ਮਾਨਸੂਨ ਦੀ ਦੂਸਰੀ ਬਾਰਿਸ਼ ਨੇ ਮਚਾਇਆ ਕਹਿਰ

Tuesday, Jul 03, 2018 - 05:44 AM (IST)

ਮਾਨਸੂਨ ਦੀ ਦੂਸਰੀ ਬਾਰਿਸ਼ ਨੇ ਮਚਾਇਆ ਕਹਿਰ

ਫਗਵਾੜਾ, (ਜਲੋਟਾ, ਹਰਜੋਤ)— ਸ਼ਹਿਰ ਵਿਚ ਅੱਜ ਮਾਨਸੂਨ ਦੀ ਹੋਈ ਦੂਸਰੀ ਬਾਰਿਸ਼ ਲੋਕਾਂ ਦੇ ਲਈ ਕਹਿਰ ਬਣ ਕੇ ਆਈ।  ਦੂਸਰੇ ਪਾਸੇ ਬਾਰਿਸ਼ ਦੇ ਪਾਣੀ ਦਾ ਸੱਤਾਸੁੱਖ ਭੋਗ ਰਹੇ ਨਗਰ ਨਿਗਮ ਦੇ ਮੇਅਰ ਖੋਸਲਾ ਅਤੇ ਹੋਰ ਵੱਡੇ ਰਾਜਨੇਤਾਵਾਂ ਵੱਲੋਂ ਜਨਤਾ ਨਾਲ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਗਿਆ। ਉਥੇ ਆਲਮ ਇਹ ਰਿਹਾ ਕਿ ਤੇਜ਼ ਪਈ ਬਾਰਿਸ਼ ਕਾਰਨ ਕੁਝ ਹੀ ਪਲਾਂ ਵਿਚ ਫਗਵਾੜਾ ਵਿਚ ਪਾਣੀ-ਪਾਣੀ ਹੋ ਗਿਆ। ਦੇਖਦੇ ਹੀ ਦੇਖਦੇ ਸ਼ਹਿਰ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਕਈ ਫੁੱਟ ਪਾਣੀ ਭਰ ਗਿਆ। 
ਅੱਜ ਤੇਜ਼ ਬਾਰਿਸ਼ ਦੇ ਨਾਲ ਚੱਲੀ ਭਿਆਨਕ ਹਵਾ ਅਤੇ ਤੂਫਾਨ ਨੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿਚ ਤਬਾਹੀ ਮਚਾ ਦਿੱਤੀ। ਨਿੰਮਾਵਾੜਾ ਚੌਕ ਇਲਾਕੇ ਵਿਚ ਸਾਲਾਂ ਪੁਰਾਣਾ ਦਰੱਖਤ ਇਕ ਵਿਅਕਤੀ ਦੀ ਕਾਰ 'ਤੇ ਡਿੱਗ ਗਿਆ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਈ, ਉਥੇ ਹੀ ਬਿਜਲੀ ਵਿਭਾਗ ਦੀਆਂ ਤਾਰਾਂ ਨੂੰ ਵੀ ਨੁਕਸਾਨ ਪਹੁੰਚਿਆ। ਇਸੇ ਦੌਰਾਨ ਦਸਮੇਸ਼ ਨਗਰ ਦੇ ਕੋਲ ਮੇਨ ਨੈਸ਼ਨਲ ਹਾਈਵੇ ਨੰਬਰ 1 'ਤੇ ਤੇਜ਼ ਤੂਫਾਨ ਦੇ ਕਾਰਨ ਬਿਜਲੀ ਦਾ ਹਾਈ ਪਾਵਰ ਪੋਲ ਟੁੱਟ ਗਿਆ। ਇਸੇ ਸਬੰਧ ਵਿਚ ਇਸ ਇਲਾਕੇ ਵਿਚ ਸਥਿਤ ਇਕ ਹੋਰ ਕੰਪਲੈਕਸ ਦੀ ਦੀਵਾਰ ਡਿੱਗ ਗਈ ਅਤੇ ਉਦਯੋਗਿਕ ਇਕਾਈਆਂ ਦੀਆਂ ਟੀਨ ਦੀਆਂ ਚਾਦਰਾਂ ਹਵਾ ਵਿਚ  ਉਡ ਕੇ ਨੈਸ਼ਨਲ ਹਾਈਵੇ ਨੰਬਰ 1 'ਤੇ ਆ ਡਿੱਗੀਆਂ, ਜਿਸ ਕਾਰਨ ਨੈਸ਼ਨਲ ਹਾਈਵੇ 'ਤੇ ਟ੍ਰੈਫਿਕ ਕਾਫੀ ਸਮੇਂ ਤਕ ਜਾਮ ਰਿਹਾ ਤੇ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਤੂਫਾਨ ਦੇ ਕਾਰਨ ਦਸਮੇਸ਼ ਨਗਰ ਸਮੇਤ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਲਗਾਤਾਰ ਬੰਦ ਰਹੀ। 
PunjabKesari
ਲੋਕਾਂ ਦੇ ਘਰਾਂ 'ਚ ਵੜਿਆ ਪਾਣੀ, ਨਗਰ ਨਿਗਮ ਦੇ ਦਾਅਵਿਆਂ ਦੀ ਖੁੱਲ੍ਹੀ ਪੋਲ
ਨਗਰ ਨਿਗਮ ਫਗਵਾੜਾ ਦੀ ਘਟੀਆ ਕਾਰਜਸ਼ੈਲੀ ਦੇ ਕਾਰਨ ਸ਼ਹਿਰੀ ਜ਼ੋਨ ਵਿਚ ਸੀਵਰੇਜ ਜਾਮ ਹੋਣ ਕਾਰਨ ਥਾਂ-ਥਾਂ ਪਾਣੀ ਖੜ੍ਹਾ ਰਿਹਾ। ਇਹ ਗੰਦਾ ਪਾਣੀ ਲੋਕਾਂ ਦੇ ਘਰਾਂ, ਫੈਕਟਰੀਆਂ ਅਤੇ ਦੁਕਾਨਾਂ 'ਚ ਵੜ ਗਿਆ, ਜਿਸ ਕਾਰਨ ਫਗਵਾੜਾ ਵਾਸੀਆਂ ਦੀਆਂ ਪ੍ਰੇਸ਼ਾਨੀਆਂ ਕਈ ਗੁਣਾਂ ਹੋਰ ਵਧ ਗਈਆਂ। ਜਿਸ ਕਾਰਨ ਲੋਕਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੋ ਨਗਰ ਨਿਗਮ ਦੇ ਪ੍ਰਸ਼ਾਸਨ ਨੂੰ ਕੋਸਦੇ ਨਜ਼ਰ ਆਏ। ਬਾਰਿਸ਼ ਕਾਰਨ ਦਸਮੇਸ਼ ਨਗਰ, ਅਰਬਨ ਅਸਟੇਟ, ਮੇਹਲੀ ਗੇਟ, ਬਾਂਸਾਂ ਵਾਲਾ ਬਾਜ਼ਾਰ, ਸੁਭਾਸ਼ ਨਗਰ, ਖਲਵਾੜਾ ਗੇਟ, ਭਗਤਪੁਰਾ, ਸ਼ਿਵਪੁਰੀ, ਟਿੱਬੀ, ਮੁੱਖ ਬੱਸ ਸਟੈਂਡ, ਬੰਗਾ ਰੋਡ,  ਗਊਸ਼ਾਲਾ ਬਾਜ਼ਾਰ ਆਦਿ ਕਈ ਇਲਾਕਿਆਂ ਵਿਚ ਸਾਰੇ ਪਾਸੇ ਪਾਣੀ ਹੀ ਪਾਣੀ ਖੜ੍ਹਾ ਹੋ ਗਿਆ। ਉਥੇ ਹੀ ਸ਼ਹਿਰ ਦੇ ਕਈ ਪਾਰਕ ਅਤੇ ਨੀਵੇਂ ਇਲਾਕੇ ਟਾਪੂਆਂ ਵਿਚ ਤਬਦੀਲ ਹੁੰਦੇ ਨਜ਼ਰ ਆਏ। 
PunjabKesari
