ਸਮਰਥਨ ਮੁੱਲ ''ਤੇ 10 ਫੀਸਦੀ ਮੂੰਗੀ ਵੀ ਨਹੀਂ ਖਰੀਦ ਸਕੀ ਪੰਜਾਬ ਸਰਕਾਰ : ਪ੍ਰਤਾਪ ਸਿੰਘ ਬਾਜਵਾ
Tuesday, Aug 02, 2022 - 06:21 PM (IST)
ਗੁਰਦਾਸਪੁਰ (ਜੀਤ ਮਠਾਰੂ) - ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੀ ਪਤਲੀ ਹਾਲਤ ਦਾ ਮੁੱਦਾ ਉਜਾਗਰ ਕਰਦਿਆਂ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਸੂਬੇ ਅੰਦਰ ਮੂੰਗੀ ਦੀ 86 ਫੀਸਦੀ ਫ਼ਸਲ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਰੇਟ 'ਤੇ ਨਿੱਜੀ ਖਰੀਦਦਾਰਾਂ ਨੇ ਖਰੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮੂੰਗੀ ਦੀ ਐੱਮ.ਐੱਸ.ਪੀ. 'ਤੇ ਖਰੀਦਣ ਦੇ ਵੱਡੇ ਦਾਅਵੇ ਅਤੇ ਐਲਾਨ ਕੀਤੇ ਸਨ। ਅਸਲੀਅਤ ਹੈ ਕਿ ਮੰਡੀਆਂ ਵਿਚ ਕਿਸਾਨਾਂ ਦੀ ਵੱਡੀ ਦੁਰਦਸ਼ਾ ਅਤੇ ਲੁੱਟ ਹੋਈ ਹੈ, ਜਿਸ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਨਾਲ 5 ਹਜ਼ਾਰ ਤੋਂ 6500 ਰੁਪਏ ਪ੍ਰਤੀ ਕੁਇੰਟਲ ਰੇਟ ਮਿਲਿਆ ਹੈ।
ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ਬਰ: ਅਪਰਾਧਿਕ ਰਿਕਾਰਡ ਵਾਲੇ ਲੋਕ SGPC ਦੀਆਂ ਚੋਣਾਂ ’ਚ ਹੁਣ ਨਹੀਂ ਲੈ ਸਕਣਗੇ ਹਿੱਸਾ
ਉਨ੍ਹਾਂ ਕਿਹਾ ਕਿ ਸਰਕਾਰ ਦੀ ਗੱਲ ਮੰਨ ਕੇ ਮੂੰਗੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਕਿਉਂਕਿ ਸਰਕਾਰ ਨੇ ਐਲਾਨ ਕੀਤੇ ਸਨ ਕਿ ਹਰ ਹਾਲ ਵਿਚ ਮੂੰਗੀ 7275 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੀ ਜਾਵੇਗੀ। ਬਾਅਦ ਵਿਚ ਕਿਸਾਨਾਂ ਨੂੰ ਪ੍ਰਤੀ ਕੁਇੰਟਲ 1500 ਤੋਂ 2000 ਰੁਪਏ ਪ੍ਰਤੀ ਕੁਇੰਟਲ ਦੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਬੇਹੱਦ ਅਫਸੋਸ ਦੀ ਗੱਲ ਹੈ ਕਿ ਸੂਬੇ ਦੀਆਂ ਮੰਡੀਆਂ ਵਿਚ ਪਹੁੰਚੀ ਕਰੀਬ 4 ਲੱਖ ਕੁਇੰਟਲ ਮੂੰਗੀ ਵਿਚ 3.46 ਲੱਖ ਕੁਇੰਟਲ ਮੂੰਗੀ ਪ੍ਰਾਈਵੇਟ ਖਰੀਦਦਾਰਾਂ ਨੇ ਮਨਮਰਜੀ ਦੇ ਰੇਟ ਲਗਾ ਕੇ ਖਰੀਦੀ ਹੈ। ਸਿਰਫ਼ 10 ਫੀਸਦੀ ਦੇ ਕਰੀਬ 48,000 ਕੁਇੰਟਲ ਮੂੰਗੀ ਘੱਟੋ-ਘੱਟ ਸਮਰਥਨ ਮੁੱਲ 'ਤੇ ਖਰੀਦੀ ਗਈ ਹੈ।
ਪੜ੍ਹੋ ਇਹ ਵੀ ਖ਼ਬਰ: ਅੰਮ੍ਰਿਤਸਰ 'ਚ ਇਕ ਹੋਰ ਡਾਕਟਰ ਨੂੰ ਮਿਲੀ ਧਮਕੀ, ਸਿੱਧੂ ਮੂਸੇਵਾਲਾ ਵਰਗਾ ਹਾਲ ਕਰਨ ਦੀ ਦਿੱਤੀ ਚਿਤਾਵਨੀ
ਬਾਜਵਾ ਨੇ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨਾਂ ਦੀ ਖੱਜਲਖੁਆਰੀ ਅਤੇ ਲੁੱਟ ਸਬੰਧੀ ਜੁਆਬ ਦੇਣ। ਮੁੱਖ ਮੰਤਰੀ ਨੇ 3 ਜੁਲਾਈ 2022 ਨੂੰ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇਗੀ। ਇਸ ਮੰਤਵ ਲਈ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਲਈ 1000 ਰੁਪਏ ਪ੍ਰਤੀ ਕੁਇੰਟਲ ਦੇਣ ਦੀ ਗੱਲ ਵੀ ਕੀਤੀ ਗਈ ਸੀ ਅਤੇ ਮਾਰਕਫੈਡ ਨੋਡਲ ਏਜੰਸੀ ਨੇ 66 ਕਰੋੜ ਰੁਪਏ ਰੁਪਏ ਰਾਖਵੇਂ ਵੀ ਰੱਖੇ ਸਨ। ਬਾਜਵਾ ਨੇ ਕਿਹਾ ਕਿ ਇਸ ਮਾਮਲੇ ਵਿਚ ਮੁੱਖ ਮੰਤਰੀ ਤੁਰੰਤ ਕਾਰਵਾਈ ਕਰਨ ਅਤੇ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਲੋੜੀਂਦੇ ਕਦਮ ਚੁੱਕਣ।
ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