ਫਾਲਟ ਦੀਆਂ 3 ਹਜ਼ਾਰ ਤੋਂ ਵਧ ਸ਼ਿਕਾਇਤਾਂ ਬਣੀਆਂ ਮੁਸੀਬਤ, ਗਰਮੀ ’ਚ 5-6 ਘੰਟੇ ਦੇ ਅਣਐਲਾਨੇ ਕੱਟਾਂ ਨਾਲ ਜਨਤਾ ਬੇਹਾਲ
Wednesday, May 24, 2023 - 10:47 AM (IST)
ਜਲੰਧਰ (ਪੁਨੀਤ)–ਕਹਿਰ ਵਰ੍ਹਾਅ ਰਹੀ ਗਰਮੀ ਵਿਚਕਾਰ ਲੱਗਣ ਵਾਲੇ ਅਣਐਲਾਨੇ ਕੱਟਾਂ ਨਾਲ ਜਨਤਾ ਬੇਹਾਲ ਹੈ। ਘੱਟ ਵੋਲਟੇਜ ਕਾਰਨ ਏ. ਸੀ. ਸਹੀ ਢੰਗ ਨਾਲ ਕੰਮ ਨਹੀਂ ਕਰ ਪਾ ਰਹੇ, ਜਿਸ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਿਚ ਇਜ਼ਾਫਾ ਹੋ ਰਿਹਾ ਹੈ। ਦੂਜੇ ਪਾਸੇ ਸਰਜੀਕਲ ਕੰਪਲੈਕਸ ਦੇ ਅਧੀਨ ਕੁਝ ਇਲਾਕਿਆਂ ਵਿਚ 4 ਘੰਟਿਆਂ ਤੋਂ ਵੱਧ ਸਮੇਂ ਤੱਕ ਬੰਦ ਰਹੀ ਬਿਜਲੀ ਕਾਰਨ ਇੰਡਸਟਰੀ ਦੀ ਪ੍ਰੋਡਕਸ਼ਨ ਵੀ ਪ੍ਰਭਾਵਿਤ ਹੋਈ ਹੈ। ਗਰਮੀ ਨਾਲ ਬਿਜਲੀ ਦੇ ਫਾਲਟ ਵਧਦੇ ਜਾ ਰਹੇ ਹਨ ਅਤੇ ਇਸ ਕਾਰਨ ਕਈ ਇਲਾਕਿਆਂ ਵਿਚ 5-6 ਘੰਟੇ ਤੱਕ ਲੱਗ ਰਹੇ ਅਣਐਲਾਨੇ ਕੱਟ ਭਿਆਨਕ ਗਰਮੀ ਵਿਚ ਜਨਤਾ ਲਈ ਬੇਹਾਲੀ ਦਾ ਕਾਰਨ ਬਣ ਰਹੇ ਹਨ। ਫਾਲਟ ਸਮੇਂ ’ਤੇ ਠੀਕ ਨਾ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਇਜ਼ਾਫਾ ਹੋ ਰਿਹਾ ਹੈ।
ਸਵੇਰ ਤੋਂ ਸ਼ੁਰੂ ਹੋਇਆ ਬਿਜਲੀ ਦੇ ਫਾਲਟ ਪੈਣ ਦਾ ਸਿਲਸਿਲਾ ਦੇਰ ਰਾਤ ਤਕ ਜਾਰੀ ਰਿਹਾ, ਇਸ ਕਾਰਨ ਨਾਰਥ ਜ਼ੋਨ ਅਧੀਨ ਬਿਜਲੀ ਦੇ ਫਾਲਟ ਦੀਆਂ 3000 ਤੋਂ ਵੱਧ ਸ਼ਿਕਾਇਤਾਂ ਪ੍ਰਾਪਤ ਹੋਈਆਂ। ਇਸ ਕਾਰਨ ਵੱਖ-ਵੱਖ ਇਲਾਕਿਆਂ ਵਿਚ ਲੋਕਾਂ ਨੂੰ ਬਿਜਲੀ ਦੇ ਨਾਲ-ਨਾਲ ਪਾਣੀ ਦੀ ਵੀ ਕਿੱਲਤ ਪੇਸ਼ ਆਈ। ਸ਼ਹਿਰ ਦੇ ਕਈ ਇਲਾਕੇ ਘੱਟ ਵੋਲਟੇਜ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਓਵਰਲੋਡ ਹੋ ਰਹੇ ਟਰਾਂਸਫ਼ਾਰਮਰਾਂ ਦੇ ਫਿਊਜ਼ ਉੱਡਣ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਕਈ ਇਲਾਕਿਆਂ ਵਿਚ ਟਰਾਂਸਫਾਰਮਰਾਂ ਵਿਚ ਫਾਲਟ ਠੀਕ ਕਰਨ ਉਪਰੰਤ ਬਿਜਲੀ ਕਰਮਚਾਰੀਆਂ ਨੂੰ ਸਪਲਾਈ ਚਾਲੂ ਕਰਨ ਲਈ ਟ੍ਰਿਪਿੰਗ ਲੈਣੀ ਪੈ ਰਹੀ ਹੈ, ਜਿਸ ਕਰ ਕੇ ਪੂਰੇ ਇਲਾਕੇ ਦਾ ਫੀਡਰ ਬੰਦ ਕਰਨਾ ਪੈ ਰਿਹਾ ਹੈ। ਟ੍ਰਿਪਿੰਗ ਤੋਂ ਬਾਅਦ ਫੀਡਰ ਨੂੰ ਚਾਲੂ ਕਰਦੇ ਹੀ ਐਂਪੇਅਰ ਵਧਣ ਨਾਲ ਦੂਜੇ ਟਰਾਂਸਫਾਰਮਰ ਵਿਚ ਫਾਲਟ ਪੈਣ ਸਬੰਧੀ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਹਨ। ਉਥੇ ਹੀ, ਢੰਨ ਮੁਹੱਲਾ ਵਿਚ ਪੋਲ ’ਤੇ ਪਏ ਟਰਾਂਸਫਾਰਮਰ ਵਿਚ ਅੱਗ ਲੱਗਣ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਦੁਕਾਨਦਾਰਾਂ ਵੱਲੋਂ ਅੱਗ ਬੁਝਾਊ ਸਪਰੇਅ (ਸੀਜ਼ ਫਾਇਰ) ਦੀ ਵਰਤੋਂ ਕਰ ਕੇ ਅੱਗ ਬੁਝਾਈ ਗਈ। ਇਸ ਕਾਰਨ ਇਲਾਕੇ ਵਿਚ ਲੰਮੇ ਸਮੇਂ ਤਕ ਬਿਜਲੀ ਬੰਦ ਰਹੀ।
ਇਹ ਵੀ ਪੜ੍ਹੋ - ਸਰਹਿੰਦ ਨਹਿਰ ’ਚ ਰੁੜ੍ਹਦੀ ਵੇਖ ਬਜ਼ੁਰਗ ਔਰਤ ਨੂੰ ਬਚਾਉਣ ਗਿਆ ਨੌਜਵਾਨ ਖ਼ੁਦ ਵੀ ਰੁੜ੍ਹਿਆ, ਭਾਲ ਜਾਰੀ
ਬਸਤੀਆਂ ਇਲਾਕੇ ਵਿਚ ਮੰਗਲਵਾਰ ਸਵੇਰੇ 11 ਵਜੇ ਦੇ ਲਗਭਗ ਫਾਲਟ ਪਿਆ ਸੀ, ਜਿਸ ਨੂੰ 1 ਵਜੇ ਦੇ ਲਗਭਗ ਠੀਕ ਕਰਵਾਇਆ ਗਿਆ। ਸੰਜੀਵ ਕੁਮਾਰ ਨੇ ਦੱਸਿਆ ਕਿ ਦਾਨਿਸ਼ਮੰਦਾਂ ਰੋਡ ’ਤੇ ਸਵੇਰੇ ਫਾਲਟ ਪੈਣ ਤੋਂ ਬਾਅਦ ਰਾਤ ਨੂੰ ਦੁਬਾਰਾ ਫਾਲਟ ਪੈ ਗਿਆ ਅਤੇ ਇਸ ਨੂੰ ਠੀਕ ਹੋਣ ਵਿਚ 2-3 ਘੰਟੇ ਦਾ ਸਮਾਂ ਲੱਗਾ। ਉਨ੍ਹਾਂ ਦੱਸਿਆ ਕਿ ਰਾਤ ਤਕ ਇਲਾਕੇ ਵਿਚ 5-6 ਘੰਟੇ ਦੀ ਲਗਭਗ ਬਿਜਲੀ ਦੀ ਕਿੱਲਤ ਪੇਸ਼ ਆਈ। ਉਥੇ ਹੀ, ਸ਼ੀਤਲਾ ਮੰਦਰ ਦੇ ਨੇੜੇ ਸਥਿਤ ਸ਼ਿਕਾਇਤ ਕੇਂਦਰ ਅਧੀਨ ਆਉਂਦੇ ਬਿਜਲੀ ਖਪਤਕਾਰਾਂ ਨੇ ਦੱਸਿਆ ਕਿ ਇਥੇ ਕਰਮਚਾਰੀਆਂ ਦੇ ਮੌਜੂਦ ਨਾ ਰਹਿਣ ਕਰ ਕੇ ਸ਼ਿਕਾਇਤ ਲਿਖਵਾਉਣਾ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਵਿਭਾਗ ਨੂੰ ਚਾਹੀਦਾ ਹੈ ਕਿ ਇਸ ਸ਼ਿਕਾਇਤ ਕੇਂਦਰ ’ਚ 24 ਘੰਟੇ ਕਰਮਚਾਰੀਆਂ ਦੀ ਮੌਜੂਦਗੀ ਯਕੀਨੀ ਬਣਾਈ ਜਾਵੇ।
ਇਸੇ ਤਰ੍ਹਾਂ ਗਾਜ਼ੀਗੁੱਲਾ, ਰਾਮ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਖਿੰਗਰਾਂ ਗੇਟ, ਸੰਤੋਖਪੁਰਾ, ਕਾਜ਼ੀ ਮੰਡੀ, ਅਮਨ ਨਗਰ, ਰੰਧਾਵਾ-ਮਸੰਦਾਂ, ਕੈਂਟ ਰੋਡ, ਤੋਪਖਾਨਾ ਬਾਜ਼ਾਰ, ਮਖਦੂਮਪੁਰਾ ਸਮੇਤ ਕਈ ਇਲਾਕਿਆਂ ਵਿਚ ਬਿਜਲੀ ਦੀ ਖਰਾਬੀ ਨੂੰ ਲੈ ਕੇ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਉਠਾਉਣੀਆਂ ਪਈਆਂ। ਸਰਜੀਕਲ ਕੰਪਲੈਕਸ ਸਬ-ਸਟੇਸ਼ਨ ਅਧੀਨ ਆਉਂਦੇ ਉਦਯੋਗਪਤੀਆਂ ਨੇ ਦੱਸਿਆ ਕਿ ਸਵੇਰੇ 10 ਵਜੇ ਦੇ ਲਗਭਗ ਬਿਜਲੀ ਬੰਦ ਕਰ ਦਿੱਤੀ ਗਈ ਅਤੇ 2.30 ਵਜੇ ਤੱਕ ਬਿਜਲੀ ਚਾਲੂ ਨਾ ਹੋਣ ਕਰਕੇ ਇੰਡਸਟਰੀ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ। ਕੁਝ ਯੂਨਿਟ ਜੈਨਰੇਟਰ ’ਤੇ ਚੱਲਦੇ ਰਹੇ, ਜਦੋਂ ਕਈ ਯੂਨਿਟਾਂ ਵਿਚ ਲੇਬਰ ਨੂੰ ਖਾਲੀ ਬੈਠਣਾ ਪਿਆ। ਉਦਯੋਗਪਤੀਆਂ ਨੇ ਕਿਹਾ ਕਿ ਵਿਭਾਗ ਨੂੰ ਇਸ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ।
ਦਿਹਾਤੀ ਇਲਾਕੇ ’ਚ ਦੇਰੀ ਨਾਲ ਪਹੁੰਚ ਰਿਹਾ ਫੀਲਡ ਸਟਾਫ਼: ਖ਼ਪਤਕਾਰ
ਵਰਿਆਣਾ, ਸਾਇੰਸ ਸਿਟੀ ਰੋਡ ’ਤੇ ਪੈਂਦੇ ਦਿਹਾਤੀ ਇਲਾਕਿਆਂ ਦੇ ਖ਼ਪਤਕਾਰਾਂ ਨੇ ਕਿਹਾ ਕਿ ਵਿਭਾਗੀ ਅਧਿਕਾਰੀਆਂ ਨੂੰ ਇਸ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਦੇਰੀ ਨਾਲ ਪਹੁੰਚ ਰਿਹਾ ਫੀਲਡ ਸਟਾਫ਼ ਪ੍ਰੇਸ਼ਾਨੀਆਂ ਦਾ ਕਾਰਨ ਬਣ ਰਿਹਾ ਹੈ।
ਇਹ ਵੀ ਪੜ੍ਹੋ - ਕਲਯੁਗੀ ਮਾਂ ਦਾ ਰੂਹ ਕੰਬਾਊ ਕਾਰਾ, 10 ਸਾਲਾ ਬੱਚੀ ਦੇ ਸਰੀਰ 'ਤੇ ਦਾਗੇ ਗਰਮ ਸਰੀਏ, ਪ੍ਰਾਈਵੇਟ ਪਾਰਟ ਤੱਕ ਨਹੀਂ ਛੱਡਿਆ
ਬਿਜਲੀ ਜਾਣ ’ਤੇ ਏ. ਸੀ. ਬੰਦ ਕਰਨ ਖ਼ਪਤਕਾਰ : ਮਾਹਿਰ
ਪਾਵਰਕਾਮ ਦੇ ਮਾਹਿਰਾਂ ਨੇ ਕਿਹਾ ਕਿ ਜਿਸ ਇਲਾਕੇ ਵਿਚ ਵੀ ਬਿਜਲੀ ਬੰਦ ਹੁੰਦੀ ਹੈ, ਉਥੋਂ ਦੇ ਖ਼ਪਤਕਾਰ ਨੂੰ ਆਪਣੇ ਏ. ਸੀ. ਆਦਿ ਬੰਦ ਕਰ ਦੇਣੇ ਚਾਹੀਦੇ ਹਨ ਅਤੇ ਸਪਲਾਈ ਚਾਲੂ ਹੋਣ ਦੇ ਕੁਝ ਮਿੰਟਾਂ ਬਾਅਦ ਏ. ਸੀ. ਆਦਿ ਨੂੰ ਦੁਬਾਰਾ ਚਾਲੂ ਕਰਨਾ ਚਾਹੀਦਾ ਹੈ।
ਹਰੇਕ ਸ਼ਿਕਾਇਤ ’ਤੇ ਐਕਸੀਅਨਾਂ ਦੀ ਨਜ਼ਰ : ਪਾਵਰਕਾਮ
ਪਾਵਰਕਾਮ ਦੇ ਚੀਫ਼ ਇੰਜੀ. ਆਰ. ਐੱਲ. ਸਾਰੰਗਲ ਨੇ ਕਿਹਾ ਕਿ ਫੀਲਡ ਸਟਾਫ਼ ਨੂੰ ਤੁਰੰਤ ਪ੍ਰਭਾਵ ਨਾਲ ਸ਼ਿਕਾਇਤਾਂ ਹੱਲ ਕਰਨ ਦੇ ਹੁਕਮ ਦਿੱਤੇ ਗਏ ਹਨ ਤਾਂ ਕਿ ਘੱਟ ਤੋਂ ਘੱਟ ਸਮੇਂ ਵਿਚ ਬਿਜਲੀ ਚਾਲੂ ਕਰਵਾਈ ਜਾ ਸਕੇ। ਹਰੇਕ ਸ਼ਿਕਾਇਤ ’ਤੇ ਐਕਸੀਅਨਾਂ ਦੀ ਨਜ਼ਰ ਹੈ।
ਇਹ ਵੀ ਪੜ੍ਹੋ - ਪੰਜਾਬ ਦੇ ਇਨ੍ਹਾਂ 9 ਜ਼ਿਲ੍ਹਿਆਂ ਦੇ ਡੀ. ਸੀ. ਗਏ ਮਸੂਰੀ, ਇਹ ਅਧਿਕਾਰੀ ਸੰਭਾਲਣਗੇ ਐਡੀਸ਼ਨਲ ਚਾਰਜ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।