ਆਪਣੇ ਜਾਇਆਂ ਹੱਥੋਂ ਦਮ ਤੋੜ ਰਹੀ ਧਰਤੀ ਮਾਂ , ਖੇਤੀਬਾੜੀ ਵਿਭਾਗ ਬੇਫਿਕਰ

Monday, Jan 22, 2018 - 06:08 AM (IST)

ਆਪਣੇ ਜਾਇਆਂ ਹੱਥੋਂ ਦਮ ਤੋੜ ਰਹੀ ਧਰਤੀ ਮਾਂ , ਖੇਤੀਬਾੜੀ ਵਿਭਾਗ ਬੇਫਿਕਰ

ਜ਼ੀਰਾ/ਫਿਰੋਜ਼ਪੁਰ, (ਅਕਾਲੀਆਂਵਾਲਾ)- ਇਸ ਨੂੰ ਜ਼ਹਿਰੀਲੀ ਨਾ ਕਰਨਾ ਇਹ ਮੇਰੇ ਵਤਨ ਦੀ ਮਿੱਟੀ ਹੈ। ਇਹ ਉਸ ਧਰਤੀ ਦੀ ਮਿੱਟੀ ਹੈ, ਜਿਸ ਧਰਤੀ ਨੂੰ ਸਾਡੇ ਮਹਾਨ ਗੁਰੂਆਂ-ਫਕੀਰਾਂ ਦੀ ਚਰਨ ਛੋਹ ਪ੍ਰਾਪਤ ਹੈ ਪਰ ਅੱਜ ਦੇ ਸਵਾਰਥਵਾਦੀ ਯੁੱਗ ਨੇ ਜਿਥੇ ਸਾਡੀ ਇਸ ਪਵਿੱਤਰ ਧਰਤੀ ਨੂੰ ਗੰਧਲਾ ਕਰ ਦਿੱਤਾ ਹੈ, ਉਥੇ ਇਸ ਧਰਤੀ 'ਤੇ ਕੁਦਰਤੀ ਖੇਤੀ ਕਰਨ ਤੋਂ ਧਰਤੀ ਮਾਂ ਦੇ ਇਨ੍ਹਾਂ ਪੁੱਤਰਾਂ ਨੇ ਟਾਲਾ ਵੱਟ ਲਿਆ ਹੈ। ਧਰਤੀ ਮਾਂ ਦੇ ਜਾਏ ਇਹ ਜੀਵ ਖੁਦ ਆਏ ਦਿਨ ਭਿਆਨਕ ਰੋਗਾਂ ਦੇ ਸ਼ਿਕਾਰ ਹੋ ਰਹੇ ਹਨ ਪਰ ਇਨ੍ਹਾਂ ਮਾਰੂ ਰੋਗਾਂ ਤੋਂ ਬਚਣ ਲਈ ਇਸ ਧਰਤੀ 'ਤੇ ਕੁਦਰਤੀ ਖੇਤੀ ਨਾ ਕਰ ਕੇ ਨਾ ਤਾਂ ਉਹ ਆਪਣਾ ਬਚਾਅ ਕਰ ਰਹੇ ਹਨ ਨਾ ਹੀ ਕਿਸੇ ਹੋਰ ਦੀ ਜ਼ਿੰਦਗੀ ਬਾਰੇ ਸੋਚ ਰਹੇ ਹਨ। ਜੇਕਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਦਾ ਖੇਤੀਬਾੜੀ ਵਿਭਾਗ ਵੀ ਇਸ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ। ਅਜਿਹਾ ਨਹੀਂ ਕਿ ਜ਼ਿਲੇ 'ਚ ਕੋਈ ਕਿਸਾਨ ਕੁਦਰਤੀ ਖੇਤੀ ਨਾਲ ਨਹੀਂ ਜੁੜਿਆ ਪਰ ਜੇਕਰ ਕੀਤੀ ਜਾ ਰਹੀ ਹੈ ਤਾਂ ਇਸ ਹੇਠਲੇ ਰਕਬੇ ਨੂੰ ਵਧਾਉਣ ਦੀ ਲੋੜ ਹੈ। 
ਜਗ ਬਾਣੀ ਵੱਲੋਂ ਦਮ ਤੋੜ ਰਹੀ ਕੁਦਰਤੀ ਖੇਤੀ ਬਾਰੇ ਲੋਕਾਂ ਦੀ ਰਾਏ ਤੇ ਇਸ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕੀਤੀ ਗਈ, ਪੇਸ਼ ਹਨ ਉਨ੍ਹਾਂ ਦੇ ਵਿਚਾਰ 
ਕਈ ਸਾਲਾਂ ਤੋਂ ਕੁਦਰਤੀ ਖੇਤੀ ਨਾਲ ਜੁੜਿਆ ਕਿਸਾਨ ਸਰਬਜੀਤ ਸਿੰਘ
