ਸਾਬਕਾ ਮੰਤਰੀ ਧਰਮਸੋਤ ਦੇ ਪੁੱਤਰ ਨੇ ਅਦਾਲਤ ’ਚ ਕੀਤਾ ਆਤਮ ਸਮਰਪਣ
Wednesday, Sep 17, 2025 - 03:42 PM (IST)

ਮੋਹਾਲੀ (ਜੱਸੀ) : ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾ੍ਦ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਤਹਿਤ ਦਰਜ ਮਾਮਲੇ ’ਚ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਅਦਾਲਤ ’ਚ ਆਤਮ ਸਮਰਪਣ ਕਰ ਦਿੱਤਾ। ਅਦਾਲਤ ਵੱਲੋਂ ਮੌਕੇ ’ਤੇ ਹੀ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਗਈ ਹੈ ਅਤੇ ਧਰਮਸੋਤ ਦੀ ਪਤਨੀ ਸ਼ੀਲਾ ਦੇਵੀ ਅਤੇ ਦੂਜੇ ਪੁੱਤਰ ਹਰਪ੍ਰੀਤ ਸਿੰਘ ਨੂੰ 30 ਸਤੰਬਰ ਨੂੰ ਅਦਾਲਤ ’ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਹਨ। ਵਿਜੀਲੈਂਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ’ਚ ਦੋਸ਼ ਲਾਇਆ ਗਿਆ ਹੈ ਕਿ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਕੀਤੀ ਆਮਦਨ 'ਤੇ ਕੀਤੇ ਗਏ ਖ਼ਰਚ ਦਾ ਚਾਰਟ 1 ਮਾਰਚ 2016 ਤੋਂ 31 ਮਾਰਚ 2022 ਤੱਕ ਦੀ ਜਾਂਚ ਮਿਆਦ ਦੇ ਸਬੰਧ ’ਚ ਜਾਇਦਾਦਾਂ ਦਾ ਪਤਾ ਲਾਉਣ ਲਈ ਤਿਆਰ ਕੀਤਾ ਗਿਆ ਹੈ, ਜਿਸ ਮੁਤਾਬਕ ਸਾਧੂ ਸਿੰਘ ਧਰਮਸੋਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਇਸ ਦੌਰਾਨ 2,37,12,596.48 ਰੁਪਏ ਦੀ ਆਮਦਨ ਕੀਤੀ।
ਇਸ ਚੈੱਕ ਪੀਰੀਅਡ ਦੌਰਾਨ 8,76,30,888.87 ਰੁਪਏ ਦਾ ਖ਼ਰਚਾ ਕੀਤਾ ਸੀ। ਇਸ ਤਰ੍ਹਾਂ ਧਰਮਸੋਤ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੀ ਆਮਦਨ ਦੇ ਸਰੋਤਾਂ ਤੋਂ ਵੱਧ 6,39,18,292.39 ਰੁਪਏ ਖ਼ਰਚ ਕੀਤੇ ਹਨ ਅਤੇ ਇਸ ਤਰ੍ਹਾਂ ਭ੍ਰਿਸ਼ਟਾਚਾਰ ਰੋਕਥਾਮ ਐਕਟ, 1988 ਦੀ ਧਾਰਾ 13 (1) (2) ਨਾਲ 13(2) ਤਹਿਤ ਕਥਿਤ ਅਪਰਾਧ ਕੀਤੇ ਹਨ। ਜਾਂਚ ਦੌਰਾਨ ਇਹ ਵੀ ਰਿਕਾਰਡ ’ਤੇ ਆਇਆ ਹੈ ਕਿ ਪਟੀਸ਼ਨਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਨਾਂ ’ਤੇ ਜਾਇਦਾਦਾਂ ਇਕੱਠੀਆਂ ਕੀਤੀਆਂ ਹਨ, ਜੋ ਕਥਿਤ ਤੌਰ ’ਤੇ ਉਨ੍ਹਾਂ ਦੀ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਦੇ ਅਨੁਪਾਤ ਤੋਂ ਘੱਟ ਹਨ।
ਦੋਸ਼ਾਂ ਮੁਤਾਬਕ ਸਾਧੂ ਸਿੰਘ ਧਰਮਸੋਤ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਜੀ.ਐੱਮ. ਨਾਗਪਾਲ ਦੇ ਪੁੱਤਰ ਰਾਜ ਕੁਮਾਰ ਤੋਂ 500 ਵਰਗ ਗਜ਼ ਦਾ ਇਕ ਪਲਾਟ 25,00,000 ਰੁਪਏ ਦੀ ਦਰ ਨਾਲ ਖ਼ਰੀਦਿਆ ਹੈ, ਜੋ ਕਿ ਉਸ ਨੇ ਆਪਣੇ ਬੈਂਕ ਖਾਤੇ ਤੋਂ ਉਪਰੋਕਤ ਵਿਕਰੇਤਾ ਰਾਜ ਕੁਮਾਰ ਨੂੰ ਅਦਾ ਕੀਤਾ ਸੀ। ਮੋਹਾਲੀ ਵਿਚ ਅਜਿਹੀਆਂ ਜਾਇਦਾਦਾਂ ਦਾ ਕੁਲੈਕਟਰ ਰੇਟ 20,000 ਰੁਪਏ ਪ੍ਰਤੀ ਵਰਗ ਗਜ਼ ਹੋਣ ਦੇ ਬਾਵਜੂਦ, ਜੋ ਕਿ ਅਜਿਹੇ 500 ਵਰਗ ਗਜ਼ ਪਲਾਟ ਲਈ 1,00,00,000 ਰੁਪਏ ਬਣਦਾ ਹੈ, ਹਰਪ੍ਰੀਤ ਸਿੰਘ ਨੇ ਇਸ ਨੂੰ ਸਿਰਫ਼ 25,00,000 ਰੁਪਏ ਦੀ ਬਹੁਤ ਘੱਟ ਮੁੱਲ ਵਾਲੀ ਦਰ ’ਤੇ ਖ਼ਰੀਦਿਆ ਹੈ, ਜੋ ਕਿ ਸ਼ੱਕ ਨੂੰ ਹੋਰ ਦਰਸਾਉਂਦਾ ਹੈ। ਧਰਮਸੋਤ ਦੇ ਦੂਜੇ ਪੁੱਤਰ ਗੁਰਪ੍ਰੀਤ ਸਿੰਘ ਵੱਲੋਂ ਖ਼ਰੀਦੇ ਗਏ 500 ਵਰਗ ਗਜ਼ ਦੇ ਪਲਾਟ ਦੇ ਸਬੰਧ ’ਚ ਵੀ ਇਹੀ ਮਾਮਲਾ ਸਾਹਮਣੇ ਆਇਆ ਹੈ, ਜੋ ਕਿ ਇਕ ਸ਼ੱਕੀ ਜ਼ਮੀਨ ਖ਼ਰੀਦ ਸੌਦਾ ਜਾਪਦਾ ਹੈ।