ਮੁਰਾਦਾਬਾਦ ’ਚ ਲੰਗਰ ਹਾਲ ਤੇ ਸਿੱਖਾਂ ਦੇ ਘਰ ਢਾਹੁਣ ਵਾਲੇ ਅਧਿਕਾਰੀਆਂ ਖ਼ਿਲਾਫ਼ ਹੋਵੇ ਸਖ਼ਤ ਕਾਰਵਾਈ: ਧਾਮੀ

Friday, Jun 10, 2022 - 09:57 AM (IST)

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਨਜ਼ਦੀਕ ਪਿੰਡ ਗਾਗਨ ਮਨੋਹਰਪੁਰ ਵਿਖੇ ਪ੍ਰਸ਼ਾਸਨ ਵੱਲੋਂ ਲੰਗਰ ਹਾਲ ਅਤੇ ਕੁਝ ਸਿੱਖਾਂ ਦੇ ਘਰ ਤੋੜਨ ਦੇ ਸਬੰਧ ਵਿਚ ਇਨਸਾਫ ਕਰਨ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਪੱਤਰ ਲਿਖਿਆ ਹੈ। ਐਡਵੋਕੇਟ ਧਾਮੀ ਨੇ ਯੂ. ਪੀ. ਦੇ ਮੁੱਖ ਮੰਤਰੀ ਨੂੰ ਕਿਹਾ ਕਿ ਗਾਗਨ ਮਨੋਹਰਪੁਰ ਵਿਖੇ ਸੰਨ 1973 ਤੋਂ ਵੱਸੇ ਹੋਏ ਸਿੱਖਾਂ ਨੂੰ ਜਾਣ ਬੁਝ ਕੇ ਉਜਾੜਿਆ ਜਾ ਰਿਹਾ ਹੈ, ਲਿਹਾਜ਼ਾ ਇਸ ਮਾਮਲੇ ਵਿਚ ਸਬੰਧਤ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਹੋਏ ਨੁਕਸਾਨ ਦਾ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

ਪੜ੍ਹੋ ਇਹ ਵੀ ਖ਼ਬਰ: ਸਿੱਧੂ ਮੂਸੇਵਾਲਾ ਦੀ ਅੰਤਿਮ ਅਰਦਾਸ ’ਤੇ ਭਾਵੁਕ ਹੋਈ ਮਾਤਾ, ਕਿਹਾ-29 ਮਈ ਸਾਡੇ ਲਈ ਕਾਲਾ ਦਿਨ ਚੜ੍ਹਿਆ

ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਯੂ. ਪੀ. ਸਿੱਖ ਮਿਸ਼ਨ ਹਾਪੜ ਰਾਹੀਂ ਪੜਤਾਲ ਕਰਵਾਈ ਗਈ ਹੈ, ਜਿਸ ਦੀ ਰਿਪੋਰਟ ਵਿਚ ਸਾਹਮਣੇ ਆਇਆ ਹੈ ਕਿ ਇਹ ਜ਼ਮੀਨ ਪੰਚਾਇਤ ਵੱਲੋਂ 1973 ਵਿਚ ਗੰਗਾ ਸਿੰਘ ਨਾਂ ਦੇ ਵਿਅਕਤੀ ਨੂੰ ਦਿੱਤੀ ਗਈ ਸੀ, ਜਿਸ ਦਾ ਪਰਿਵਾਰ ਹੁਣ ਤਕ ਇਸ ’ਤੇ ਰਹਿ ਰਿਹਾ ਹੈ। ਇਨ੍ਹਾਂ ਸਿੱਖਾਂ ਨੇ ਉਥੇ ਇਕ ਗੁਰਦੁਆਰਾ ਸਾਹਿਬ ਵੀ ਤਿਆਰ ਕੀਤਾ ਹੈ ਅਤੇ ਇਕ ਲੰਗਰ ਹਾਲ ਬਣਾਇਆ ਹੋਇਆ ਹੈ। ਜਿਥੇ ਰੋਜ਼ਾਨਾ ਸੈਂਕੜੇ ਲੋਕ ਫਰੀ ਲੰਗਰ ਛਕਦੇ ਹਨ, ਪਰ ਪ੍ਰਸ਼ਾਸਨ ਨੇ ਲੰਗਰ ਹਾਲ ਨੂੰ ਤੋੜਦਿਆਂ ਕੁਝ ਸਿੱਖ ਪਰਿਵਾਰਾਂ ਦੇ ਘਰ ਵੀ ਢਾਹ ਦਿੱਤੇ ਹਨ। 

ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ : ਭੈਣ ਦੇ ਪ੍ਰੇਮ ਵਿਆਹ ਤੋਂ ਖਫ਼ਾ ਭਰਾ ਨੇ ਦੋਸਤਾਂ ਨਾਲ ਮਿਲ ਜੀਜੇ ਨੂੰ ਗੋਲੀਆਂ ਨਾਲ ਭੁੰਨਿਆ

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਨੇ ਆਖਿਆ ਕਿ ਇਹ ਧੱਕੇਸ਼ਾਹੀ ਵਾਲੀ ਕਾਰਵਾਈ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਅਪੀਲ ਕੀਤੀ ਹੈ। ਐਡਵੋਕੇਟ ਧਾਮੀ ਨੇ ਆਖਿਆ ਕਿ 50 ਸਾਲ ਤੋਂ ਵੱਸੇ ਸਿੱਖਾਂ ਨੂੰ ਉਜਾੜਨਾ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ ਅਤੇ ਯੂ. ਪੀ. ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਾਗਰਿਕਾਂ ਨਾਲ ਹੁੰਦੀ ਧੱਕੇਸ਼ਾਹੀ ਰੋਕੇ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੰਗ ਕੀਤੀ ਕਿ ਸਿੱਖਾਂ ਦੇ ਘਰ ਢਾਹੁਣ ਵਾਲੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਸਿੱਖਾਂ ਦਾ ਉਜਾੜਾ ਰੋਕਿਆ ਜਾਵੇ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਜਥੇਦਾਰ ਹਰਪ੍ਰੀਤ ਸਿੰਘ ਦੀ Z ਸੁਰੱਖਿਆ ’ਚ ਸਿੱਖ ਕਮਾਂਡੋ ਸ਼ਾਮਲ


rajwinder kaur

Content Editor

Related News