ਮੱਖੂ ਲਾਗੇ ਸਥਿਤ ਪਿੰਡ ਤਲਨੰਡੀ ਨਿਪਾਲਾਂ ਦੇ ਕਿਸਾਨ ਸਰਬਜੀਤ ਸਿੰਘ ਵੱਲੋਂ ਮਾਨਵਤਾ ਦੇ ਭਲੇ ਲਈ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ। ਭਾਵੇਂ ਕਿ ਉਹ ਆਪਣੀ ਜ਼ਮੀਨ ਦੇ ਕੁਲ ਰਕਬੇ 'ਚੋਂ ਘੱਟ ਰਕਬੇ 'ਚ ਇਸ ਦੀ ਕਾਸ਼ਤ ਕਰਦਾ ਹੈ ਪਰ ਉਹ ਇਸ ਦੇ ਚੰਗੇ ਨਤੀਜੇ ਪ੍ਰਾਪਤ ਕਰਨ ਦੀ ਮੰਜ਼ਿਲ 'ਤੇ ਜ਼ਰੂਰ ਪੁੱਜਿਆ ਹੈ। ਉਸ ਦਾ ਕਹਿਣਾ ਹੈ ਕਿ ਪਹਿਲੇ ਸਾਲ ਇਸ ਖੇਤੀ 'ਚੋਂ ਆਮ ਉਪਜ ਦੇ ਮੁਕਾਬਲੇ 20 ਫੀਸਦੀ ਘੱਟ ਨਿਕਲੀ ਸੀ। ਦੂਸਰੇ ਸਾਲ ਅੱਧ ਤੱਕ ਹੀ ਇਹ ਉਪਜ ਰਹਿ ਗਈ ਸੀ। ਤੀਸਰੇ ਸਾਲ ਫਿਰ ਇਸ ਦੀ ਉਪਜ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਚੌਥੇ ਸਾਲ ਇਹ ਆਮ ਫਸਲਾਂ ਜਿੰਨੀ ਉਪਜ ਦੇਣ ਲੱਗ ਪਈ। ਇਸ ਵਾਰ ਵੀ ਇਸ ਦੀ ਫਸਲ ਭਰਪੂਰ ਨਜ਼ਰ ਆ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਇਸ ਜ਼ਰੀਏ ਪੈਦਾ ਹੋਣ ਵਾਲੀ ਕਣਕ ਸਰਕਾਰੀ ਰੇਟ ਤੋਂ 700 ਤੋਂ ਲੈ ਕੇ 1000 ਰੁਪਏ ਤੱਕ ਮਹਿੰਗੀ ਵੇਚਦਾ ਹੈ। ਉਸ ਨੇ ਕਿਹਾ ਕਿ ਉਹ ਖਾਦ ਤਿਆਰ ਕਰਨ ਲਈ ਗੰਡੋਇਆਂ ਦੀਆਂ ਪੇਟੀਆਂ ਮੁੱਲ ਖਰੀਦਦਾ ਹੈ ਤੇ ਇਸੇ ਖਾਦ ਨੂੰ ਇਸਤੇਮਾਲ ਕਰ ਕੇ ਵਧੀਆ ਉਪਜ ਪ੍ਰਾਪਤ ਕਰਦਾ ਹੈ ਤੇ ਸਪਰੇਅ ਕਰਨ ਲਈ ਉਹ ਖੱਟੀ ਲੱਸੀ, ਨਿੰਮ ਦੇ ਪੱਤੇ, ਲੋਹੇ ਦੇ ਨਟ ਬੂਲਟ ਤੇ ਕੋਪਰ ਤਾਰਾਂ ਦੀ ਵਰਤੋਂ ਕਰਦਾ ਹੈ।  
ਜ਼ਮੀਨੀ ਸਿਹਤ ਨੂੰ ਬਣਾਈ ਰੱਖਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾਂਭਣਾ ਲਾਭਦਾਇਕ