ਸੜਕ ਦੇ ਵਿਕਾਸ ਲਈ ਪੁੱਟੀ ਜ਼ਮੀਨ ਟੋਇਆਂ 'ਚ ਤਬਦੀਲ
ਫਗਵਾੜਾ ਵਾਸੀਆਂ ਨੇ ਕਿਹਾ ਕਿ ਹਾਈਵੇ ਦਾ ਵਿਕਾਸ ਕਰ ਰਹੀ ਕੰਪਨੀ ਦੇ ਲਗਭਗ ਠੱਪ ਪਏ ਕਾਰਜਾਂ ਦੇ ਕਾਰਨ ਸਥਾਨਕ ਗੋਲ ਚੌਕ ਸਮੇਤ ਫਗਵਾੜਾ-ਜਲੰਧਰ ਅਤੇ ਫਗਵਾੜਾ-ਲੁਧਿਆਣਾ ਮਾਰਗਾਂ 'ਤੇ ਵਾਹਨ ਲੈ ਕੇ ਲੰਘਣ ਵਾਲਿਆਂ ਨੂੰ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਸੜਕ ਦੇ ਵਿਕਾਸ ਲਈ ਕਈ ਥਾਵਾਂ ਤੋਂ ਚੱਪੇ-ਚੱਪੇ 'ਤੇ ਪੁੱਟੀ ਗਈ ਜ਼ਮੀਨ ਜੋ ਡੂੰਘੇ ਟੋਇਆਂ ਦਾ ਰੂਪ ਧਾਰਨ ਕਰ ਚੁੱਕੀ ਸੀ। ਬਾਰਿਸ਼ ਹੋਣ ਦੇ ਬਾਅਦ ਛੱਪੜ ਦਾ ਰੂਪ ਧਾਰ ਲਿਆ। ਲੋਕਾਂ ਨੇ ਕਿਹਾ ਕਿ ਉਨ੍ਹਾਂ ਦਾ ਜੀਵਨ ਨਰਕ ਤੋਂ ਵੀ ਬਦਤਰ ਹੋ ਚੁੱਕਾ ਹੈ। ਉਨ੍ਹਾਂ ਦੀ  ਕਿਤੇ ਕੋਈ ਸੁਣਵਾਈ ਨਹੀਂ ਹੋ ਰਹੀ। 
ਗੁੱਸੇ 'ਚ ਆਏ ਲੋਕ ਮੇਅਰ, ਰਾਜਨੇਤਾਵਾਂ ਤੇ ਨਿਗਮ ਦੇ ਸਰਕਾਰੀ ਅਮਲੇ 'ਤੇ ਜੰਮ ਕੇ ਵਰ੍ਹੇ
ਸ਼ਹਿਰ ਵਿਚ ਬਣੇ ਹਾਲਾਤ ਨੂੰ ਵੇਖਦੇ ਹੋਏ ਗੁੱਸੇ ਵਿਚ ਆਏ ਸੈਂਕੜੇ ਲੋਕ ਮੇਅਰ ਖੋਸਲਾ, ਸੱਤਾ ਦਾ ਸੁੱਖ ਭੋਗ ਰਹੇ ਰਾਜਨੇਤਾਵਾਂ ਅਤੇ ਨਿਗਮ ਦੇ ਸਰਕਾਰੀ ਅਮਲੇ 'ਤੇ ਜਮ ਕੇ ਵਰ੍ਹੇ। ਇਸ ਦੌਰਾਨ ਲੋਕਾਂ ਦਾ ਕਹਿਣਾ ਹੈ ਕਿ ਉਹ ਹੈਰਾਨ ਹਨ ਕਿ ਨਗਰ ਨਿਗਮ ਦੇ ਦਾਇਰੇ ਵਿਚ ਆਉਂਦੇ ਫਗਵਾੜੇ ਦੇ ਲਗਭਗ ਸਾਰੇ ਵਾਰਡਾਂ ਅਤੇ ਇਲਾਕਿਆਂ ਦਾ ਬੁਰਾ ਹਾਲ ਹੈ ਅਤੇ ਮੇਅਰ ਖੋਸਲਾ ਮੀਡੀਆ ਵਿਚ ਦਾਅਵੇ 'ਤੇ ਦਾਅਵੇ ਕਰ ਕੇ ਇਹ ਦੱਸਦੇ ਨਹੀਂ ਥੱਕਦੇ ਕਿ ਉਨ੍ਹਾਂ ਨੇ ਜਨਤਾ ਨੂੰ ਭਾਰੀ ਰਾਹਤ ਦੇ ਕੇ ਬਣੀ ਹੋਈ ਸਮੱਸਿਆ ਤੋਂ ਨਿਜ਼ਾਤ ਦਿਵਾ ਦਿੱਤੀ ਹੈ, ਜਦਕਿ ਹਾਲਾਤ ਇਸ ਤੋਂ ਉਲਟ ਹਨ। ਜਿਸ ਦਾ ਨਤੀਜਾ ਅੱਜ ਮਾਨਸੂਨ ਦੀ ਹੋਈ ਦੂਸਰੀ ਬਾਰਿਸ਼ ਨੇ ਦੇ ਦਿੱਤਾ ਹੈ।