ਮੁਲਾਜ਼ਮਾਂ ਦੀ ਹੜਤਾਲ ਦਾ ਅਸਰ : ਜ਼ਿਲ੍ਹੇ ਦੇ ਰਜਿਸਟਰੀ ਦਫ਼ਤਰਾਂ ’ਚ ਰੁਕੀਆਂ 2 ਹਜ਼ਾਰ ਤੋਂ ਵੱਧ ਰਜਿਸਟਰੀਆਂ

Tuesday, Nov 28, 2023 - 06:28 PM (IST)

ਮੁਲਾਜ਼ਮਾਂ ਦੀ ਹੜਤਾਲ ਦਾ ਅਸਰ : ਜ਼ਿਲ੍ਹੇ ਦੇ ਰਜਿਸਟਰੀ ਦਫ਼ਤਰਾਂ ’ਚ ਰੁਕੀਆਂ 2 ਹਜ਼ਾਰ ਤੋਂ ਵੱਧ ਰਜਿਸਟਰੀਆਂ

ਅੰਮ੍ਰਿਤਸਰ (ਨੀਰਜ) : ਪਿਛਲੇ 19 ਦਿਨਾਂ ਤੋਂ ਚੱਲ ਰਹੀ ਮੁਲਾਜ਼ਮ ਜਥੇਬੰਦੀਆਂ ਦੀ ਹੜਤਾਲ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਇਸ ਵੇਲੇ ਜ਼ਿਲ੍ਹੇ ਦੇ ਰਜਿਸਟਰੀ ਦਫ਼ਤਰਾਂ ਵਿਚ 2 ਹਜ਼ਾਰ ਤੋਂ ਵੱਧ ਰਜਿਸਟਰੀਆਂ ਫਸੀਆਂ ਹੋਈਆਂ। ਹਾਲਾਤ ਇਹ ਹਨ ਕਿ ਮੁਲਾਜ਼ਮ ਹੜਤਾਲ ’ਤੇ ਹਨ ਅਤੇ ਸਬ-ਰਜਿਸਟਰਾਰ ਅਤੇ ਤਹਿਸੀਲਦਾਰ ਵੀ ਆਪਣੀ ਸੀਟ ’ਤੇ ਨਹੀਂ ਬੈਠੇ ਹਨ, ਜਿਸ ਕਾਰਨ ਤਹਿਸੀਲਾਂ ’ਚ ਆਉਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇੱਧਰ-ਉੱਧਰ ਭਟਕ ਰਹੇ ਹਨ, ਜਿਨ੍ਹਾਂ ਨੂੰ ਸੁਣਨ ਵਾਲਾ ਕੋਈ ਨਹੀਂ ਹੈ। ਡਿਪਟੀ ਕਮਿਸ਼ਨਰ ਤੋਂ ਲੈ ਕੇ ਏ. ਡੀ. ਸੀ., ਐੱਸ. ਡੀ. ਐੱਮ. ਏ. ਅਤੇ ਹੋਰ ਅਧਿਕਾਰੀ ਆਪਣੀਆਂ ਸੀਟਾਂ ’ਤੇ ਬੈਠੇ ਹਨ ਪਰ ਮੁਲਾਜ਼ਮਾਂ ਦੀ ਹੜਤਾਲ ਕਾਰਨ ਉਹ ਵੀ ਕੋਈ ਕੰਮ ਨਹੀਂ ਕਰ ਪਾ ਰਹੇ ਹਨ। ਹੜਤਾਲ ਕਾਰਨ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਵਿਚ ਕੰਮਕਾਜ ਠੱਪ ਪਿਆ ਹੈ ਪਰ ਮੁਲਾਜ਼ਮਾਂ ਨਾਲ ਗੱਲਬਾਤ ਕਰ ਕੇ ਇਸ ਸਮੱਸਿਆ ਦਾ ਹੱਲ ਕੱਢਣ ਦਾ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਦੂਜੇ ਪਾਸੇ ਹੜਤਾਲ ਕਾਰਨ ਸਰਕਾਰ ਨੂੰ ਮਾਲੀਏ ਦੇ ਰੂਪ ’ਚ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਜਿਸ ਦੀ ਭਰਪਾਈ ਕਰਨੀ ਆਸਾਨ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਸ਼ਰਾਬ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ ’ਚ ਪੰਜਾਬ ਸਰਕਾਰ, ਚੁੱਕਿਆ ਜਾ ਰਿਹੈ ਵੱਡਾ ਕਦਮ

ਮਾਲ ਅਦਾਲਤਾਂ ਵਿਚ ਸੈਂਕੜੇ ਕੇਸ ਫਸੇ 
ਹੜਤਾਲ ਕਾਰਨ ਇਸ ਵੇਲੇ ਸੈਂਕੜੇ ਕੇਸ ਡਿਪਟੀ ਕਮਿਸ਼ਨਰਾਂ, ਏ. ਡੀ. ਸੀਜ਼, ਐੱਸ. ਡੀ. ਐੱਮ. ਏਜ਼ ਅਤੇ ਤਹਿਸੀਲਦਾਰਾਂ ਦੀਆਂ ਅਦਾਲਤਾਂ ਵਿਚ ਫਸੇ ਹੋਏ ਹਨ, ਜਿਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਤਾਰੀਕ ’ਤੇ ਤਾਰੀਕ ਪੈ ਰਹੀ ਹੈ। ਬਹੁਤ ਸਾਰੇ ਜ਼ਮੀਨ ਜਾਇਦਾਦਾਂ ਦੇ ਕਈ ਅਹਿਮ ਕੇਸ ਹਨ, ਜਿਨ੍ਹਾਂ ’ਤੇ ਫੈਸਲੇ ਦੀ ਤਰੀਕ ਆਉਣੀ ਹੈ ਪਰ ਹੜਤਾਲ ਕਾਰਨ ਫੈਸਲਾ ਕੀਤੇ ਗਏ ਕੇਸ ਵੀ ਫਸੇ ਹੋਏ ਹਨ ਅਤੇ ਲੋਕ ਸਰਕਾਰ ਨੂੰ ਕੋਸਦੇ ਨਜ਼ਰ ਆ ਰਹੇ ਹਨ।

ਬੰਦ ਪਈਆਂ ਹਨ ਵਸੀਕਾ ਨਵੀਸ ਦੀਆਂ ਸੈਂਕੜੇ ਦੁਕਾਨਾਂ
ਪਿਛਲੇ 19 ਦਿਨਾਂ ਤੋਂ ਚੱਲ ਰਹੀ ਹੜਤਾਲ ਕਾਰਨ ਜ਼ਿਲਾ ਕਚਹਿਰੀ, ਤਹਿਸੀਲਾਂ ਅਤੇ ਸਬ-ਤਹਿਸੀਲਾਂ ਵਿਚ ਕੰਮ ਕਰਦੇ ਸੈਂਕੜੇ ਵਸੀਕਾ ਨਵੀਸਾਂ ਦੀਆਂ ਦੁਕਾਨਾਂ ਬੰਦ ਹਨ ਅਤੇ ਉਨ੍ਹਾਂ ਨੂੰ ਰੋਜ਼ੀ-ਰੋਟੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰੀਅਲ ਅਸਟੇਟ ਸੈਕਟਰ ਵਿਚ ਪਹਿਲਾਂ ਹੀ ਗੰਭੀਰ ਮੰਦੀ ਕਾਰਨ ਕਾਰੋਬਾਰ ਬਹੁਤ ਘੱਟ ਹੈ ਅਤੇ ਉਪਰੋਂ ਹੜਤਾਲਾਂ ਨੇ ਸਥਿਤੀ ਨੂੰ ਹੋਰ ਖ਼ਤਰਨਾਕ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਪਹਾੜਾਂ ’ਚ ਬਰਫ਼ਬਾਰੀ ਕਾਰਨ ਉੱਤਰੀ ਭਾਰਤ 'ਚ ਸਰਦੀ ਨੇ ਦਿਖਾਇਆ ਰੰਗ, 4 ਡਿਗਰੀ ਡਿੱਗਿਆ ਪਾਰਾ

