100 ਤੋਂ ਵੱਧ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲਾ ਗੈਂਗ ਚੜ੍ਹਿਆ ਲੁਧਿਆਣਾ ਪੁਲਸ ਦੇ ਹੱਥੇ, 3 ਔਰਤਾਂ ਸਣੇ 4 ਕਾਬੂ
Monday, Oct 25, 2021 - 07:02 PM (IST)
ਲੁਧਿਆਣਾ (ਨਰਿੰਦਰ ਮਹਿੰਦਰੂ)-ਲੁਧਿਆਣਾ ਪੁਲਸ ਨੂੰ ਅੱਜ ਉਸ ਵੇਲੇ ਵੱਡੀ ਕਾਮਯਾਬੀ ਮਿਲੀ, ਜਦੋਂ ਪੁਲਸ ਨੇ 100 ਤੋਂ ਵੱਧ ਲੁੱਟਾਂ-ਖੋਹਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਨ੍ਹਾਂ ’ਚ 3 ਔਰਤਾਂ ਸ਼ਾਮਲ ਹਨ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਹ ਗੈਂਗ ਪੰਜਾਬ ਤੇ ਹਰਿਆਣਾ ’ਚ 100 ਤੋਂ ਵੱਧ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ। ਮੁਲਜ਼ਮਾਂ ਤੋਂ ਸੋਨੇ ਦੀਆਂ ਚੂੜੀਆਂ, ਬ੍ਰੈਸਲੇਟ, ਚੇਨਾਂ ਅਤੇ ਇਕ ਸਵਿਫਟ ਕਾਰ ਬਰਾਮਦ ਹੋਈ ਹੈ।
ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ’ਚ 3 ਔਰਤਾਂ ਜੀਤੋ, ਗੋਗਾ, ਰੱਜੀ ਅਤੇ ਇਕ ਪੁਰਸ਼ ਸੁਖਚੈਨ ਸਿੰਘ ਸ਼ਾਮਲ ਹੈ। ਜੀਤੋ ਗੈਂਗ ਦੀ ਮੁੱਖ ਸਰਗਣਾ ਹੈ, ਜੋ ਪੁਲਸ ਨੂੰ ਕਈ ਮਾਮਲਿਆਂ ’ਚ ਲੋੜੀਂਦੀ ਸੀ, ਜਦਕਿ ਗੈਂਗ ਦੇ ਬਾਕੀ ਮੈਂਬਰਾਂ ’ਤੇ ਵੀ ਪਹਿਲਾਂ ਤੋਂ ਮੁਕੱਦਮੇ ਦਰਜ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗੈਂਗ ਬਜ਼ੁਰਗਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਸੀ ਅਤੇ ਉਨ੍ਹਾਂ ਨੂੰ ਲਿਫਟ ਦੇਣ ਦੇ ਬਹਾਨੇ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ।
ਉਨ੍ਹਾਂ ਦੱਸਿਆ ਕਿ ਗੈਂਗ ਨੇ ਕਬੂਲ ਕੀਤਾ ਹੈ ਕਿ ਉਹ 100 ਤੋਂ ਵੱਧ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ, ਜਿਨ੍ਹਾਂ ’ਚ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਕਰਤਾਰਪੁਰ, ਮੋਗਾ, ਖੰਨਾ, ਜਗਰਾਓਂ, ਹੁਸ਼ਿਆਰਪੁਰ ਅਤੇ ਹਰਿਆਣਾ ਦੇ ਵੀ ਕੁਝ ਜ਼ਿਲ੍ਹੇ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ 8 ਸੋਨੇ ਦੀਆਂ ਚੂੜੀਆਂ, ਦੋ ਸੋਨੇ ਦੇ ਬ੍ਰੈਸਲੇਟ, ਇਕ ਸੋਨੇ ਦੀ ਚੇਨ, ਨਕਲੀ ਆਰ. ਸੀ. ਅਤੇ ਨਕਲੀ ਨੰਬਰ ਪਲੇਟ ਬਰਾਮਦ ਕੀਤੀ ਹੈ। ਭੁੱਲਰ ਨੇ ਕਿਹਾ ਕਿ ਇਹ ਗੈਂਗ ਹਾਲ ਹੀ ’ਚ ਲੁਧਿਆਣਾ ਸ਼ਹਿਰ ’ਚ ਹੋਈਆਂ 11 ਸਨੈਚਿੰਗ ਦੀਆਂ ਵਾਰਦਾਤਾਂ ’ਚ ਵੀ ਸ਼ਾਮਲ ਹੈ, ਜੋ ਹੁਣ ਹੱਲ ਕਰ ਲਈਆਂ ਜਾਣਗੀਆਂ।