ਗਮ ''ਚ ਬਦਲੀਆਂ ਖੁਸ਼ੀਆਂ, ਬੱਚੀ ਨੂੰ ਜਨਮ ਦਿੰਦਿਆਂ ਹੀ ਮਾਂ ਸਮੇਤ ਦੋਹਾਂ ਦੀ ਹੋਈ ਮੌਤ
Wednesday, Dec 06, 2017 - 06:57 PM (IST)

ਨਕੋਦਰ— ਇਥੋਂ ਦੇ ਸਿਵਲ ਹਸਪਤਾਲ 'ਚ ਡਿਲੀਵਰੀ ਦੌਰਾਨ ਗਰਭਵਤੀ ਮਹਿਲਾ ਅਤੇ ਨਵਜੰਮ੍ਹੇ ਬੱਚੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਪ੍ਰਿਅੰਕਾ ਪਤਨੀ ਅਮਿਤ ਕੁਮਾਰ ਵਾਸੀ ਨਕੋਦਰ ਦੇ ਰੂਪ 'ਚ ਹੋਈ ਹੈ। ਅਮਿਤ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਅਤੇ ਬੱਚੇ ਦੀ ਮੌਤ ਲਈ ਪੂਰੀ ਤਰ੍ਹਾਂ ਸਰਕਾਰੀ ਹਸਪਤਾਲ ਦੇ ਡਾਕਟਰ ਅਤੇ ਉਥੋਂ ਦਾ ਸਟਾਫ ਜ਼ਿੰਮੇਵਾਰ ਹੈ। ਅਮਿਤ ਨੇ ਸੀਨੀਅਰ ਮੈਡੀਕਲ ਅਫਸਰ ਡਾ. ਵਰਿੰਦਰ ਜਗਤ ਨੂੰ ਲਿਖਤੀ ਸ਼ਿਕਾਇਤ 'ਚ ਦੱਸਿਆ ਕਿ 4 ਦਸੰਬਰ ਸਵੇਰ 3 ਵਜੇ ਉਹ ਆਪਣੀ ਪਤਨੀ ਪ੍ਰਿਅੰਕਾ ਨੂੰ ਡਿਲੀਵਰੀ ਲਈ ਲੈ ਆਏ ਸਨ। ਇਥੇ ਪਹੁੰਚਣ 'ਤੇ ਡਾਕਟਰ ਨੇ ਕਿਹਾ ਕਿ ਆਪਰੇਸ਼ਨ ਕਰਨਾ ਹੋਵੇਗਾ ਪਰ ਆਪਰੇਸ਼ਨ ਨਹੀਂ ਹੋਇਆ। ਦੁਪਹਿਰ 1 ਵਜੇ ਦੇ ਕਰੀਬ ਡਾਕਟਰਾਂ ਨੇ ਨਾਰਮਲ ਡਿਲੀਵਰੀ ਕੀਤੀ ਅਤੇ ਇਕ ਬੇਟੀ ਦਾ ਜਨਮ ਹੋਇਆ। ਬੱਚੀ ਸੌਂਪਦੇ ਹੋਏ ਡਾਕਟਰਾਂ ਨੇ ਕਿਹਾ ਕਿ ਬੱਚੀ ਰੋ ਨਹੀਂ ਰਹੀ ਹੈ, ਇਸ ਨੂੰ ਜਲੰਧਰ ਲੈ ਜਾਓ। ਜਦੋਂ ਉਹ ਜਲੰਧਰ ਪਹੁੰਚੇ ਤਾਂ ਡਾਕਟਰਾਂ ਨੇ ਬੱਚੀ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਸ਼ਾਮ ਨੂੰ ਸਿਵਲ ਹਸਪਤਾਲ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਦੀ ਵੀ ਮੌਤ ਹੋ ਗਈ। ਨਕੋਦਰ ਦੇ ਮੁਹੱਲਾ ਰਹਿਮਾਨਪੁਰਾ 'ਚ ਰਹਿਣ ਵਾਲੇ ਅਮਿਤ ਕੁਮਾਰ ਯਾਦਵ ਮਾਰਬਲ ਸ਼ਾਪ 'ਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਲੇਡੀ ਡਾਕਟਰ ਅਵਨੀਸ਼ ਗੁਪਤਾ ਦੇ ਨਾਲ ਸਟਾਫ ਦੇ ਨਾਲ ਪਤਨੀ ਦੀ ਡਿਲੀਵਰੀ ਕਰਵਾਈ ਸੀ। ਜਲੰਧਰ 'ਚ ਡਾਕਟਰਾਂ ਵੱਲੋਂ ਬੱਚੀ ਨੂੰ ਮ੍ਰਿਤਕ ਐਲਾਨ ਕਰਕੇ 'ਤੇ ਵਾਪਸ ਜਦੋਂ ਉਹ ਨਕੋਦਰ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਕਿਹਾ ਕਿ ਪ੍ਰਿਅੰਕਾ ਦੀ ਹਾਲਤ ਸੀਰੀਅਸ ਹੈ। ਤੁਰੰਤ ਖੂਨ ਚੜ੍ਹਾਉਣਾ ਪਵੇਗਾ। ਉਨ੍ਹਾਂ ਨੇ ਖੂਨ ਦਾ ਬੰਦੋਬਸਤ ਕੀਤਾ ਪਰ ਕੁਝ ਦੇਰ ਬਾਅਦ ਹੀ ਉਸ ਨੇ ਦਮ ਤੋੜ ਦਿੱਤਾ। ਅਮਿਤ ਨੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਅਮਿਤ ਵੱਲੋਂ ਸ਼ਿਕਾਇਤ ਕਰਨ 'ਤੇ ਵਰਿੰਦਰ ਜਗਤ ਨੇ ਤਿੰਨ ਮੈਂਬਰੀ ਜਾਂਚ ਬੋਰਡ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਸੋਨੂੰ ਪਾਲ, ਡਾ. ਅੰਜੂ ਗੁਪਤਾ ਅਤੇ ਡਾ. ਬਲਬੀਰ ਪੂਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਸੌਂਪਣਗੇ। ਇਲਾਜ 'ਚ ਲਾਪਰਵਾਹੀ ਪਾਏ ਜਾਣ 'ਤੇ ਸਖਤ ਐਕਸ਼ਨ ਲਿਆ ਜਾਵੇਗਾ।