ਲੋਕਾਂ ਨੇ ਸਵਾਲ ਕਰ ਕੇ ਪੁੱਛਿਆ ਕਿ ਹੁਣ ਨਿਤ ਦਿਨ ਸ਼ਹਿਰੀ ਇਲਾਕਿਆਂ ਦੀ ਸਫਾਈ ਕਰਵਾਉਣ ਦੇ ਦਾਅਵੇ ਕਰ ਰਹੇ ਮੇਅਰ ਅਤੇ ਉਨ੍ਹਾਂ ਦੀ ਸਰਕਾਰੀ ਟੀਮ ਨੂੰ ਕੀ ਇਹ ਨਹੀਂ ਪਤਾ ਸੀ ਕਿ ਗਰਮੀ ਦੇ ਮੌਸਮ ਦੇ ਬਾਅਦ ਮਾਨਸੂਨ ਆਉਂਦਾ ਹੈ। ਜੇਕਰ ਮੇਅਰ ਅਤੇ ਹੋਰ ਸਰਕਾਰੀ ਅਧਿਕਾਰੀ ਜਨਤਾ ਦੇ ਹਿੱਤਾਂ ਨੂੰ ਲੈ ਕੇ ਇੰਨੇ ਚਿੰਤਤ ਸਨ ਤਾਂ ਸਮਾਂ ਰਹਿੰਦੇ ਗਰਮੀ ਦੇ ਮੌਸਮ ਵਿਚ ਹੀ ਸੀਵਰੇਜ ਅਤੇ ਨਾਲੀਆਂ ਦੀ ਸਾਫ ਸਫਾਈ ਕਿਉਂ ਨਹੀਂ ਕਰਵਾਈ ਗਈ?
ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਤੇ ਨਗਰ ਨਿਗਮ ਫਗਵਾੜਾ ਤੋਂ ਹੁਣ ਉਨ੍ਹਾਂ ਨੂੰ ਕੋਈ ਜ਼ਿਆਦਾ ਉਮੀਦ ਦਿਖਾਈ ਨਹੀਂ ਦੇ ਰਹੀ ਹੈ। ਲੋਕਾਂ ਨੇ ਜਿਥੇ ਸਾਬਕਾ ਬਾਦਲ ਸਰਕਾਰ ਨੂੰ ਜਮ ਕੇ ਕੋਸਿਆ ਅਤੇ ਉਥੇ ਹੀ ਕੈਪਟਨ ਸਰਕਾਰ ਨੂੰ ਆੜੇ ਹੱਥੀਂ ਲੈਦਿਆਂ ਸਵਾਲ ਕੀਤੇ ਕਿ ਫਗਵਾੜਾ ਦੀ ਸੁੱਧ ਸਰਕਾਰ ਕਿਉਂ ਨਹੀਂ ਲੈ ਰਹੀ? ਜਦ ਕਿ ਉਹ ਘਟਨਾਕ੍ਰਮ ਕਈ ਸਾਲਾਂ ਤੋਂ ਲਗਾਤਾਰ ਜਾਰੀ ਹੈ। 
ਅੰਡਰਪਾਸਾਂ ਨੇ ਧਾਰਿਆ ਛੱਪੜ ਦਾ ਰੂਪ 
ਬਾਰਿਸ਼ ਦੇ ਕਾਰਨ ਨੈਸ਼ਨਲ ਹਾਈਵੇ ਨੰਬਰ 1 'ਤੇ ਬਣੇ ਕਈ ਅੰਡਰਪਾਸਾਂ ਨੇ ਕੁਝ ਹੀ ਮਿੰਟਾਂ 'ਚ  ਛੱਪੜਾਂ ਦਾ ਰੂਪ ਧਾਰ ਲਿਆ। ਜਿਸ ਕਾਰਨ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਤਾਂ ਪਾਣੀ ਵਿਚ ਹੀ ਫਸ ਗਏ। ਕੁਝ ਥਾਵਾਂ 'ਤੇ ਪਾਣੀ ਵਿਚ ਫਸੇ ਲੋਕ ਡਿੱਗ ਕੇ ਜ਼ਖ਼ਮੀ ਵੀ ਹੋ ਗਏ। ਕਈ ਪਾਸੇ ਤਾਂ ਟ੍ਰੈਫਿਕ ਜਾਮ ਦਿਖਾਈ ਦਿੱਤਾ ਗਿਆ। 


Related News