ਲੰਬੇ ਸਮੇਂ ਬਾਅਦ ਹੋਈ ਇੰਨੀ ਵੱਡੀ ਹੜਤਾਲ
ਭਾਵੇਂ ਹਰ ਪਾਰਟੀ ਦੀ ਸਰਕਾਰ ਵੇਲੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਹੜਤਾਲਾਂ ਹੁੰਦੀਆਂ ਰਹੀਆਂ ਹਨ ਪਰ ਲਗਾਤਾਰ 20 ਦਿਨਾਂ ਤੋਂ ਚੱਲ ਰਹੀ ਹੜਤਾਲ ਲੰਬੇ ਸਮੇਂ ਬਾਅਦ ਹੋਈ ਹੈ ਅਤੇ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਦੀ ਨੁਮਾਇੰਦਗੀ ਕਰਨ ਵਾਲਿਆਂ ਵੱਲੋਂ ਇਸ ਸਬੰਧੀ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ। ਆਗੂਆਂ ਵੱਲੋਂ ਇਸ ਹੜਤਾਲ ਨੂੰ ਖਤਮ ਕਰਨ ਲਈ ਕਿਹਾ ਗਿਆ ਹੈ, ਜਿਸ ਕਾਰਨ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਹੜਤਾਲ ਕਾਰਨ ਆਮ ਲੋਕ ਭਾਰੀ ਪ੍ਰੇਸ਼ਾਨੀ ਵਿਚ ਹਨ।

ਐੱਨ. ਆਰ. ਆਈ. ਭਾਈਚਾਰਾ ਸਭ ਤੋਂ ਵੱਧ ਹੈ ਪ੍ਰੇਸ਼ਾਨ
ਇਕ ਪਾਸੇ ਕੇਂਦਰ ਤੇ ਸੂਬਾ ਸਰਕਾਰਾਂ ਦਾਅਵਾ ਕਰਦੀਆਂ ਹਨ ਕਿ ਪੰਜਾਬ ਆਉਣ ਵਾਲੇ ਐੱਨ. ਆਰ. ਆਈ. ਪਰਿਵਾਰਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ, ਉਥੇ ਹੀ ਦੂਜੇ ਪਾਸੇ ਹੜਤਾਲਾਂ ਕਾਰਨ ਐੱਨ. ਆਰ. ਆਈ. ਲੋਕਾਂ ਦੇ ਜ਼ਮੀਨ ਜਾਇਦਾਦ ਦੇ ਕੰਮ ਠੱਪ ਹੋ ਕੇ ਰਹਿ ਗਏ ਹਨ ਅਤੇ ਸਰਕਾਰ ਕੋਲ ਇਸ ਦਾ ਕੋਈ ਹੱਲ ਨਹੀਂ ਹੈ, ਕਿਉਂਕਿ ਮੁਲਾਜ਼ਮ ਜਥੇਬੰਦੀਆਂ ਆਪਣੀਆਂ ਮੰਗਾਂ ’ਤੇ ਅੜੀਆ ਹੋਈਆ ਹਨ।

ਕਿਵੇਂ ਖਤਮ ਹੋਵੇਗੀ ਪੈਡੇਂਸੀ
ਡੀ. ਸੀ. ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਆਪਣੇ-ਆਪਣੇ ਸਰਕਾਰੀ ਦਫ਼ਤਰਾਂ ਵਿਚ ਪੈਂਡਿੰਗ ਪਏ ਕੇਸਾਂ ਨੂੰ ਖਤਮ ਕਰਨ ਦੇ ਹੁਕਮ ਦਿੱਤੇ ਹਨ ਪਰ ਹੜਤਾਲਾਂ ਕਾਰਨ ਪੈਂਡਿੰਗ ਖਤਮ ਹੋਣ ਦੀ ਬਜਾਏ ਹੋਰ ਵੀ ਵਧ ਗਈ ਹੈ ਅਤੇ ਆਮ ਲੋਕ ਵੀ ਇਸ ਦਾ ਖਮਿਆਜ਼ਾ ਭੁਗਤ ਰਹੇ ਹਨ। ਸਰਕਾਰ ਵਿਰੁੱਧ ਰੋਸ ਵੱਧਦਾ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਨੂੰ ਇਸ ਦਾ ਨਤੀਜਾ ਭੁਗਤਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ ਭਗਵੰਤ ਸਿੰਘ ਮਾਨ ਸਰਕਾਰ ਦਾ ਇਕ ਹੋਰ ਲੋਕ ਪੱਖੀ ਉਪਰਾਲਾ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News