ਜ਼ਮੀਨੀ ਸਿਹਤ ਨੂੰ ਬਣਾਈ ਰੱਖਣ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤ 'ਚ ਹੀ ਸਾਂਭਣਾ ਬਹੁਤ ਲਾਭਦਾਇਕ ਹੈ ਪਰ ਅੱਜਕਲ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾ ਦਿੰਦੇ ਹਨ। ਇਸ ਨਾਲ ਸਿਰਫ ਵਾਤਾਵਰਣ ਹੀ ਪ੍ਰਦੂਸ਼ਿਤ ਨਹੀਂ ਹੁੰਦਾ ਹੈ, ਸਗੋਂ ਜ਼ਮੀਨ ਦੀ ਉਪਜਾਊ ਸ਼ਕਤੀ ਨਸ਼ਟ ਹੋਣ ਦੇ ਨਾਲ-ਨਾਲ ਕਿਸਾਨਾਂ ਦੇ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ। ਪੰਜਾਬ 'ਚ ਝੋਨਾ ਤਕਰੀਬਨ 28 ਲੱਖ ਹੈਕਟੇਅਰ ਰਕਬੇ 'ਚ ਬੀਜੀਆ ਜਾਂਦਾ ਹੈ, ਜਿਸ ਤੋਂ ਤਕਰੀਬਨ 200 ਲੱਖ ਟਨ ਪਰਾਲੀ ਪੈਦਾ ਹੁੰਦੀ ਹੈ। ਝੋਨੇ ਦੀ ਕਟਾਈ ਜ਼ਿਆਦਾਤਰ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ, ਜਿਸ ਕਰਕੇ ਬਹੁਤ ਵੱਡੀ ਮਾਤਰਾ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਖੇਤਾਂ 'ਚ ਹੀ ਸਾੜ ਦਿੱਤਾ ਜਾਂਦਾ ਹੈ ਪਰ ਪਰਾਲੀ ਨੂੰ ਸਾੜਨ ਨਾਲ ਲਗਭਗ 25 ਫੀਸਦੀ ਨਾਈਟਰੋਜਨ ਤੇ ਫਾਸਫੋਰਸ, 50 ਫੀਸਦੀ ਸਲਫਰ ਤੇ 75 ਫੀਸਦੀ ਪੋਟਾਸ਼ੀਅਮ ਜੋ ਕਿ ਫਸਲ ਮਿੱਟੀ 'ਚੋਂ ਗ੍ਰਹਿਣ ਕਰਦੀ ਹੈ, ਖਤਮ ਹੋ ਜਾਂਦੇ ਹਨ। 
'ਕੁਦਰਤੀ ਖੇਤੀ ਨਾਲ ਹੋਣ ਵਾਲੀਆਂ ਫਸਲਾਂ ਦੀ ਮਿਠਾਸ ਹੁੰਦੀ ਹੈ ਵੱਖਰੀ' 
ਪਿੰਡ ਸਾਧੂਵਾਲਾ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਵੀ ਕੁਦਰਤੀ ਖੇਤੀ ਨਾਲ ਕਾਫੀ ਸਮੇਂ ਤੋਂ ਜੁੜੇ ਹੋਏ ਹਨ। ਸੁਖਜਿੰਦਰ ਸਿੰਘ ਅਤੇ ਬਾਜ਼ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਕੁਦਰਤੀ ਖੇਤੀ ਨਾਲ ਹੋਣ ਵਾਲੀਆਂ ਫਸਲਾਂ ਦੀ ਮਿਠਾਸ ਵੱਖਰੀ ਹੁੰਦੀ ਹੈ। ਭਾਵੇਂ ਕਿ ਅਸੀਂ ਥੋੜ੍ਹੇ ਰਕਬੇ ਹੇਠ ਇਸ ਦੀ ਖੇਤੀ ਕਰਦੇ ਹਾਂ ਪਰ ਅਸੀਂ ਇਹ ਮਾਣ ਮਹਿਸੂਸ ਕਰਦੇ ਹਾਂ ਕਿ ਅਸੀਂ ਤੰਦਰੁਸਤ ਸਮਾਜ ਦੇ ਲਈ ਵੱਡਾ ਯੋਗਦਾਨ ਪਾ ਰਿਹਾ ਹੈ। ਜੇਕਰ ਹਰ ਕਿਸਾਨ ਇਸ ਖੇਤੀ ਨੂੰ ਅਪਣਾ ਲਵੇ ਤਾਂ ਚੰਗੀ ਕਮਾਈ ਦੇ ਨਾਲ-ਨਾਲ ਇਕ ਸਮਾਜਿਕ ਆਗੂ ਵੀ ਬਣ ਸਕਦਾ ਹੈ। 


Related News