ੀ ਮੋਹਣ ਸਿੰਘ ਅਜੇ ਫਰਾਰ ਚੱਲ ਰਿਹਾ ਹੈ।
ਰਾਹੁਲ ਮੰਨਣ ਸਜ਼ਾ ਭੁਗਤ ਕੇ ਜੇਲ 'ਚੋਂ ਰਿਹਾਅ ਹੋ ਚੁੱਕਾ ਹੈ ਅਤੇ ਰਾਹੁਲ ਯਾਦਵ ਨੇ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਸੈਸ਼ਨ ਕੋਰਟ 'ਚ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਮੰਗਲਵਾਰ ਅਦਾਲਤ ਨੇ ਖਾਰਿਜ ਕਰ ਦਿੱਤਾ। ਅਦਾਲਤ ਦੇ ਬਾਹਰ ਮ੍ਰਿਤਕਾ ਪੂਰਨਿਮਾ ਪੁਰੀ ਦੇ ਪਤੀ ਰਾਕੇਸ਼ ਮੋਹਣ ਪੁਰੀ ਨੇ ਕਿਹਾ ਕਿ ਮੇਰੀ ਧੀ ਅਤੇ ਪਤਨੀ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਸੀ।